American air attack: ਅਮਰੀਕਾ ਵੱਲੋਂ ਯਮਨ ਦੀ ਤੇਲ ਬੰਦਰਗਾਹ ’ਤੇ ਹਵਾਈ ਹਮਲਾ; 74 ਹਲਾਕ
ਦੁਬਈ, 18 ਅਪਰੈਲ
ਯਮਨ ਵਿਚ ਹੂਤੀ ਬਾਗ਼ੀਆਂ ਦੇ ਕਬਜ਼ੇ ਵਾਲੀ ਰਾਸ ਈਸਾ ਤੇਲ ਬੰਦਰਗਾਹ ’ਤੇ ਅਮਰੀਕਾ ਵੱਲੋਂ ਕੀਤੇ ਗਏ ਹਵਾਈ ਹਮਲਿਆਂ ਵਿਚ 74 ਵਿਅਕਤੀਆਂ ਦੀ ਮੌਤ ਹੋ ਗਈ, ਜਦਕਿ 171 ਹੋਰ ਜ਼ਖ਼ਮੀ ਹੋ ਗਏ। ਹੂਤੀ ਬਾਗ਼ੀਆਂ ਨੇ ਅੱਜ ਇਹ ਦਾਅਵਾ ਕੀਤਾ ਹੈ। ਇਹ ਹਮਲਾ 15 ਮਾਰਚ ਤੋਂ ਜਾਰੀ ਅਮਰੀਕੀ ਹਵਾਈ ਹਮਲਿਆਂ ਦੀ ਲੜੀ ’ਚੋਂ ਸਭ ਤੋਂ ਘਾਤਕ ਹਮਲਿਆਂ ’ਚੋਂ ਇੱਕ ਸੀ।
ਅਮਰੀਕੀ ਫ਼ੌਜ ਦੀ ‘ਸੈਂਟਰਲ ਕਮਾਂਡ’ ਨੇ ਵੀ ਇਨ੍ਹਾਂ ਹਮਲਿਆਂ ਦੀ ਪੁਸ਼ਟੀ ਕੀਤੀ ਹੈ ਪਰ ਨੁਕਸਾਨ ਬਾਰੇ ਪੁੱਛੇ ਜਾਣ ’ਤੇ ਉਸ ਨੇ ਇਸ ਬਾਰੇ ਟਿੱਪਣੀ ਕਰਨ ਤੋਂ ਇਨਕਾਰ ਕਰ ਦਿੱਤਾ। ਇਜ਼ਰਾਇਲੀ ਫ਼ੌਜ ਨੇ ਦੱਸਿਆ ਕਿ ਸ਼ੁੱਕਰਵਾਰ ਨੂੰ ਹੂਤੀ ਬਾਗ਼ੀਆਂ ਨੇ ਇਜ਼ਰਾਈਲ ਵੱਲ ਇੱਕ ਹੋਰ ਮਿਜ਼ਾਈਲ ਦਾਗੀ, ਜਿਸ ਨੂੰ ਇਜ਼ਰਾਇਲੀ ਫ਼ੌਜ ਨੇ ਵਿਚਾਲੇ ਹੀ ਰੋਕ ਦਿੱਤਾ।
ਫ਼ੌਜ ਨੇ ਦੱਸਿਆ ਕਿ ਮਿਜ਼ਾਈਲ ਹਮਲੇ ਕਾਰਨ ਤਲ ਅਵੀਵ ਅਤੇ ਨੇੜਲੇ ਇਲਾਕਿਆਂ ਵਿੱਚ ਸਾਇਰਨ ਵੱਜਣ ਲੱਗੇ। ਇਸ ਵਿਚਾਲੇ ਅਮਰੀਕਾ ਨੇ ਦੋਸ਼ ਲਾਇਆ ਕਿ ਚੀਨੀ ਉਪਗ੍ਰਹਿ ਕੰਪਨੀ ਹੂਤੀ ਹਮਲਿਆਂ ਦਾ ‘ਸਿੱਧਾ ਸਮਰਥਨ’ ਕਰ ਰਹੀ ਸੀ। ਪੇਈਚਿੰਗ ਨੇ ਇਹ ਦੋਸ਼ ਨਕਾਰ ਦਿੱਤੇ ਹਨ। ਹੂਤੀ ਬਾਗ਼ੀਆਂ ਦੇ ਨਿਊਜ਼ ਚੈਨਲ ਨੇ ਹਮਲੇ ਤੋਂ ਬਾਅਦ ਦੇ ਹਾਲਾਤ ਦਾ ਗ੍ਰਾਫਿਕ ਫੁਟੇਜ ਪ੍ਰਸਾਰਿਤ ਕੀਤਾ, ਜਿਸ ਵਿਚ ਹਮਲੇ ਵਾਲੀ ਥਾਂ ’ਤੇ ਲਾਸ਼ਾਂ ਨਜ਼ਰ ਆ ਰਹੀਆਂ ਹਨ। ਅਮਰੀਕੀ ਫ਼ੌਜ ਦੀ ‘ਸੈਂਟਰਲ ਕਮਾਂਡ’ ਨੇ ਬਿਆਨ ਵਿਚ ਕਿਹਾ ਕਿ ਇਸ ਹਮਲੇ ਦਾ ਮਕਸਦ ਯਮਨ ਵਿਚ ਲੋਕਾਂ ਨੂੰ ਨੁਕਸਾਨ ਪਹੁੰਚਾਉਣਾ ਨਹੀਂ ਸੀ। -ਏਪੀ