ਅਧਿਆਪਕਾਂ ਨੇ ਡੀਈਓ ਦੇ ਪੁਤਲੇ ਸਾੜੇ
ਪੱਤਰ ਪ੍ਰੇਰਕ
ਭਵਾਨੀਗੜ੍ਹ, 20 ਜੁਲਾਈ
ਇੱਥੇ ਅੱਜ ਇੱਥੇ ਬੀਪੀਈਓ ਦਫ਼ਤਰ ਅੱਗੇ ਡੈਮੋਕਰੈਟਿਕ ਟੀਚਰਜ਼ ਫਰੰਟ ਪੰਜਾਬ ਵੱਲੋਂ ਜ਼ਿਲ੍ਹਾ ਸਿੱਖਿਆ ਅਫਸਰ (ਐ. ਸਿੱਖਿਆ) ਸੰਗਰੂਰ ਦਾ ਪੁਤਲਾ ਫੂਕਿਆ ਗਿਆ। ਇਸ ਮੌਕੇ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਦਾਤਾ ਸਿੰਘ ਨਮੋਲ, ਬਲਾਕ ਪ੍ਰਧਾਨ ਸੁਖਜਿੰਦਰ ਸਿੰਘ, ਕੰਵਲਜੀਤ ਸਿੰਘ, ਜਾਨਮਪਰੀਤ ਸਿੰਘ, ਗੁਰਪ੍ਰੀਤ ਸਿੰਘ, ਦਵਿੰਦਰ ਕੌਰ ਅਤੇ ਸਤਵੀਰ ਕੌਰ ਨੇ ਦੱਸਿਆ ਕਿ ਡੀਟੀਐੱਫ ਵੱਲੋਂ ਵੱਖ-ਵੱਖ ਅਧਿਆਪਕ ਮੰਗਾਂ ਮਸਲਿਆਂ ਦੇ ਸਬੰਧ ਵਿੱਚ 1 ਜੂਨ ਨੂੰ ਡੀਈਓ ਸੰਗਰੂਰ ਦੇ ਦਫਤਰ ਅੱਗੇ ਧਰਨਾ ਲਾਇਆ ਗਿਆ ਸੀ। ਇਸ ਧਰਨੇ ਵਿੱਚ ਆ ਕੇ ਡੀਈਓ ਸ਼ਿਵ ਰਾਜ ਕਪੂਰ ਨੇ 10 ਦਨਿਾਂ ਦੇ ਅੰਦਰ ਅਧਿਆਪਕਾਂ ਦੀਆਂ ਮੰਗਾਂ ਪੂਰੀਆਂ ਕਰਨ ਦਾ ਵਾਅਦਾ ਕੀਤਾ ਸੀ। ਪ੍ਰੰਤੂ ਉਨ੍ਹਾਂ ਵੱਲੋਂ ਨਾ ਸਿਰਫ ਜਥੇਬੰਦੀ ਨਾਲ ਵਾਅਦਾਖਿਲਾਫੀ ਕੀਤੀ ਗਈ, ਸਗੋਂ ਅਧਿਆਪਕਾਂ ਵਿੱਚ ਜਥੇਬੰਦੀ ਦਾ ਅਕਸ ਖਰਾਬ ਕਰਨ ਦੀ ਕੋਸ਼ਿਸ਼ ਵੀ ਕੀਤੀ ਗਈ। ਉਨ੍ਹਾਂ ਦੱਸਿਆ ਕਿ ਜਥੇਬੰਦੀ ਦੀ ਜ਼ਿਲ੍ਹਾ ਕਮੇਟੀ ਦੇ ਸੱਦੇ ’ਤੇ ਅੱਜ ਇੱਥੇ ਪੁਤਲਾ ਫੂਕਿਆ ਗਿਆ।
ਲਹਿਰਾਗਾਗਾ (ਪੱਤਰ ਪ੍ਰੇਰਕ): ਡੈਮੋਕ੍ਰੈਟਿਕ ਟੀਚਰਜ਼ ਫਰੰਟ ਪੰਜਾਬ ਜ਼ਿਲ੍ਹਾ ਸੰਗਰੂਰ ਦੀ ਬਲਾਕ ਲਹਿਰਾਗਾਗਾ ਇਕਾਈ ਵੱਲੋਂ ਡੀਈਓ (ਐ.ਸਿੱ.) ਸੰਗਰੂਰ ਦੀ ਅਰਥੀ ਬੀਪੀਈਓ. ਲਹਿਰਾਗਾਗਾ ਦੇ ਦਫ਼ਤਰ ਦੇ ਬਾਹਰ ਫੂਕੀ ਗਈ। ਇਸ ਮੌਕੇ ਜਨਰਲ ਸਕੱਤਰ ਹਰਭਗਵਾਨ ਗੁਰਨੇ, ਬਲਾਕ ਪ੍ਰਧਾਨ ਗੁਰਪ੍ਰੀਤ ਪਿਸ਼ੌਰ ਅਤੇ ਸਕੱਤਰ ਗੁਰਮੀਤ ਸੇਖੂਵਾਸ ਨੇ ਸੰਬੋਧਨ ਕੀਤਾ।