ਜਨਤਕ ਪਖਾਨਿਆਂ ’ਚੋਂ ਲਾਸ਼ ਮਿਲੀ
ਪੱਤਰ ਪ੍ਰੇਰਕ
ਜਲੰਧਰ, 13 ਨਵੰਬਰ
ਜਲੰਧਰ ਦੇ ਭਾਰਗਵ ਕੈਂਪ ’ਚ ਮਾਡਲ ਹਾਊਸ ਨੇੜੇ ਮਾਤਾ ਰਾਣੀ ਚੌਕ ’ਚ ਬਣੇ ਜਨਤਕ ਪਖਾਨਿਆਂ ’ਚੋਂ ਇਕ ਨੌਜਵਾਨ ਦੀ ਲਾਸ਼ ਮਿਲੀ ਹੈ। ਮੁੱਢਲੀ ਜਾਂਚ ’ਚ ਨੌਜਵਾਨ ਦੀ ਮੌਤ ਦਾ ਕਾਰਨ ਨਸ਼ੇ ਦੀ ਓਵਰਡੋਜ਼ ਲੱਗ ਰਿਹ ਹੈ, ਪਰ ਇਸ ਦਾ ਪਤਾ ਪੋਸਟਮਾਰਟਮ ਦੀ ਰਿਪੋਰਟ ਆਉਣ ਤੋਂ ਬਾਅਦ ਹੀ ਲੱਗੇਗਾ। ਪੁਲੀਸ ਨੇ ਨੌਜਵਾਨ ਦੀ ਲਾਸ਼ ਨੂੰ ਆਪਣੇ ਕਬਜ਼ੇ ’ਚ ਲੈ ਲਿਆ ਹੈ। ਪਖਾਨਿਆਂ ਵਿੱਚ ਕੰਮ ਕਰਨ ਵਾਲੇ ਖੁਸ਼ੀ ਰਾਮ ਨੇ ਦੱਸਿਆ ਕਿ ਸ਼ਨਿਚਰਵਾਰ ਦੇਰ ਰਾਤ ਉਹ ਪਖਾਨਿਆਂ ਦੇ ਅੰਦਰ ਮੌਜੂਦ ਸੀ। ਇਸ ਦੌਰਾਨ ਉਕਤ ਵਿਅਕਤੀ ਸਕੂਟਰ ’ਤੇ ਆਇਆ ਅਤੇ ਅੰਦਰ ਚਲਾ ਗਿਆ। ਉਕਤ ਨੌਜਵਾਨ ਕਾਫੀ ਦੇਰ ਤੱਕ ਪਖਾਨੇ ਤੋਂ ਬਾਹਰ ਨਹੀਂ ਆਇਆ, ਜਿਸ ਤੋਂ ਬਾਅਦ ਉਹ ਸਫਾਈ ਕਰਨ ਗਿਆ। ਕਈ ਵਾਰ ਖੜਕਾਉਣ ਦੇ ਬਾਵਜੂਦ ਨੌਜਵਾਨ ਨੇ ਦਰਵਾਜ਼ਾ ਨਹੀਂ ਖੋਲ੍ਹਿਆ। ਜਦੋਂ ਉਸ ਨੇ ਉਪਰੋਂ ਝਾਤੀ ਮਾਰੀ ਤਾਂ ਦੇਖਿਆ ਕਿ ਨੌਜਵਾਨ ਅੰਦਰ ਬੇਹੋਸ਼ ਪਿਆ ਸੀ। ਪੀੜਤ ਨੇ ਮਾਮਲੇ ਦੀ ਸੂਚਨਾ ਸਭ ਤੋਂ ਪਹਿਲਾਂ ਪੁਲੀਸ ਕੰਟਰੋਲ ਰੂਮ ਨੂੰ ਦਿੱਤੀ। ਜਿਸ ਤੋਂ ਤੁਰੰਤ ਬਾਅਦ ਭਾਰਗਵ ਕੈਂਪ ਥਾਣੇ ਦੀ ਟੀਮ ਜਾਂਚ ਲਈ ਮੌਕੇ ’ਤੇ ਪਹੁੰਚ ਗਈ। ਪੁਲੀਸ ਨੇ ਉਕਤ ਲਾਸ਼ ਨੂੰ ਕਬਜ਼ੇ ’ਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤਾ ਹੈ। ਥਾਣਾ ਭਾਰਗਵ ਕੈਂਪ ਦੇ ਐੱਸਐੱਚਓ ਹਰਦੇਵ ਸਿੰਘ ਨੇ ਦੱਸਿਆ ਕਿ ਉਕਤ ਨੌਜਵਾਨ ਦਾ ਐਕਟਿਵਾ ਵੀ ਜ਼ਬਤ ਕਰ ਲਿਆ ਗਿਆ ਹੈ।