Punjab News: ਇੱਕ ਕਿਲੋ ਸੋਨੇ ਦੀ ਫਿਰੌਤੀ ਮੰਗਣ ਵਾਲੇ ਤਿੰਨ ਕਾਬੂ
ਜੋਗਿੰਦਰ ਸਿੰਘ ਓਬਰਾਏ
ਖੰਨਾ, 12 ਮਈ
ਸ਼ਹਿਰ ਦੇ ਜੌਹਰੀ ਨੂੰ ਅਣਪਛਾਤੇ ਵਿਅਕਤੀਆਂ ਵੱਲੋਂ ਜਾਨੋਂ ਮਾਰਨ ਦੀ ਧਮਕੀ ਦਿੰਦਿਆਂ ਇਕ ਕਿਲੋ ਸੋਨੇ ਦੀ ਫਿਰੌਤੀ ਮੰਗੀ ਗਈ। ਕਾਰੋਬਾਰੀ ਸ੍ਰੀਕਾਂਤ ਵਰਮਾ ਵਾਸੀ ਮੁਹੱਲਾ ਆਹਲੂਵਾਲੀਆ ਨੇ ਪੁਲੀਸ ਥਾਣਾ ਸਿਟੀ-2 ਖੰਨਾ ਵਿਚ ਸ਼ਿਕਾਇਤ ਦਰਜ ਕਰਵਾਈ ਜਿਸ ਦੇ ਆਧਾਰ ’ਤੇ ਪੁਲੀਸ ਨੇ ਮਾਮਲਾ ਦਰਜ ਕਰਕੇ ਜਾਂਚ ਦੌਰਾਨ ਤਿੰਨ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਵਰਮਾ ਨੇ ਦੱਸਿਆ ਕਿ ਕੱਲ੍ਹ ਦੁਪਹਿਰ ਅਣਜਾਣ ਨੰਬਰ ਤੋਂ ਫੋਨ ਆਇਆ ਜਿਸ ਨੇ ਆਪਣੇ ਆਪ ਨੂੰ ਪ੍ਰੇਮਾ ਸ਼ੂਟਰ ਵਜੋਂ ਪੇਸ਼ ਕਰਦਿਆਂ ਕਿਹਾ ਕਿ ਉਸ ਨੂੰ ਸ਼੍ਰੀਕਾਂਤ ਅਤੇ ਉਸ ਦੇ ਪਰਿਵਾਰ ਨੂੰ ਮਾਰਨ ਦੀ ਸੁਪਾਰੀ ਮਿਲੀ ਹੈ ਜਿਸ ਤੋਂ ਉਹ ਬੁਰੀ ਤਰ੍ਹਾਂ ਡਰ ਗਿਆ। ਕੁਝ ਮਿੰਟਾਂ ਬਾਅਦ ਉਸੇ ਨੰਬਰ ਤੋਂ ਇਕ ਹੋਰ ਫੋਨ ਆਇਆ ਅਤੇ ਧਮਕੀ ਦੇਣ ਵਾਲੇ ਨੇ ਕਿਹਾ ਕਿ ਤੁਹਾਡੇ ਕੋਲ ਸਿਰਫ਼ 13 ਮਿੰਟ ਹਨ ਇਕ ਕਿਲੋ ਸੋਨਾ ਤਿਆਰ ਰੱਖੋ। ਇਸ ਉਪਰੰਤ ਦੁਪਹਿਰ ਸਮੇਂ ਇਕ ਹੋਰ ਕਾਲ ਆਈ ਜਿਸ ਨੇ ਕਿਹਾ ਕਿ ਤੁਹਾਡੇ ਪੁੱਤਰ ਗੈਵਿਨ ਨੂੰ ਮਾਰ ਦਿੱਤਾ ਜਾਵੇਗਾ ਨਹੀਂ ਤਾਂ ਇਕ ਕਿਲੋ ਸੋਨਾ ਲਿਫਾਫੇ ਵਿਚ ਪਾ ਕੇ ਖੰਨਾ ਤੋਂ ਲੁਧਿਆਣਾ ਜਾਂਦੇ ਸਮੇਂ ਗ੍ਰੀਨਲੈਂਡ ਹੋਟਲ ਦੇ ਸਾਹਮਣੇ ਪੁਲ ’ਤੇ ਝੰਡੇ ਕੋਲ ਛੱਡ ਦਿਓ।
ਪੁਲੀਸ ਨੇ ਤੁਰੰਤ ਕਾਰਵਾਈ ਕਰਦਿਆਂ ਕਾਲ ਡਿਟੇਲ, ਲੋਕੇਸ਼ਨ ਟਰੈਕਿੰਗ ਅਤੇ ਤਕਨੀਕੀ ਜਾਂਚ ਸ਼ੁਰੂ ਕਰ ਦਿੱਤੀ ਜਿਸ ਤੋਂ ਪਤਾ ਲੱਗਾ ਕਿ ਧਮਕੀ ਦੇਣ ਦੀ ਇਹ ਸਾਜਿਸ਼ ਸਥਾਨਕ ਪੱਧਰ ’ਤੇ ਰਚੀ ਗਈ ਸੀ। ਪੁਲੀਸ ਨੇ ਤਿੰਨ ਜਣਿਆਂ ਅਭਿਸ਼ੇਕ ਕੁਮਾਰ ਅਤੇ ਨਿਹਾਲ ਦੋਵੇਂ ਵਾਸੀ ਪੀਰਖਾਨਾ ਰੋਡ ਖੰਨਾ ਅਤੇ ਤੀਰਥ ਸਿੰਘ ਉਰਫ਼ ਮੰਗਾ ਵਾਸੀ ਰਾਮ ਨਗਰ ਖੰਨਾ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਪੁਲੀਸ ਅਨੁਸਾਰ ਇਸ ਮਾਮਲੇ ਦੀ ਹਰ ਪਹਿਲੂ ਤੋਂ ਜਾਂਚ ਕੀਤੀ ਜਾ ਰਹੀ ਹੈ ਅਤੇ ਲੋੜ ਪੈਣ ’ਤੇ ਸਾਈਬਰ ਸੈਲ ਦੀ ਮਦਦ ਲਈ ਜਾਵੇਗੀ।