ਡਰਾਈਵਿੰਗ ਟੈਸਟ ਕੇਂਦਰ ’ਚ ਗੱਡੀ ਸਹੀ ਚਲਾਉਣ ਵਾਲੇ ‘ਫੇਲ੍ਹ’
ਜਗਜੀਤ ਸਿੰਘ
ਹੁਸ਼ਿਆਰਪੁਰ, 11 ਜੂਨ
ਇੱਥੋਂ ਦੇ ਡਰਾਈਵਿੰਗ ਟੈਸਟ ਕੇਂਦਰ ’ਚ ਚੱਲਦੇ ਕਥਿਤ ਭ੍ਰਿਸ਼ਟਾਚਾਰ ਨੂੰ ਵਿਜੀਲੈਂਸ ਦੇ ਛਾਪੇ ਵੀ ਨੱਥ ਨਹੀਂ ਪਾ ਸਕੇ। ਕੇਂਦਰ ’ਚ ਟੈਸਟ ਦੇਣ ਆਏ ਕੁਝ ਨੌਜਵਾਨਾਂ ਨੇ ਗੱਡੀ ਠੀਕ ਚਲਾਉਣ ਦੇ ਬਾਵਜੂਦ ਜਾਣ-ਬੁੱਝ ਕੇ ਫੇਲ੍ਹ ਕਰਨ ਅਤੇ ਆਪਣੇ ਚਹੇਤਿਆਂ ਨੂੰ ਗੱਡੀ ਡਿਵਾਈਡਰ ‘ਤੇ ਚਾੜ੍ਹਨ ਦੇ ਬਾਵਜੂਦ ਪਾਸ ਕਰਨ ਦੇ ਦੋਸ਼ ਲਗਾਏ ਹਨ। ਪੀੜਤਾਂ ਨੇ ਦੋਸ਼ ਲਗਾਇਆ ਕਿ ਕੇਂਦਰ ’ਚ ਏਜੰਟਾਂ ਰਾਹੀਂ ਆਈਆਂ ਸਿਫਾਰਿਸ਼ਾਂ ਵਾਲੇ ਲੋਕਾਂ ਨੂੰ ਗਲਤ ਟਰੈਕ ’ਤੇ ਚਲਾਉਣ ਦੇ ਬਾਵਜੂਦ ਪਾਸ ਕੀਤਾ ਜਾ ਰਿਹਾ ਹੈ। ਉੱਧਰ ਆਰਟੀਓ ਨੇ ਮਾਮਲੇ ਦੀ ਜਾਂਚ ਦਾ ਦਾਅਵਾ ਕੀਤਾ ਹੈ।
ਟੈਸਟ ਦੇਣ ਆਏ ਹਰਸ਼ਪ੍ਰੀਤ ਸਿੰਘ ਨੇ ਦੱਸਿਆ ਕਿ ਉਸ ਵੱਲੋਂ ਡਰਾਈਵਿੰਗ ਟੈਸਟ ਦੌਰਾਨ ਕਾਰ ਸਹੀ ਤਰੀਕੇ ਨਾਲ ਚਲਾਉਣ ਦੇ ਬਾਵਜੂਦ ਫੇਲ੍ਹ ਕਰ ਦਿੱਤਾ ਗਿਆ ਅਤੇ ਕਾਰਨ ਵੀ ਕੋਈ ਨਹੀਂ ਦੱਸਿਆ ਗਿਆ। ਜਦੋਂ ਕਿ ਉਸ ਤੋਂ ਪਹਿਲਾਂ ਡਰਾਈਵਿੰਗ ਟੈਸਟ ਦੇਣ ਵਾਲੀ ਸਿਫਾਰਿਸ਼ੀ ਔਰਤ ਜਿਸ ਨੇ ਟਰੈਕ ’ਤੇ ਲੱਤਾਂ ਘਸੀਟਦਿਆਂ ਟੈਸਟ ਦਿੱਤਾ ਅਤੇ ਮਾਰਕ ਲਾਈਨ ਨੂੰ ਵੀ ਪਾਰ ਕਰ ਲਿਆ ਸੀ, ਨੂੰ ਪਾਸ ਕਰ ਦਿੱਤਾ ਗਿਆ। ਇੱਕ ਸਿਫਾਰਿਸ਼ੀ ਨੂੰ ਤਾਂ ਗੱਡੀ ਡਿਵਾਈਡਰ ’ਤੇ ਚਾੜ੍ਹ ਦੇਣ ਦੇ ਬਾਵਜੂਦ ਪਾਸ ਕਰ ਦਿੱਤਾ ਗਿਆ। ਇੱਕ ਸੁਨਣ ਤੋਂ ਅਸਮਰੱਥ ਵਿਅਕਤੀ ਵਲੋਂ ਮੋਟਰਸਾਈਕਲ ਦੇ ਡਰਾਈਵਿੰਗ ਟੈਸਟ ਦੌਰਾਨ ਦੋ ਵਾਰ ਲੱਤਾਂ ਹੇਠਾਂ ਲਗਾਉਣ ਦੇ ਬਾਜਵੂਦ ਉਸ ਨੂੰ ਪਾਸ ਕਰ ਦਿੱਤਾ ਗਿਆ ਜਦੋਂ ਕਿ ਦੋ ਪਹੀਆ ਵਾਹਨ ਚਲਾਉਂਦੇ ਸਮੇਂ ਲੱਤਾਂ ਹੇਠਾਂ ਨਹੀਂ ਲਗਾਈਆਂ ਜਾ ਸਕਦੀਆਂ।
ਆਪਣੇ ਲੜਕੇ ਦਾ ਟੈਸਟ ਦੁਆਉਣ ਆਏ ਹਰਿੰਦਰ ਸਿੰਘ ਨੇ ਦੱਸਿਆ ਕਿ ਕੇਂਦਰ ਦੇ ਸੰਚਾਲਕਾਂ ਵੱਲੋਂ ਪਹਿਲਾਂ ਤੋਂ ਹੀ ਤੈਅ ਲੋਕਾਂ ਅਤੇ ਏਜੰਟਾਂ ਰਾਹੀਂ ਆਈਆਂ ਸ਼ਿਫਾਰਿਸ਼ਾਂ ਵਾਲਿਆਂ ਨੂੰ ਹੀ ਪਾਸ ਕੀਤਾ ਜਾ ਰਿਹਾ ਹੈ। ਉਨ੍ਹਾਂ ਪ੍ਰਬੰਧਕਾਂ ਨੂੰ ਡਿਵਾਈਡਰ ’ਤੇ ਕਾਰ ਚਾੜ੍ਹਨ ਵਾਲੇ ਅਤੇ ਦੋਪਹੀਆ ਵਾਹਨ ਲੱਤਾਂ ਘਸੀਟਦਿਆਂ ਚਲਾਉਣ ਵਾਲਿਆਂ ਨੂੰ ਪਾਸ ਕਰਨ ਅਤੇ ਉਸ ਦੇ ਲੜਕੇ ਵੱਲੋਂ ਸਹੀ ਤਰੀਕੇ ਨਾਲ ਗੱਡੀ ਚਲਾਉਣ ਦੇ ਬਾਵਜੂਦ ਫੇਲ੍ਹ ਕਰਨ ਦਾ ਅਧਾਰ ਪੁੱਛਿਆ, ਪਰ ਉਨ੍ਹਾਂ ਕੋਈ ਤਸੱਲੀਬਖਸ਼ ਜਵਾਬ ਨਾ ਦਿੱਤਾ। ਜਦੋਂ ਉਨ੍ਹਾਂ ਆਪਣੇ ਪੁੱਤਰ ਦੀ ਵੀਡੀਓ ਦਿਖਾਉਣ ਦੀ ਮੰਗ ਕੀਤੀ ਤਾਂ ਕੇਂਦਰ ਦੇ ਮੁਲਾਜ਼ਮਾਂ ਜਵਾਬ ਦੇ ਦਿੱਤਾ।
ਕੋਈ ਵੀ ਸੀਸੀਟੀਵੀ ਫੁਟੇਜ ਦੇਖ ਸਕਦਾ ਹੈ: ਆਰਟੀਓ
Advertisementਆਰਟੀਓ ਸੰਜੀਵ ਕੁਮਾਰ ਨੇ ਦੋਸ਼ਾਂ ਨੂੰ ਨਕਾਰਦਿਆਂ ਕਿਹਾ ਕਿ ਕੇਂਦਰ ਅੰਦਰ ਸੀਸੀਟੀਵੀ ਕੈਮਰੇ ਲੱਗੇ ਹਨ ਅਤੇ ਕੋਈ ਵੀ ਆਪਣੀ ਵੀਡੀਓ ਦੇਖ ਸਕਦਾ ਹੈ। ਜਦੋਂ ਕੇਂਦਰ ਸੰਚਾਲਕਾਂ ਵਲੋਂ ਪੀੜਤਾਂ ਨੂੰ ਵੀਡੀਓ ਦਿਖਾਉਣ ਤੋਂ ਜਵਾਬ ਦੇਣ ਬਾਰੇ ਦੱਸਿਆ ਤਾਂ ਅਧਿਕਾਰੀ ਨੇ ਕਿਹਾ ਕਿ ਮਾਮਲੇ ਦੀ ਜਾਂਚ ਕੀਤੀ ਜਾਵੇਗੀ।