ਰਿਸ਼ਵਤ ਲੈਣ ਦੇ ਦੋਸ਼ ਹੇਠ ਗ੍ਰਿਫ਼ਤਾਰ ਡੀਐੱਸਪੀ ਨੂੰ ਦੋ ਰੋਜ਼ਾ ਰਿਮਾਂਡ ’ਤੇ ਭੇਜਿਆ
ਨਿੱਜੀ ਪੱਤਰ ਪ੍ਰੇਰਕ/ਪੱਤਰ ਪ੍ਰੇਰਕ
ਬਠਿੰਡਾ, 26 ਅਗਸਤ
ਵਿਜੀਲੈਂਸ ਟੀਮ ਨੇ 30 ਹਜ਼ਾਰ ਰੁਪਏ ਦੀ ਰਿਸ਼ਵਤ ਲੈਂਦੇ ਹੋਏ ਕਾਬੂ ਕੀਤੇ ਗਏ ਸਬ-ਡਿਵੀਜ਼ਨ ਮੌੜ ਦੇ ਡੀਐੱਸਪੀ ਬਲਜੀਤ ਸਿੰਘ ਬਰਾੜ ਨੂੰ ਅੱਜ ਸਥਾਨਕ ਅਦਾਲਤ ਵਿਚ ਪੇਸ਼ ਕੀਤਾ। ਜਿੱਥੇ ਅਦਾਲਤ ਨੇ ਸਰਕਾਰੀ ਵਕੀਲ ਵਲੋਂ ਦਿੱਤੀਆਂ ਦਲੀਲਾਂ ਦੇ ਆਧਾਰ ’ਤੇ ਉਕਤ ਡੀਐੱਸਪੀ ਨੂੰ ਪੁੱਛ-ਪੜਤਾਲ ਲਈ ਵਿਜੀਲੈਂਸ ਕੋਲ ਦੋ ਰੋਜ਼ਾ ਰਿਮਾਂਡ ’ਤੇ ਭੇਜਣ ਦਾ ਹੁਕਮ ਦਿੱਤਾ ਹੈ। ਜਾਣਕਾਰੀ ਅਨੁਸਾਰ ਉਕਤ ਡੀਐੱਸਪੀ ਦੀ ਸੇਵਾਮੁਕਤੀ ’ਚ ਕਰੀਬ ਸਵਾ ਸਾਲ ਦਾ ਸਮਾਂ ਹੀ ਬਾਕੀ ਰਹਿ ਗਿਆ ਸੀ। ਦੂਜੇ ਪਾਸੇ ਡੀਐੱਸਪੀ ਦੀ ਗ੍ਰਿਫਤਾਰੀ ਮੌਕੇ ਉਸ ਦੇ ਰੀਡਰ ਕੋਲੋਂ ਮਿਲੀ ਇੱਕ ਲੱਖ ਦੀ ਨਗਦੀ ਵੀ ਵਿਜੀਲੈਂਸ ਨੇ ਵੱਖਰੇ ਤੌਰ ’ਤੇ ਜਾਂਚ ਵਿੱਢ ਦਿੱਤੀ ਹੈ। ਇਸ ਤੋਂ ਇਲਾਵਾ ਐੱਸਐੱਸਪੀ ਗੁਲਨੀਤ ਸਿੰਘ ਖੁਰਾਣਾ ਨੇ ਵੀ ਰੀਡਰ ਮਨਪ੍ਰੀਤ ਸਿੰਘ ਦੀ ਸ਼ੱਕੀ ਗਤੀਵਿਧੀਆਂ ਨੂੰ ਦੇਖਦਿਆਂ ਤੁਰੰਤ ਪ੍ਰਭਾਵ ਨਾਲ ਉਸ ਨੂੰ ਮੁਅੱਤਲ ਕਰ ਦਿੱਤਾ ਹੈ ਜਦਕਿ ਡੀਐੱਸਪੀ ਬਲਜੀਤ ਸਿੰਘ ਨੂੰ ਵੀ ਮੁਅੱਤਲ ਕਰਨ ਦੀ ਕਾਰਵਾਈ ਵਿੱਢ ਦਿੱਤੀ ਹੈ। ਜ਼ਿਕਰਯੋਗ ਹੈ ਕਿ ਵਿਜੀਲੈਂਸ ਕੋਲ ਮੌੜ ਮੰਡੀ ਦੇ ਮੋਬਾਈਲਾਂ ਦੀ ਮੁਰੰਮਤ ਕਰਨ ਵਾਲੇ ਇਕ ਨੌਜਵਾਨ ਰਵਿੰਦਰ ਸਿੰਘ ਨੇ ਸ਼ਿਕਾਇਤ ਕੀਤੀ ਸੀ ਕਿ ਕਰੀਬ ਤਿੰਨ ਮਹੀਨੇ ਪਹਿਲਾਂ ਥਾਣਾ ਬਾਲਿਆਵਾਲੀ ਪੁਲੀਸ ਵਲੋਂ ਉਸ ਦੇ ਨਾਬਾਲਗ ਪੁੱਤਰ ਸਹਿਤ ਸੱਤ ਨੌਜਵਾਨਾਂ ਵਿਰੁੱਧ ਧਾਰਾ 323 ਦਾ ਪਰਚਾ ਦਰਜ ਕੀਤਾ ਗਿਆ ਸੀ ਜਦਕਿ ਉਸ ਦਾ ਪੁੱਤਰ ਬੇਗੁਨਾਹ ਸੀ। ਵਿਜੀਲੈਂਸ ਨੇ ਬੀਤੀ ਸ਼ਾਮ ਡੀਐੱਸਪੀ ਦਫ਼ਤਰ ਮੌੜ ’ਚ ਹੀ ਡੀਐੱਸਪੀ ਬਲਜੀਤ ਸਿੰਘ ਨੂੰ ਕਾਬੂ ਕਰਕੇ ਉਸ ਖਿਲਾਫ ਵਿਜੀਲੈਂਸ ਬਿਊਰੋ ਥਾਣਾ ਬਠਿੰਡਾ ਵਿੱਚ ਕੇਸ ਦਰਜ ਕੀਤਾ ਗਿਆ ਸੀ।