ਸੰਯੁਕਤ ਕਿਸਾਨ ਮੋਰਚੇ ਵੱਲੋਂ ਅਮਨ ਮਾਰਚ ਭਲਕੇ
ਨਿੱਜੀ ਪੱਤਰ ਪ੍ਰੇਰਕ
ਸੰਗਰੂਰ, 12 ਮਈ
ਸੰਯੁਕਤ ਕਿਸਾਨ ਮੋਰਚੇ ਵਲੋਂ ਦੇਸ਼ ਵਿਚ ਜੰਗ ਦਾ ਮਾਹੌਲ ਬਣਾਉਣ ਲਈ ਜ਼ਿੰਮੇਵਾਰ ਜੰਗਬਾਜ਼ ਤਾਕਤਾਂ ਖ਼ਿਲਾਫ਼ ਅਤੇ ਅਮਨ ਸ਼ਾਂਤੀ ਬਹਾਲ ਰੱਖਣ ਲਈ 14 ਮਈ ਨੂੰ ਸੰਗਰੂਰ ਸ਼ਹਿਰ ਵਿਚ ‘ਅਮਨ ਮਾਰਚ’ ਕਰਨ ਦਾ ਐਲਾਨ ਕੀਤਾ ਹੈ। ਕਿਸਾਨ ਜਥੇਬੰਦੀਆਂ ਦੀ ਅਹਿਮ ਮੀਟਿੰਗ ਕੁਲ ਹਿੰਦ ਕਿਸਾਨ ਸਭਾ ਪੰਜਾਬ ਦੇ ਜ਼ਿਲ੍ਹਾ ਆਗੂ ਇੰਦਰਪਾਲ ਸਿੰਘ ਪੁੰਨਾਂਵਾਲ ਦੀ ਪ੍ਰਧਾਨਗੀ ਹੇਠ ਸਥਾਨਕ ਤੇਜਾ ਸਿੰਘ ਸੁਤੰਤਰ ਭਵਨ ਵਿੱਚ ਹੋਈ। ਮੀਟਿੰਗ ਦੌਰਾਨ ਭਲਕੇ 13 ਮਈ ਨੂੰ ਸ਼ਹਿਰ ਵਿਚ ਜਬਰ ਵਿਰੋਧੀ ਰੈਲੀ ਅਤੇ ਮਾਰਚ ਕਰਨ ਦਾ ਉਲੀਕਿਆ ਪ੍ਰੋਗਰਾਮ ਮੁਲਤਵੀ ਕਰਕੇ 26 ਮਈ ਨੂੰ ਕਰਨ ਦਾ ਫੈਸਲਾ ਲਿਆ ਗਿਆ। ਕਿਸਾਨ ਆਗੂ ਅਮਰੀਕ ਸਿੰਘ ਗੰਡੂਆ, ਜਨਕ ਸਿੰਘ ਭਟਾਲ, ਗੁਰਮੀਤ ਸਿੰਘ ਭੱਟੀਵਾਲ ਅਤੇ ਕਰਮ ਸਿੰਘ ਬਲਿਆਲ, ਜਗਤਾਰ ਸਿੰਘ ਦੁੱਗਾਂ, ਭੁਪਿੰਦਰ ਸਿੰਘ ਲੌਂਗੋਵਾਲ ਅਤੇ ਕੁਲਦੀਪ ਸਿੰਘ, ਕਸ਼ਮੀਰ ਸਿੰਘ ਘਰਾਚੋਂ ਨੇ ਦੱਸਿਆ ਕਿ ਕਿਰਤੀ ਕਿਸਾਨ ਯੂਨੀਅਨ ਦੇ ਜ਼ਿਲਾ ਆਗੂ ਨਿਰਭੈ ਸਿੰਘ ਖਾਈ ਉਪਰ ਹੋਏ ਕਾਤਲਾਨਾ ਹਮਲੇ ਖਿਲਾਫ ਅਤੇ ਦੋਸ਼ੀਆਂ ਨੂੰ ਗ੍ਰਿਫਤਾਰ ਕਰਾਉਣ ਅਤੇ ਹੋਰ ਮੰਗਾਂ ਸਬੰਧੀ 13 ਮਈ ਨੂੰ ਸੰਗਰੂਰ ਵਿੱਚ ਰੋਸ ਰੈਲੀ ਅਤੇ ਐੱਸਐੱਸਪੀ ਦਫਤਰ ਵੱਲ ਰੋਸ ਮੁਜ਼ਾਹਰਾ ਕੀਤਾ ਜਾਣਾ ਸੀ ਇਹ ਹੁਣ 26 ਮਈ ਨੂੰ ਕੀਤਾ ਜਾਵੇਗਾ।
ਅਨਾਜ ਮੰਡੀ ’ਚ ਧਰਨਾ ਭਲਕੇ
ਪਟਿਆਲਾ (ਖੇਤਰੀ ਪ੍ਰਤੀਨਿਧ): ਸੰਯੁਕਤ ਕਿਸਾਨ ਮੋਰਚਾ ਪੰਜਾਬ ਦੇ ਫੈਸਲੇ ਤਹਿਤ ਇਲਾਕੇ ਦੇ ਕਿਸਾਨਾ ਵੱਲੋਂ 14 ਮਈ ਨੂੰ ਅਨਾਜ ਮੰਡੀ ਪਟਿਆਲਾ ਵਿਖੇ ਹਿੰਦ ਪਾਕਿ ਦੀ ਬੇਲੋੜੀ ਜੰਗ ਖਿਲਾਫ ਪਰਦਰਸ਼ਨ ਕੀਤਾ ਜਾਵੇਗਾ। ਕਿਸਾਨ ਆਗੂ ਦਵਿੰਦਰ ਸਿੰਘ ਪੂਨੀਆਂ ਨੇ ਦੱਸਿਆ ਕਿ ਧਰਨੇ ਉਪਰੰਤ ਪਟਿਆਲਾ ਸ਼ਹਿਰ ਦੀਆਂ ਸੜਕਾਂ ’ਤੇ ਮੁਜ਼ਾਹਰਾ ਕਰਕੇ ਲੋਕਾਂ ਨੂੰ ਜੰਗ ਦੀ ਬਜਾਏ ਅਮਨ ਸ਼ਾਂਤੀ ਲਈ ਅਪੀਲ ਕੀਤੀ ਜਾਵੇਗੀ।