Stock Market ਮੂਧੇ ਮੂੰਹ ਡਿੱਗਣ ਤੋਂ ਇਕ ਦਿਨ ਮਗਰੋਂ ਸ਼ੁਰੂਆਤੀ ਕਾਰੋਬਾਰ ’ਚ ਚੜ੍ਹਿਆ ਸ਼ੇਅਰ ਬਾਜ਼ਾਰ
ਮੁੰਬਈ, 8 ਅਪਰੈਲ
ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਵੱਲੋਂ ਲਾਏ ਗਏ ਜਵਾਬੀ ਟੈਕਸਾਂ ਕਰਕੇ ਵਪਾਰਕ ਜੰਗ ਵਧਣ ਦੇ ਖਦਸ਼ਿਆਂ ਦਰਮਿਆਨ ਸ਼ੇਅਰ ਬਾਜ਼ਾਰ ਮੂਧੇ ਮੂੰਹ ਡਿੱਗਣ ਤੋਂ ਇਕ ਦਿਨ ਮਗਰੋਂ ਬੰਬੇ ਸਟਾਕ ਐਕਸਚੇਂਜ (BSE) ਦਾ ਸੂਚਕ ਅੰਕ Sensex ਸ਼ੁਰੂਆਤੀ ਕਾਰੋਬਾਰ ਵਿਚ 1283.75 ਅੰਕਾਂ ਦੇ ਉਛਾਲ ਨਾਲ 74,421.65 ਨੂੰ ਪਹੁੰਚ ਗਿਆ ਹੈ।
ਉਧਰ ਐੱਨਐੱਸਈ (NSE) ਦਾ ਨਿਫਟੀ ਵੀ 415.95 ਅੰਕਾਂ ਦੀ ਸ਼ੂਟ ਵਟ ਕੇ 22,577.55 ਦੇ ਪੱਧਰ ’ਤੇ ਹੈ। ਉਧਰ ਭਾਰਤੀ ਰੁਪੱਈਆ ਵੀ ਸ਼ੁਰੂਆਤੀ ਕਾਰੋਬਾਰ ਵਿਚ ਅਮਰੀਕੀ ਡਾਲਰ 7 ਪੈਸੇ ਦੇ ਨੁਕਸਾਨ ਨਾਲ 85.83 ਨੂੰ ਪਹੁੰਚ ਗਿਆ।
ਇਸ ਤੋਂ ਇੱਕ ਦਿਨ ਪਹਿਲਾਂ ਸੋਮਵਾਰ ਨੂੰ, ਅਮਰੀਕਾ ਵੱਲੋਂ ਸੰਭਾਵਿਤ ਜਵਾਬੀ ਟੈਰਿਫ ਅਤੇ ਵਿਸ਼ਵ ਪੱਧਰ ’ਤੇ ਵਧ ਰਹੇ ਆਰਥਿਕ ਤਣਾਅ ਕਾਰਨ ਨਿਵੇਸ਼ਕਾਂ ਵਿੱਚ ਵੱਡੀ ਘਬਰਾਹਟ ਸੀ। ਇਸ ਕਾਰਨ ਸੈਂਸੈਕਸ 2,226.79 ਅੰਕਾਂ ਦੀ ਭਾਰੀ ਗਿਰਾਵਟ ਨਾਲ ਬੰਦ ਹੋਇਆ, ਜਦੋਂ ਕਿ ਨਿਫਟੀ 743 ਅੰਕਾਂ ਦੀ ਗਿਰਾਵਟ ਨਾਲ ਬੰਦ ਹੋਇਆ। ਇਹ ਪਿਛਲੇ ਦਸ ਮਹੀਨਿਆਂ ਵਿੱਚ ਸਟਾਕ ਮਾਰਕੀਟ ਵਿੱਚ ਸਭ ਤੋਂ ਵੱਡਾ ਨਿਘਾਰ ਸੀ, ਜਿਸ ਨਾਲ ਨਿਵੇਸ਼ਕਾਂ ਨੂੰ ਭਾਰੀ ਨੁਕਸਾਨ ਹੋਇਆ।
ਮੰਗਲਵਾਰ ਨੂੰ ਬਾਜ਼ਾਰ ਵਿੱਚ ਆਈ ਇਸ ਮਜ਼ਬੂਤੀ ਨੇ ਨਿਵੇਸ਼ਕਾਂ ਨੂੰ ਵੱਡੀ ਰਾਹਤ ਦਿੱਤੀ ਹੈ। ਬਾਜ਼ਾਰ ਮਾਹਿਰਾਂ ਅਨੁਸਾਰ, ਅਮਰੀਕੀ ਬਾਜ਼ਾਰਾਂ ਵਿੱਚ ਸਥਿਰਤਾ, ਏਸ਼ਿਆਈ ਸਟਾਕ ਬਾਜ਼ਾਰਾਂ ਵਿੱਚ ਸਕਾਰਾਤਮਕ ਸੰਕੇਤਾਂ ਅਤੇ ਕੁਝ ਸੰਸਥਾਗਤ ਨਿਵੇਸ਼ਕਾਂ ਦੁਆਰਾ ਖਰੀਦਦਾਰੀ ਕਾਰਨ ਬਾਜ਼ਾਰ ਵਿੱਚ ਇਹ ਤੇਜ਼ੀ ਦੇਖੀ ਗਈ ਹੈ। -ਪੀਟੀਆਈ