ਇਕੋ ਰਾਤ ਸੱਤ ਮੈਡੀਕਲ ਸਟੋਰਾਂ ’ਚ ਚੋਰੀ
ਪੱਤਰ ਪ੍ਰੇਰਕ
ਗੜ੍ਹਸ਼ੰਕਰ, 11 ਜੂਨ
ਸ਼ਹਿਰ ਦੇ ਸੱਤ ਮੈਡੀਕਲ ਸਟੋਰਾਂ ’ਚ ਚੋਰੀ ਹੋਈ। ਇਹ ਵਾਰਦਾਤ ਇਕ ਮੈਡੀਕਲ ਸਟੋਰ ਅੱਗੇ ਲੱਗੇ ਸੀਸੀਟੀਵੀ ਕੈਮਰੇ ਵਿੱਚ ਕੈਦ ਹੋ ਗਈ ਹੈ ਜਿਸ ਵਿੱਚ ਦੋ ਚੋਰ ਮੈਡੀਕਲ ਸਟੋਰ ਦਾ ਸ਼ਟਰ ਤੋੜਦੇ ਨਜ਼ਰ ਆ ਰਹੇ ਹਨ। ਇਸ ਸਬੰਧੀ ਥਾਣਾ ਗੜ੍ਹਸ਼ੰਕਰ ਵੱਲੋਂ ਪੜਤਾਲ ਕਰਨੀ ਸ਼ੁਰੂ ਕਰ ਦਿੱਤੀ ਹੈ।
ਜਾਣਕਾਰੀ ਅਨੁਸਾਰ ਲੰਘੀ ਰਾਤ ਕਰੀਬ 2 ਚੋਰਾਂ ਵੱਲੋਂ ਸ਼ਹਿਰ ਗੜ੍ਹਸ਼ੰਕਰ ਵਿੱਚ 6 ਅਤੇ ਇੱਕ ਅੱਡਾ ਸਤਨੌਰ ਵਿਖੇ ਚੋਰੀ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ। ਦੁਕਾਨਦਾਰਾਂ ਮੁਤਾਬਿਕ ਚੋਰਾਂ ਵੱਲੋਂ ਦੁਕਾਨਾਂ ਦੇ ਸ਼ਟਰ ਪੁੱਟ ਕੇ ਨਕਦੀ ’ਤੇ ਹੱਥ ਸਾਫ ਕੀਤੇ ਗਏ ਹਨ ਅਤੇ ਸਟੋਰਾਂ ਵਿੱਚ ਪਿਆ ਕੀਮਤੀ ਸਾਮਾਨ ਵੀ ਚੋਰੀ ਕਰ ਲਿਆ ਗਿਆ ਹੈ।
ਚੋਰੀ ਦੀ ਵਾਰਦਾਤ ਦੀ ਸੀਸੀਟੀਵੀ ਫੁਟੇਜ ਸੋਸ਼ਲ ਮੀਡੀਆ ’ਤੇ ਵਾਇਰਲ ਹੋਈ ਹੈ ਜਿਸ ਵਿੱਚ 2 ਚੋਰ ਆਪਣਾ ਮੂੰਹ ਢੱਕ ਕੇ ਸ਼ਟਰ ਪੁੱਟ ਕੇ ਮੈਡੀਕਲ ਸਟੋਰ ਅੰਦਰ ਦਾਖਲ ਹੋ ਰਹੇ ਹਨ। ਇਹ ਸਾਰੀ ਘਟਨਾ ਸਵੇਰੇ ਤਿੰਨ ਵਜੇ ਦੇ ਕਰੀਬ ਵਾਪਰੀ ਹੈ, ਸੀਸੀਟੀਵੀ ਫੁਟੇਜ ਰਾਹੀਂ ਪਤਾ ਚੱਲਦਾ ਹੈ ਕਿ ਇੱਕ ਚੋਰ ਦੁਕਾਨ ਦੇ ਬਾਹਰ ਖੜ੍ਹਾ ਰਹਿੰਦਾ ਹੈ ਅਤੇ ਦੂਜਾ ਦੁਕਾਨ ਵਿੱਚ ਦਾਖਲ ਹੋ ਕੇ ਨਕਦੀ ’ਤੇ ਹੱਥ ਸਾਫ ਕਰ ਦਿੰਦਾ ਹੈ। ਇਸ ਸਬੰਧੀ ਥਾਣਾ ਗੜ੍ਹਸ਼ੰਕਰ ਦੇ ਏਐੱਸਆਈ ਰਸ਼ਪਾਲ ਸਿੰਘ ਨੇ ਦੱਸਿਆ ਕਿ ਉਨ੍ਹਾਂ ਵੱਲੋਂ ਵਾਰਦਾਤ ਵਾਲੀ ਥਾਂ ਦਾ ਜਾਇਜ਼ਾ ਲਿਆ ਗਿਆ ਹੈ ਅਤੇ ਦੁਕਾਨਦਾਰਾਂ ਦੇ ਬਿਆਨਾਂ ’ਤੇ ਆਧਾਰ ’ਤੇ ਬਣਦੀ ਕਾਰਵਾਈ ਕੀਤੀ ਜਾਵੇਗੀ। ਦੁਕਾਨਦਾਰਾਂ ਨੇ ਪੁਲੀਸ ਪ੍ਰਸ਼ਾਸਨ ਤੋਂ ਕਰਮਚਾਰੀਆਂ ਦੀ ਰਾਤ ਦੀ ਗਸ਼ਤ ਵਧਾਉਣ ਦੀ ਮੰਗ ਕੀਤੀ ਹੈ।