ਮੋਦੀ ਦੀ ਅਗਵਾਈ ਹੇਠ ਮੁਲਕ ਕਰ ਰਿਹੈ ਤਰੱਕੀ: ਮਾਂਡਵੀਆ
ਪਵਨ ਕੁਮਾਰ ਵਰਮਾ
ਧੂਰੀ, 10 ਜੂਨ
ਇੱਥੋਂ ਦੇ ਇੱਕ ਹੋਟਲ ਵਿੱਚ ਵਪਾਰੀਆਂ ਨਾਲ ਮੀਟਿੰਗ ਕਰਦਿਆਂ ਕੇਂਦਰੀ ਸਿਹਤ ਅਤੇ ਪਰਿਵਾਰ ਭਲਾਈ ਮੰਤਰੀ ਮਨਸੁੱਖ ਮਾਂਡਵੀਆ ਨੇ ਕਿਹਾ ਕਿ ਪ੍ਰਧਾਨ ਨਰਿੰਦਰ ਮੋਦੀ ਦੀ ਅਗਵਾਈ ਹੇਠ ਮੁਲਕ ਦਿਨੋਂ-ਦਿਨ ਤਰੱਕੀ ਕਰ ਰਿਹਾ ਹੈ। ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਗਵਾਈ ਹੇਠ ਨੌਂ ਸਾਲਾਂ ਵਿੱਚ ਮੁਲਕ ਦੇ ਹੋਰ ਦੇਸ਼ਾਂ ਨਾਲ ਵਪਾਰਿਕ ਸਬੰਧ ਹੋਰ ਮਜ਼ਬੂਤ ਹੋਏ ਹਨ, ਜਿਸ ਨਾਲ ਦੇਸ਼ ਦੀ ਜੀਡੀਪੀ ਵਿੱਚ ਵਾਧਾ ਹੋਇਆ ਹੈ।
ਉਨ੍ਹਾਂ ਮੋਦੀ ਸਰਕਾਰ ਵੱਲੋਂ ਵਪਾਰੀ ਵਰਗ ਲਈ ਲਏ ਗਏ ਫ਼ੈਸਲਿਆਂ ਤੋਂ ਜਾਣੂ ਕਰਵਾਇਆ। ਕੇਂਦਰੀ ਮੰਤਰੀ ਨੇ ਵਪਾਰੀਆਂ ਨੂੰ ਅਪੀਲ ਕੀਤੀ ਕਿ ਪੰਜਾਬ ਵਿੱਚ ਵਪਾਰ ਨੂੰ ਹੋਰ ਮਜ਼ਬੂਤ ਕਰਨ ਲਈ ਭਾਜਪਾ ਨੂੰ ਮਜ਼ਬੂਤ ਕਰਨਾ ਪਵੇਗਾ। ਇਸ ਮੌਕੇ ਭਾਜਪਾ ਦੇ ਸੀਨੀਅਰ ਮੀਤ ਪ੍ਰਧਾਨ ਅਰਵਿੰਦ ਖੰਨਾ, ਕੇਵਲ ਸਿੰਘ ਢਿੱਲੋਂ, ਡਾ. ਮਹਿੰਦਰ ਸਿੰਘ, ਡਾ. ਏਆਰ ਸ਼ਰਮਾ, ਭਾਜਪਾ ਦੇ ਧੂਰੀ ਹਲਕਾ ਇੰਚਾਰਜ ਅਤੇ ਜ਼ਿਲ੍ਹਾ ਪ੍ਰਧਾਨ ਰਣਦੀਪ ਸਿੰਘ ਦਿਓਲ, ਭਾਜਪਾ ਆਗੂ ਦਮਨ ਥਿੰਦ ਬਾਜਵਾ, ਜਤਿੰਦਰ ਕਾਲੜਾ, ਮਨਿੰਦਰ ਸਿੰਘ ਕਪਿਆਲ, ਬਿਕਰਮਜੀਤ ਸਿੰਘ, ਗੁਰਮੀਤ ਸਿੰਘ ਹੰਡਿਆਇਆ, ਜਗਦੇਵ ਜਿੰਦਲ ਜੱਗਾ, ਕ੍ਰਿਸ਼ਨ ਕੁਮਾਰ ਨੀਲੂ ਮਿੱਤਲ, ਅਰੁਣ ਆਰੀਆ ਅਤੇ ਪ੍ਰਦੀਪ ਗਰਗ ਹਾਜ਼ਰ ਸਨ।
ਬਾਬਾ ਹੀਰਾ ਸਿੰਘ ਭੱਠਲ ਕਾਲਜ ਨੂੰ ਮੈਡੀਕਲ ਕਾਲਜ ਵਿੱਚ ਤਬਦੀਲ ਕਰਨ ਦੀ ਮੰਗ
ਲਹਿਰਾਗਾਗਾ (ਪੱਤਰ ਪ੍ਰੇਰਕ): ਇੱਥੋਂ ਦੀ ਲਹਿਰਾ ਸੋਸ਼ਲ ਵੈੱਲਫੇਅਰ ਸੁਸਾਇਟੀ ਦਾ ਇੱਕ ਵਫ਼ਦ ਧੂਰੀ ਦੇ ਇੱਕ ਵਪਾਰੀ ਸੰਮੇਲਨ ਵਿੱਚ ਉਚੇਚੇ ਤੌਰ ‘ਤੇ ਪਹੁੰਚੇ ਕੇਂਦਰੀ ਸਿਹਤ ਮੰਤਰੀ ਮਨਸੁਖ ਮਾਂਡਵੀਆ ਨੂੰ ਮਿਲਿਆ। ਸੁਸਾਇਟੀ ਦੇ ਪ੍ਰਧਾਨ ਮਹੇਸ਼ ਕੁਮਾਰ ਅਤੇ ਭਾਜਪਾ ਆਗੂ ਕੇਵਲ ਕ੍ਰਿਸ਼ਨ ਦੀ ਅਗਵਾਈ ਹੇਠ ਕੇਂਦਰੀ ਮੰਤਰੀ ਨੂੰ ਸਰਕਾਰੀ ਹਸਪਤਾਲ ਲਹਿਰਾਗਾਗਾ ਵਿੱਚ ਡਾਕਟਰਾਂ ਤੇ ਐਮਰਜੈਂਸੀ ਸੇਵਾਵਾਂ ਦੀ ਘਾਟ ਤੋਂ ਜਾਣੂ ਕਰਵਾਇਆ। ਉਨ੍ਹਾਂ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਮਸਤੂਆਣਾ ਸਾਹਿਬ ਵਿੱਚ ਮੈਡੀਕਲ ਕਾਲਜ ਬਣਾਉਣ ਦੀ ਤਜਵੀਜ਼ ਹੈ ਪਰ ਤਕਨੀਕੀ ਅੜਚਣ ਕਾਰਨ ਇਹ ਮਾਮਲਾ ਅਦਾਲਤ ਵਿੱਚ ਲੰਬਿਤ ਹੈ। ਉਨ੍ਹਾਂ ਕਿਹਾ ਕਿ ਜੇਕਰ ਇਸ ਦੀ ਥਾਂ ਇਸ ਮੈਡੀਕਲ ਕਾਲਜ ਨੂੰ ਲਹਿਰਾਗਾਗਾ ਸਥਿਤ ਵਿਵਾਦਿਤ ਬਾਬਾ ਹੀਰਾ ਸਿੰਘ ਭੱਠਲ ਕਾਲਜ ਵਿੱਚ ਬਣਾਇਆ ਜਾਵੇ, ਜੋ ਕਿ ਕੁੱਲ 19 ਏਕੜ ਰਕਬੇ ਵਿੱਚ ਬਣਿਆ ਹੋਇਆ ਹੈ ਤੇ ਇਸ ਕਾਲਜ ਦੀ ਸ਼ਾਨਦਾਰ ਇਮਾਰਤ ਬਣੀ ਹੋਈ ਹੈ। ਇਸ ਮੌਕੇ ਖ਼ਜ਼ਾਨਚੀ ਕੁਲਭੂਸ਼ਨ, ਮਾਸਟਰ ਰਮੇਸ਼ ਕੁਮਾਰ ਅਤੇ ਰਾਜੇਸ਼ ਪੱਪੂ ਹਾਜ਼ਰ ਸਨ।