ਪਾਣੀ ਲਈ ਲੜਾਈ ’ਚ ਦੋ ਗੰਭੀਰ ਜ਼ਖ਼ਮੀ
ਪੱਤਰ ਪ੍ਰੇਰਕ
ਲਹਿਰਾਗਾਗਾ, 4 ਜੂਨ
ਪਿੰਡ ਅਲੀਸ਼ੇਰ ਵਿੱਚ ਗਲੀ ਵਿੱਚ ਪਾਣੀ ਨੂੰ ਲੈ ਕੇ ਹੋਈ ਲੜਾਈ ਵਿੱਚ ਦੋ ਵਿਅਕਤੀ ਗੰਭੀਰ ਜ਼ਖ਼ਮੀ ਹੋ ਗਏ। ਜ਼ਖ਼ਮੀ ਸ਼ਿਆਮ ਦਾਸ ਅਤੇ ਉਸ ਦੇ ਭਰਾ ਹਰਨਾਮ ਦਾਸ ਨੂੰ ਜ਼ਖ਼ਮੀ ਹਾਲਤ ਵਿੱਚ ਸੀਐੱਚਸੀ ਲਹਿਰਾਗਾਗਾ ਵਿੱਚ ਦਾਖਲ ਕਰਵਾਇਆ ਗਿਆ ਜਿੱਥੋਂ ਮੈਡੀਕਲ ਅਫ਼ਸਰ ਨੇ ਜ਼ਖ਼ਮੀਆਂ ਨੂੰ ਜ਼ਿਲ੍ਹਾ ਹਸਪਤਾਲ ਸੰਗਰੂਰ ਰੈਫ਼ਰ ਕਰ ਦਿੱਤਾ ਹੈ। ਲਹਿਰਾਗਾਗਾ ਪੁਲੀਸ ਕੋਲ ਪੀੜਤ ਸ਼ਿਆਮ ਦਾਸ ਵਾਸੀ ਅਲੀਸ਼ੇਰ ਥਾਣਾ ਲਹਿਰਾਗਾਗਾ ਨੇ ਸ਼ਿਕਾਇਤ ਦਰਜ ਕਰਵਾਈ ਹੈ, ਜਿਸ ’ਤੇ ਪੁਲੀਸ ਨੇ ਪਵਨ ਕੁਮਾਰ, ਸੋਨੀ, ਸੁਖਵਿੰਦਰ ਬਾਵਾ ਉਰਫ ਠੋਲੂ, ਦਵਿੰਦਰਪਾਲ ਉਰਫ ਪ੍ਰੀਤ ਵਾਸੀਆਨ ਅਲੀਸ਼ੇਰ, ਕੁਲਦੀਪ ਵਾਸੀ ਅਲੀਸ਼ੇਰ ਹਾਲ ਅਬਾਦ ਲਹਿਰਾਗਾਗਾ ਅਤੇ ਦੋ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ। ਜ਼ਖ਼ਮੀ ਸ਼ਿਆਮ ਦਾਸ ਨੇ ਦੱਸਿਆ ਕਿ ਉਹ ਅਤੇ ਉਸ ਦਾ ਭਰਾ ਹਰਨਾਮ ਦਾਸ ਰਾਤ ਦੇ 8 ਵਜੇ ਆਪਣੇ ਕੰਮਾਂ ਤੋਂ ਘਰ ਆ ਰਹੇ ਸਨ ਕਿ ਉਕਤ ਵਿਅਕਤੀ ਸ਼ਿਆਮ ਦਾਸ ਦੇ ਘਰ ਦੇ ਮੇਨ ਗੇਟ ’ਤੇ ਆ ਕੇ ਗਾਲੀ-ਗਲੋਚ ਕਰਨ ਲੱਗ ਪਏ। ਉਸ ਨੇ ਦੋਸ਼ ਲਾਇਆ ਕਿ ਇਸ ਦੌਰਾਨ ਪਵਨ ਕੁਮਾਰ ਨੇ ਆਪਣੇ ਹੱਥ ਵਿੱਚ ਫੜੀ ਰਾਡ ਦਾ ਵਾਰ ਸ਼ਿਆਮ ਦਾਸ ਦੇ ਸਿਰ ’ਤੇ ਕੀਤਾ ਜਿਸ ਕਾਰਨ ਸ਼ਿਆਮ ਦਾਸ ਦੀ ਸੱਜੀ ਬਾਂਹ ਬਾਹ ਟੁਟ ਗਈ। ਸ਼ਿਕਾਇਤਕਰਤਾ ਨੇ ਦੋਸ਼ ਲਾਇਆ ਕਿ ਸੋਨੀ ਨੇ ਕਿਰਪਾਨ ਦਾ ਵਾਰ ਉਸ ਦੇ ਭਰਾ ਹਰਨਾਮ ਦਾਸ ਦੇ ਸਿਰ ’ਤੇ ਕੀਤਾ। ਉਨ੍ਹਾਂ ਦੋਸ਼ ਲਾਇਆ ਕਿ ਕਥਿਤ ਦੋਸ਼ੀਆਂ ਨੇ ਮਾਰ ਦੇਣ ਦੀ ਨੀਅਤ ਨਾਲ ਉਨ੍ਹਾਂ ਦੀ ਕੁੱਟਮਾਰ ਕੀਤੀ ਅਤੇ ਜਾਨੋਂ ਮਾਰਨ ਦੀਆ ਧਮਕੀਆਂ ਦਿੱਤੀਆਂ। ਇੰਸਪੈਕਟਰ ਰਣਵੀਰ ਸਿੰਘ ਨੇ ਦੱਸਿਆ ਕਿ ਚੋਟੀਆਂ ਪੁਲੀਸ ਚੌਕੀ ਮਸਲੇ ਦੀ ਜਾਂਚ ਕਰ ਰਹੀ ਹੈ।