ਫ਼ਿਰੋਜ਼ਪੁਰ ’ਚ ਫੌਜੀ ਭਰਤੀ ਦੀ ਅਫਵਾਹ ਨਾਲ ਸੈਂਕੜੇ ਨੌਜਵਾਨ ਪਰੇਸ਼ਾਨ
ਭਾਰਤ-ਪਾਕਿਸਤਾਨ ਵਿਚਾਲੇ ਚੱਲ ਰਹੇ ਤਣਾਅ ਦਰਮਿਆਨ ਫਿਰੋਜ਼ਪੁਰ ਵਿੱਚ ਫੌਜ ’ਚ ਭਰਤੀ ਦੀ ਅਫਵਾਹ ਨੇ ਸੈਂਕੜੇ ਬੇਰੁਜ਼ਗਾਰ ਨੌਜਵਾਨਾਂ ਨੂੰ ਪ੍ਰੇਸ਼ਾਨ ਕਰ ਦਿੱਤਾ। ਇਹ ਅਫਵਾਹ ਵਟਸਐਪ ’ਤੇ ਫੈਲੀ, ਜਿਸ ਕਾਰਨ ਅੱਜ ਸਵੇਰੇ ਦੂਰ-ਦੁਰਾਡੇ ਤੋਂ ਵੱਡੀ ਗਿਣਤੀ ’ਚ ਨੌਜਵਾਨ, ਜਿਨ੍ਹਾਂ ਵਿਚ ਲੜਕੀਆਂ ਵੀ ਸ਼ਾਮਲ ਸਨ, ਸਥਾਨਕ ਸਾਰਾਗੜ੍ਹੀ ਗੁਰਦੁਆਰਾ ਸਾਹਿਬ ਵਿਖੇ ਇਕੱਠੇ ਹੋ ਗਏ। ਕਈ ਲੜਕੀਆਂ ਆਪਣੇ ਮਾਪਿਆਂ ਨਾਲ ਆਈਆਂ ਸਨ।
ਦੁਪਹਿਰ ਤੱਕ ਇਹ ਨੌਜਵਾਨ ਫੌਜ ਦੇ ਅਧਿਕਾਰੀਆਂ ਦੇ ਆਉਣ ਦੀ ਉਡੀਕ ਕਰਦੇ ਰਹੇ, ਪਰ ਬਾਅਦ ਵਿੱਚ ਉਨ੍ਹਾਂ ਨੂੰ ਪਤਾ ਲੱਗਾ ਕਿ ਕਿਸੇ ਨੇ ਝੂਠਾ ਸੁਨੇਹਾ ਫੈਲਾ ਕੇ ਉਨ੍ਹਾਂ ਨੂੰ ਗੁੰਮਰਾਹ ਕੀਤਾ ਹੈ। ਇਨ੍ਹਾਂ ਨੌਜਵਾਨਾਂ ਵਿੱਚੋਂ ਕਈ ਹਰਿਆਣਾ ਦੇ ਸਿਰਸਾ ਜ਼ਿਲ੍ਹੇ ਸਮੇਤ ਇਥੋਂ ਦੇ ਗੁਆਂਢੀ ਜ਼ਿਲ੍ਹਾ ਫ਼ਰੀਦਕੋਟ, ਮੋਗਾ ਤੇ ਫਾਜ਼ਿਲਕਾ ਜ਼ਿਲ੍ਹੇ ਤੋਂ ਵੀ ਆਏ ਸਨ।
ਸੂਚਨਾ ਮਿਲਣ ’ਤੇ ਡੀਸੀ ਦਫ਼ਤਰ ਦੀ ਤਰਫ਼ੋਂ ਤਹਿਸੀਲਦਾਰ ਅਰਵਿੰਦਰ ਸਿੰਘ ਮੌਕੇ ’ਤੇ ਪਹੁੰਚੇ ਅਤੇ ਨੌਜਵਾਨਾਂ ਤੋਂ ਸਾਰੀ ਜਾਣਕਾਰੀ ਇਕੱਠੀ ਕਰਨ ਤੋਂ ਬਾਅਦ, ਉਨ੍ਹਾਂ ਦੱਸਿਆ ਕਿ ਅਜਿਹੀ ਕੋਈ ਭਰਤੀ ਨਹੀਂ ਹੋ ਰਹੀ ਹੈ। ਇਸ ਅਧਿਕਾਰੀ ਨੇ ਨੌਜਵਾਨਾਂ ਨੂੰ ਸ਼ਾਂਤ ਕੀਤਾ ਅਤੇ ਉਨ੍ਹਾਂ ਨੂੰ ਘਰ ਜਾਣ ਲਈ ਕਿਹਾ।
ਇਸ ਘਟਨਾ ਨੇ ਸੋਸ਼ਲ ਮੀਡੀਆ ’ਤੇ ਫੈਲਣ ਵਾਲੀਆਂ ਅਫਵਾਹਾਂ ਦੇ ਖਤਰਨਾਕ ਨਤੀਜਿਆਂ ਨੂੰ ਉਜਾਗਰ ਕੀਤਾ ਹੈ। ਇਹ ਵੀ ਸਪੱਸ਼ਟ ਹੋ ਗਿਆ ਹੈ ਕਿ ਅਜਿਹੇ ਸੰਵੇਦਨਸ਼ੀਲ ਸਮੇਂ ਦੌਰਾਨ, ਲੋਕ ਆਸਾਨੀ ਨਾਲ ਗਲਤ ਜਾਣਕਾਰੀ ਦਾ ਸ਼ਿਕਾਰ ਹੋ ਸਕਦੇ ਹਨ। ਪ੍ਰਸ਼ਾਸਨ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਕਿਸੇ ਵੀ ਜਾਣਕਾਰੀ 'ਤੇ ਵਿਸ਼ਵਾਸ ਕਰਨ ਤੋਂ ਪਹਿਲਾਂ ਉਸ ਦੀ ਪੁਸ਼ਟੀ ਕਰਨ ਅਤੇ ਅਫਵਾਹਾਂ ਫੈਲਾਉਣ ਤੋਂ ਬਚਣ।