ਵਿਰੋਧੀਆਂ ਦੀ ਸਾਂਝ ਜੱਗ ਜ਼ਾਹਰ ਹੋਈ: ਮਾਨ
ਜਸਵੰਤ ਸਿੰਘ ਗਰੇਵਾਲ
ਚੀਮਾ ਮੰਡੀ, 3 ਜੂਨ
ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਅੱਜ ਇੱਥੇ ਲੋਕਾਂ ਦੇ ਇਕੱਠ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਇਸ ਤੋਂ ਪਹਿਲੀਆਂ ਸਰਕਾਰਾਂ ਚਲਾਉਣ ਵਾਲੇ ਲੀਡਰ ਆਪਣੇ ਅਤੇ ਆਪਣੇ ਸਕੇ ਸਬੰਧੀਆਂ ਦੇ ਨਿੱਜੀ ਹਿੱਤ ਹੀ ਪੂਰਦੇ ਹਨ ਤੇ ਆਮ ਲੋਕਾਂ ਦੀ ਭਲਾਈ ਲਈ ਕੁਝ ਵੀ ਨਹੀਂ ਕੀਤਾ। ਉਨ੍ਹਾਂ ਕਿਹਾ ਕੇ ਵਿਰੋਧੀ ਪਾਰਟੀਆਂ ਦੀ ਆਪਸੀ ਸਾਂਝ ਜੱਗ ਜ਼ਾਹਿਰ ਹੋ ਚੁੱਕੀ ਹੈ ਤੇ ਲੋਕ ਹਾਲ ਹੀ ਵਿੱਚ ਜੱਫੀਆਂ ਪੈਂਦੀਆਂ ਵੀ ਵੇਖ ਹੀ ਚੁੱਕੇ ਹਨ। ਪਰ ਹੁਣ ਪੰਜਾਬ ਦੇ ਲੋਕ ਹੁਣ ਜਾਗਰੂਕ ਹੋ ਚੁੱਕੇ ਹਨ ਤੇ ਇਨ੍ਹਾਂ ਲੋਕਾਂ ਦੀਆਂ ਸਿਆਸੀ ਚਾਲਾਂ ਵਿੱਚ ਨਹੀਂ ਆਉਣਗੇ।
ਉਹ ਇਥੇ ਮਾਰਕੀਟ ਕਮੇਟੀ ਚੀਮਾ ਦੇ ਨਵ-ਨਿਯੁਕਤ ਚੇਅਰਮੈਨ ਦਰਸ਼ਨ ਸਿੰਘ ਉਰਫ਼ ਗੀਤੀ ਮਾਨ ਨੂੰ ਆਸ਼ੀਰਵਾਦ ਦੇਣ ਲਈ ਪਹੁੰਚੇ ਹੋਏ ਸਨ। ਉਨ੍ਹਾਂ ਕਿਹਾ ਕਿ ‘ਆਪ’ ਸਰਕਾਰ ਦਾ ਮੰਤਵ ਲੋਕਾਂ ਦਾ ਜੀਵਨ ਪੱਧਰ ਉੱਚਾ ਚੁੱਕਣਾ ਹੈ। ਇਸ ਤਹਿਤ ਨੌਜਵਾਨਾਂ ਨੂੰ ਰੁਜ਼ਗਾਰ ਦੇ ਮੌਕੇ ਦੇਣਾ, ਵਪਾਰੀਆਂ ਅਤੇ ਦੁਕਾਨਦਾਰਾਂ ਦੇ ਕਾਰੋਬਾਰ ਵਿੱਚ ਵਾਧਾ ਕਰਨਾ, ਕਿਸਾਨਾਂ ਦੀ ਆਮਦਨ ਵਿੱਚ ਵਾਧਾ ਕਰਨਾ ਤੇ ਮਜ਼ਦੂਰਾਂ ਨੂੰ ਉਨ੍ਹਾਂ ਦੇ ਬਣਦੇ ਹੱਕ ਦਿੱਤੇ ਜਾਣਗੇ। ਭਗਵੰਤ ਮਾਨ ਨੇ ਕਿਹਾ ਕਿ ਪੰਜਾਬ ਦੀ ਧਰਤੀ ‘ਤੇ ਕਿਸੇ ਦਾ ਵੀ ਹੱਕ ਨਹੀਂ ਮਾਰਿਆ ਜਾਵੇਗਾ ਅਤੇ ਗਰੀਬ ਨੂੰ ਭੁੱਖਾ ਨਹੀਂ ਸੌਣ ਦਿੱਤਾ ਜਾਵੇਗਾ। ਉਨ੍ਹਾਂ ਕਿਹਾ ਕਿ ਇੱਥੋਂ ਦੇ ਸਰਕਾਰੀ ਹਸਪਤਾਲ ਹਸਪਤਾਲ ਨੂੰ ਅਪਡੇਟ ਕਰ ਕੇ ਆਧੁਨਿਕ ਬਣਾਇਆ ਜਾਵੇਗਾ। ਮਾਨ ਨੇ ਕਿਹਾ ਕਿ ਬੰਦੇ ਨੂੰ ਆਪਣੀਆਂ ਜੜ੍ਹਾਂ ਨੂੰ ਭੁੱਲਣਾ ਨਹੀਂ ਚਾਹੀਦਾ ਤੇ ਬੰਦਾ ਬੇਸ਼ੱਕ ਅਹੁਦੇ ਪੱਖੋਂ ਕਿੰਨਾ ਵੀ ਵੱਡਾ ਹੋਵੇ ਪਰ ਉਹ ਆਪਣੇ ਯਾਰਾਂ ਦੋਸਤਾਂ ਤੋਂ ਵੱਡਾ ਨਹੀਂ ਹੋ ਸਕਦਾ।