ਕਿਸਾਨ ਅੰਦੋਲਨ ਵਿੱਚ ਪੰਜਾਬ ਦੀਆਂ ਦਸ ਜਥੇਬੰਦੀਆਂ ਕਰਨਗੀਆਂ ਸ਼ਮੂਲੀਅਤ
ਖੇਤਰੀ ਪ੍ਰਤੀਨਿਧ
ਪਟਿਆਲਾ, 24 ਜੁਲਾਈ
ਖੇਤੀ ਵਿਰੋਧੀ ਤਿੰਨ ਆਰਡੀਨੈਂਸ ਜਾਰੀ ਕਰਨ ਅਤੇ ਬਿਜਲੀ ਐਕਟ 2020 ਸਮੇਤ ਕੁਝ ਹੋਰ ਮੱਦਾਂ ਨੂੰ ਲੈ ਕੇ ਜਿਥੇ ਪੰਜਾਬ ਦੀਆਂ 13 ਕਿਸਾਨ ਜਥੇਬੰਦੀਆਂ ਵੱਲੋਂ 27 ਜੁਲਾਈ ਨੂੰ ਪੰਜਾਬ ’ਚ ਟਰੈਕਟਰ ਮਾਰਚ ਕੀਤੇ ਜਾ ਰਹੇ ਹਨ, ਉੱਥੇ ਹੀ ਢਾਈ ਸੌ ਕਿਸਾਨ ਜਥੇਬੰਦੀਆਂ ’ਤੇ ਆਧਾਰਿਤ ‘ਕੁੱਲ ਹਿੰਦ ਕਿਸਾਨ ਸੰਘਰਸ਼ ਤਾਲਮੇਲ ਕਮੇਟੀ’ ਵੱਲੋਂ 9 ਅਗਸਤ ਨੂੰ ‘ਭਾਰਤ ਛੱਡੋ ਅੰਦੋਲਨ ਦਿਵਸ’ ਮੌਕੇ ‘ਖੇਤੀ-ਕਿਸਾਨੀ ਬਚਾਓ-ਕਾਰਪੋਰੇਟ ਭਜਾਓ’ ਦੇ ਨਾਅਰੇ ਹੇਠ ਐਲਾਨੇ ਗਏ ਦੇਸ਼ ਵਿਆਪੀ ਕਿਸਾਨ ਅੰਦੋਲਨ ’ਚ ਵੀ ਪੰਜਾਬ ਦੀਆਂ ਦਸ ਕਿਸਾਨ ਜਥੇਬੰਦੀਆਂ ਨੇ ਸ਼ਮੂਲੀਅਤ ਕਰਨਗੀਆਂ। ਇਥੇ ਕੌਮੀ ਕਮੇਟੀ ਦੇ ਪੰਜਾਬ ਚੈਪਟਰ ਦੇ ਕਨਵੀਨਰ ਡਾ. ਦਰਸ਼ਨਪਾਲ ਪਟਿਆਲਾ ਨੇ ਦੱਸਿਆ ਕਿ ਇਹ ਫ਼ੈਸਲਾ ਕਿਰਤੀ ਕਿਸਾਨ ਯੂਨੀਅਨ ਦੇ ਪ੍ਰਧਾਨ ਨਿਰਭੈ ਸਿੰਘ ਢੁੱਡੀਕੇ ਦੀ ਪ੍ਰਧਾਨਗੀ ਹੇਠ ਹੋਈ ਪੰਜਾਬ ਚੈਪਟਰ ਦੀ ਮੀਟਿੰਗ ਦੌਰਾਨ ਲਿਆ ਗਿਆ। ਉਨ੍ਹਾਂ ਕਿਹਾ ਕਿ 9 ਅਗਸਤ 1942 ਨੂੰ ਭਾਰਤ ਵਾਸੀਆਂ ਨੇ ‘ਅੰਗਰੇਜ਼ੋ ਭਾਰਤ ਛੱਡੋ’ ਦਾ ਨਾਅਰਾ ਦਿੱਤਾ ਸੀ, ਉਸੇ ਤਰ੍ਹਾਂ 9 ਅਗਸਤ 2020 ਦੇ ਇਸ ਦੇਸ਼ਵਿਆਪੀ ਕਿਸਾਨ ਅੰਦੋਲਨ ਤਹਿਤ ‘ਕਾਰਪੋਰੇਟ ਘਰਾਣਿਓ-ਖੇਤੀ ਖੇਤਰ ਛੱਡੋ’ ਉੱਤੇ ਆਧਾਰਿਤ ਨਾਅਰਾ ਦਿੱਤਾ ਜਾਵੇਗਾ। ਇਸੇ ਦੌਰਾਨ ਡਾ. ਦਰਸ਼ਨਪਾਲ ਨੇ ਦੱਸਿਆ ਕਿ 27 ਦੇ ਟਰੈਕਟਰ ਮਾਰਚ ਨੂੰ ਟਾਲਣ ਲਈ ਕਿਸਾਨ ਜਥੇਬੰਦੀਆਂ ਦੀ ਕੇਂਦਰ ਸਰਕਾਰ ਨਾਲ ਗੱਲਬਾਤ ਲਈ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਤੇ ਕੁਝ ਹੋਰ ਅਕਾਲੀ ਆਗੂਆਂ ਨੇ ਵਿਚੋਲਗੀ ਕਰਨ ਦੀ ਕੀਤੀ ਗਈ ਪੇਸ਼ਕਸ਼ ਦਸ ਕਿਸਾਨ ਜਥੇਬੰਦੀਆਂ ਦੇ ਸੰਗਠਨ ਵੱਲੋਂ ਠੁਕਰਾ ਦਿੱਤੀ ਗਈ ਹੈ।