Stocks ਸ਼ੇਅਰ ਬਾਜ਼ਾਰ ਸ਼ੁਰੂਆਤੀ ਕਾਰੋਬਾਰ ’ਚ ਡਿੱਗਿਆ
ਮੁੰਬਈ, 13 ਮਈ
ਇਕੁਇਟੀ ਬੈਂਚਮਾਰਕ ਸੂਚਕ ਅੰਕ ਸੈਂਸੈਕਸ ਅਤੇ ਨਿਫਟੀ ਇਕ ਦਿਨ ਪਹਿਲਾਂ ਵੱਡੀ ਪੁਲਾਂਘ ਪੁੱਟਣ ਮਗਰੋਂ ਮੰਗਲਵਾਰ ਨੂੰ ਸ਼ੁਰੂਆਤੀ ਕਾਰੋਬਾਰ ਵਿੱਚ ਡਿੱਗ ਗਏ। ਬੰਬੇ ਸਟਾਕ ਐਕਸਚੇਂਜ (BSE) ਦਾ 30-ਸ਼ੇਅਰਾਂ ਵਾਲਾ ਬੈਂਚਮਾਰਕ ਗੇਜ ਸੈਂਸੈਕਸ ਸ਼ੁਰੂਆਤੀ ਕਾਰੋਬਾਰ ਵਿੱਚ 497.5 ਅੰਕ ਡਿੱਗ ਕੇ 81,932.40 ’ਤੇ ਆ ਗਿਆ। ਨੈਸ਼ਨਲ ਸਟਾਕ ਐਕਸਚੇਂਜ (NSE) ਦਾ ਨਿਫਟੀ 117.2 ਅੰਕ ਡਿੱਗ ਕੇ 24,807.50 ’ਤੇ ਪਹੁੰਚ ਗਿਆ। ਹਾਲਾਂਕਿ ਬਾਅਦ ਵਿੱਚ BSE ਬੈਂਚਮਾਰਕ ਸੂਚਕ ਅੰਕ 788.62 ਅੰਕ ਡਿੱਗ ਕੇ 81,641.28 ’ਤੇ ਆ ਗਿਆ, ਅਤੇ ਨਿਫਟੀ 209.90 ਅੰਕਾਂ ਦੀ ਕਟੌਤੀ ਨਾਲ 24,714.80 ’ਤੇ ਪਹੁੰਚ ਗਿਆ।
ਸੈਂਸੈਕਸ ਫਰਮਾਂ ਵਿੱਚੋਂ ਇਨਫੋਸਿਸ, ਈਟਰਨਲ, ਪਾਵਰ ਗਰਿੱਡ, ਕੋਟਕ ਮਹਿੰਦਰਾ ਬੈਂਕ, ICICI ਬੈਂਕ, HCL ਟੈਕ, ਟਾਟਾ ਕੰਸਲਟੈਂਸੀ ਸਰਵਿਸਿਜ਼ ਅਤੇ ਨੈਸਲੇ ਦੇ ਸ਼ੇਅਰਾਂ ਵਿਚ ਨਿਘਾਰ ਦੇਖਣ ਨੂੰ ਮਿਲਿਆ। ਸਨ ਫਾਰਮਾ, ਇੰਡਸਇੰਡ ਬੈਂਕ, ਬਜਾਜ ਫਾਇਨਾਂਸ ਅਤੇ ਟਾਟਾ ਸਟੀਲ ਦੇ ਸ਼ੇਅਰ ਮੁਨਾਫ਼ੇ ਵਿਚ ਰਹੇ। ਏਸ਼ਿਆਈ ਬਾਜ਼ਾਰਾਂ ਵਿੱਚ, ਦੱਖਣੀ ਕੋਰੀਆ ਦਾ ਕੋਸਪੀ, ਜਾਪਾਨ ਦਾ ਨਿੱਕੇਈ 225 ਇੰਡੈਕਸ ਅਤੇ ਸ਼ੰਘਾਈ ਦਾ ਐਸਐਸਈ ਕੰਪੋਜ਼ਿਟ ਇੰਡੈਕਸ ਸਕਾਰਾਤਮਕ ਰਹੇ ਸਨ ਜਦੋਂ ਕਿ ਹਾਂਗ ਕਾਂਗ ਦਾ ਹੈਂਗ ਸੇਂਗ ਹੇਠਾਂ ਵੱਲ ਨੂੰ ਗਿਆ।
ਸੋਮਵਾਰ ਨੂੰ ਅਮਰੀਕੀ ਬਾਜ਼ਾਰ ਕਾਫ਼ੀ ਉੱਚੇ ਪੱਧਰ 'ਤੇ ਬੰਦ ਹੋਏ। ਨੈਸਡੈਕ ਕੰਪੋਜ਼ਿਟ 4.35 ਫੀਸਦ, ਐਸਐਂਡਪੀ 500 3.26 ਫੀਸਦ ਅਤੇ ਡਾਓ ਜੋਨਸ ਇੰਡਸਟਰੀਅਲ ਔਸਤ 2.81 ਫੀਸਦ ਚੜ੍ਹਿਆ। ਸੋਮਵਾਰ ਨੂੰ 30 ਸ਼ੇਅਰਾਂ ਵਾਲਾ ਬੀਐੱਸਈ ਸੈਂਸੈਕਸ 2,975.43 ਅੰਕ ਜਾਂ 3.74 ਫੀਸਦ ਵਧ ਕੇ ਸੱਤ ਮਹੀਨਿਆਂ ਦੇ ਸਿਖਰਲੇ ਪੱਧਰ 82,429.90 ’ਤੇ ਬੰਦ ਹੋਇਆ। ਐਨਐਸਈ ਦਾ 50 ਅੰਕਾਂ ਵਾਲਾ ਨਿਫਟੀ 916.70 ਅੰਕ ਜਾਂ 3.82 ਪ੍ਰਤੀਸ਼ਤ ਵਧ ਕੇ 24,924.70 ’ਤੇ ਬੰਦ ਹੋਇਆ ਸੀ। -ਪੀਟੀਆਈ