ਅਪਾਹਜਾਂ ਅਤੇ ਬਜ਼ੁਰਗਾਂ ਨੂੰ 28.04 ਲੱਖ ਦੇ 233 ਸਹਾਇਕ ਉਪਕਰਨ ਵੰਡੇ
ਮਾਲੇਰਕੋਟਲਾ, 9 ਮਈ
ਸਮਾਜਿਕ ਸੁਰੱਖਿਆ, ਇਸਤਰੀ ਅਤੇ ਬਾਲ ਵਿਕਾਸ ਵਿਭਾਗ, ਪੰਜਾਬ ਦੇ ਦਿਸ਼ਾ-ਨਿਰਦੇਸ਼ਾਂ ’ਤੇ ਦਿਵਿਆਂਗਜਨਾਂ ਨੂੰ ਨਕਲੀ ਅੰਗ ਅਤੇ ਸਹਾਇਕ ਉਪਕਰਨ ਵੰਡਣ ਲਈ ਸਥਾਨਕ ਕਾਲੀ ਮਾਤਾ ਮੰਦਿਰ ਵਿੱਚ ਰੈੱਡ ਕਰਾਸ ਜ਼ਿਲ੍ਹਾ ਵਿਕਲਾਂਗ ਪੁਨਰਵਾਸ ਕੇਂਦਰ, ਸੰਗਰੂਰ ਜ਼ਿਲ੍ਹਾ ਸਮਾਜਿਕ ਸੁਰੱਖਿਆ ਅਫ਼ਸਰ ਅਤੇ ਅਲਿਮਕੋ ਮੋਹਾਲੀ ਦੇ ਸਹਿਯੋਗ ਨਾਲ ਵਿਸ਼ੇਸ਼ ਕੈਂਪ ਲਗਾਇਆ ਗਿਆ। ਸਹਾਇਕ ਉਪਕਰਨ ਵੰਡ ਕੈਂਪ ਦੌਰਾਨ ਨੂੰ 28 ਲੱਖ 40 ਹਜ਼ਾਰ ਰੁਪਏ ਦੀ ਲਾਗਤ ਦੇ 146 ਦਿਵਿਆਂਗਜਨਾਂ ਅਤੇ ਬੁਜ਼ਰਗਾਂ ਨੂੰ 233 ਸਹਾਇਕ ਉਪਕਰਨ ਵੰਡੇ ਗਏ।
ਸਮਾਗਮ ਵਿੱਚ ਚੇਅਰਮੈਨ ਮਾਰਕੀਟ ਕਮੇਟੀ ਮਾਲੇਰਕੋਟਲਾ ਜਾਫ਼ਰ ਅਲੀ ਅਤੇ ਵਿਧਾਇਕ ਮਾਲੇਰਕੋਟਲਾ ਦੇ ਪੁੱਤਰ ਏਕੇਵਾਈ ਮੂਨਿਸ ਰਹਿਮਾਨ ਨੇ ਵਿਸ਼ੇਸ਼ ਤੌਰ ’ਤੇ ਸ਼ਿਰਕਤ ਕੀਤੀ। ਇਸ ਮੌਕੇ ਜ਼ਿਲ੍ਹਾ ਸਮਾਜਿਕ ਸੁਰੱਖਿਆ ਅਧਿਕਾਰੀ ਮਲੇਰਕੋਟਲਾ ਜਸਵੀਰ ਕੌਰ, ਡੀਡੀਆਰਸੀ ਮਿੰਟੂ ਬਾਂਸਲ, ਅਤੇ ਅਲਿਮਕੋ ਮੁਹਾਲੀ ਵੱਲੋਂ ਅਸ਼ੋਕ ਸਾਹੂ (ਪੀਐਂਡਓ ਅਫ਼ਸਰ) ਅਤੇ ਜੂਨੀਅਰ ਮੈਨੇਜਰ ਕਨਿਕਾ ਮਹਿਤਾ ਤੋਂ ਇਲਾਵਾ ਹੋਰ ਅਧਿਕਾਰੀ ਮੌਜੂਦ ਸਨ । ਚੇਅਰਮੈਨ ਮਾਰਕੀਟ ਕਮੇਟੀ ਮਾਲੇਰਕੋਟਲਾ ਜਾਫ਼ਰ ਅਲੀ ਨੇ ਇਸ ਮੌਕੇ 37 ਮੋਟਰਾਈਜ਼ਡ ਟ੍ਰਾਈਸਾਈਕਲ, ਇੱਕ ਸੀਪੀ ਚੇਅਰ, 40 ਵੈਸਾਖੀਆਂ, 58 ਕੰਨਾਂ ਦੀਆਂ ਮਸ਼ੀਨਾਂ, ਇੱਕ ਵਾਕਰ, ਦੋ ਐੱਲਐੱਸ ਬੈਲਟ, ਤਿੰਨ ਕੁਸ਼ਨ, 1 ਰੋਲੇਟਰ,13 ਟ੍ਰਾਈਸਾਈਕਲ, ਛੇ ਨੇਤਰਹੀਣ ਕਿੱਟ, 10 ਛੜੀਆਂ, 39 ਵ੍ਹੀਲਚੇਅਰ, 22 ਨਕਲੀ ਅੰਗ ਅਤੇ ਕੈਲਿਪਰ ਵੰਡੇ।