ਪੁਲੀਸ ਨੇ ਡੀਸੀ ਦਫ਼ਤਰ ਅੱਗੇ ਨਾ ਲੱਗਣ ਦਿੱਤਾ ਪੱਕਾ ਮੋਰਚਾ
ਗੁਰਦੀਪ ਸਿੰਘ ਲਾਲੀ/ਰਮੇਸ਼ ਭਾਰਦਵਾਜ
ਸੰਗਰੂਰ/ਲਹਿਰਾਗਾਗਾ, 13 ਜੂਨ
ਜੇਲ੍ਹੀਂ ਡੱਕੇ ਸਾਥੀਆਂ ਦੀ ਰਿਹਾਈ ਲਈ ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਵਲੋਂ ਅੱਜ ਇਥੇ ਡੀਸੀ ਦਫ਼ਤਰ ਅੱਗੇ ਲਗਾਇਆ ਜਾਣ ਵਾਲਾ ਪੱਕਾ ਮੋਰਚਾ ਸੰਗਰੂਰ ਪੁਲੀਸ ਦੀ ਸਖਤੀ ਕਾਰਨ ਨਹੀਂ ਲੱਗ ਸਕਿਆ ਅਤੇ ਸੰਘਰਸ਼ ਕਮੇਟੀ ਦੇ ਜ਼ਿਲ੍ਹਾ ਆਗੂ ਬਿੱਕਰ ਸਿੰਘ ਹਥੋਆ ਨੂੰ ਪੁਲੀਸ ਨੇ ਕਥਿਤ ਤੌਰ ’ਤੇ ਹਿਰਾਸਤ ਵਿਚ ਲੈ ਲਿਆ ਗਿਆ। ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਨੇ ਦਾਅਵਾ ਕੀਤਾ ਹੈ ਕਿ ਬਿੱਕਰ ਸਿੰਘ ਹਥੋਆ ਨੂੰ ਗੱਲਬਾਤ ਲਈ ਬੁਲਾ ਕੇ ਪੁਲੀਸ ਵਲੋਂ ਗ੍ਰਿਫ਼ਤਾਰ ਕਰ ਲਿਆ ਗਿਆ ਅਤੇ ਵੱਖ-ਵੱਖ ਪਿੰਡਾਂ ਤੋਂ ਪੁੱਜਣ ਵਾਲੇ ਸੰਘਰਸ਼ ਕਮੇਟੀ ਦੇ ਕਾਰਕੁਨਾਂ ਨੂੰ ਨਾਕੇਬੰਦੀ ਕਰਕੇ ਸੰਗਰੂਰ ਨਹੀਂ ਆਉਣ ਦਿੱਤਾ ਗਿਆ।
ਪੁਲੀਸ ਦੀ ਗ੍ਰਿਫ਼ਤ ਤੋਂ ਬਾਹਰ ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਦੇ ਜ਼ੋਨਲ ਪ੍ਰਧਾਨ ਮੁਕੇਸ ਮਲੌਦ ਨੇ ਜਾਰੀ ਬਿਆਨ ਵਿਚ ਕਿਹਾ ਕਿ ਪੰਜਾਬ ਦੇ ਦਲਿਤਾਂ ਅਤੇ ਬੇਜ਼ਮੀਨੇ ਲੋਕਾਂ ਵੱਲੋਂ ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਦੀ ਅਗਵਾਈ ਹੇਠ ਜ਼ਮੀਨ ਹੱਦਬੰਦੀ ਕਾਨੂੰਨ 1972 ਲਾਗੂ ਕਰਵਾਉਣ ਅਤੇ ਇਸ ਕਨੂੰਨ ਮੁਤਾਬਿਕ ਵਾਧੂ ਜ਼ਮੀਨਾਂ ਦੀ ਵੰਡ ਕਰਵਾਉਣ ਦੀ ਮੰਗ ਨੂੰ ਲੈਕੇ ਪਿਛਲੇ ਲੰਮੇਂ ਸਮੇਂ ਤੋਂ ਸੰਘਰਸ਼ ਕੀਤਾ ਜਾ ਰਿਹਾ ਹੈ। ਇਸੇ ਤਹਿਤ ਪਿਛਲੇ ਦਿਨੀਂ ਬੇਚਿਰਾਗ ਪਿੰਡ ਦੀ ਜ਼ਮੀਨ ਵਿਚ ਬੇਗਮਪੁਰਾ ਬੇਗਮਪੁਰਾ ਵਸਾਉਣ ਨੂੰ ਲੈ ਕੇ ਸੰਘਰਸ਼ ਕਰਦੇ ਸੈਂਕੜੇ ਕਾਰਕੁਨਾਂ ਨੂੰ ਪੁਲੀਸ ਹਿਰਾਸਤ ਵਿੱਚ ਲਿਆ ਗਿਆ ਸੀ ਅਤੇ ਮੁੜ ਸੰਘਰਸ਼ ਦੇ ਐਲਾਨ ਮਗਰੋਂ ਸਾਰੇ ਕਾਰਕੁਨ ਮਜ਼ਦੂਰਾਂ ਨੂੰ ਰਿਹਾਅ ਕਰ ਦਿੱਤਾ ਗਿਆ ਸੀ ਪਰ ਪਿੰਡ ਸ਼ਾਦੀਹਰੀ ਦੇ 13 ਮਜ਼ਦੂਰਾਂ ਨੂੰ ਰਿਹਾਅ ਨਹੀਂ ਕੀਤਾ ਗਿਆ ਜਿਨ੍ਹਾਂ ਵਿਚ 10 ਮਰਦ ਅਤੇ ਤਿੰਨ ਔਰਤਾਂ ਸ਼ਾਮਲ ਹਨ।
ਉਨ੍ਹਾਂ ਦੱਸਿਆ ਕਿ 2 ਜੂਨ ਨੂੰ ਮੁੱਖ ਮੰਤਰੀ ਦੀ ਕੋਠੀ ਅੱਗੇ ਰੋਸ ਪ੍ਰਦਰਸ਼ਨ ਦਾ ਐਲਾਨ ਮਗਰੋਂ ਸੰਗਰੂਰ ਪ੍ਰਸ਼ਾਸ਼ਨ ਨੇ ਮੀਟਿੰਗ ਕਰਕੇ ਤਿੰਨ ਦਿਨਾਂ ਦੇ ਅੰਦਰ-ਅੰਦਰ ਰਿਹਾਈ ਦਾ ਵਾਅਦਾ ਕੀਤਾ ਸੀ ਅਤੇ 18 ਜੂਨ ਨੂੰ ਪੰਜਾਬ ਦੇ ਤਿੰਨ ਮੰਤਰੀਆਂ ਨਾਲ ਮੀਟਿੰਗ ਕਰਾਉਣ ਦਾ ਵੀ ਵਾਅਦਾ ਕੀਤਾ ਸੀ।
ਉਨ੍ਹਾਂ ਦੱਸਿਆ ਕਿ ਹਾਲੇ ਤੱਕ ਸ਼ਾਦੀਹਰੀ ਦੇ 13 ਮਜ਼ਦੂਰਾਂ ਨੂੰ ਰਿਹਾਅ ਨਹੀਂ ਕੀਤਾ ਗਿਆ ਅਤੇ ਪ੍ਰਸਾਸ਼ਨ ਵਲੋਂ ਵਾਅਦਾ ਖ਼ਿਲਾਫ਼ੀ ਕੀਤੀ ਗਈ ਹੈ। ਸਰਕਾਰ ਤੇ ਪ੍ਰਸ਼ਾਸ਼ਨ ਦੇ ਅਜਿਹੇ ਰਵੱਈਏ ਖ਼ਿਲਾਫ਼ 13 ਜੂਨ ਤੋਂ ਡੀਸੀ ਦਫ਼ਤਰ ਅੱਗੇ ਪੱਕਾ ਮੋਰਚਾ ਲਾਉਣ ਦਾ ਐਲਾਨ ਕੀਤਾ ਗਿਆ ਸੀ ਪਰ ਅੱਜ ਪੁਲੀਸ ਵਲੋਂ ਪਿੰਡਾਂ ਦੀ ਘੇਰਾਬੰਦੀ ਕਰਕੇ ਅਤੇ ਨਾਕੇਬੰਦੀ ਕਰਕੇ ਦਲਿਤ ਵਰਗ ਦੇ ਲੋਕਾਂ ਨੂੰ ਸੰਗਰੂਰ ਨਹੀਂ ਆਉਣ ਦਿੱਤਾ ਗਿਆ ਜੋ ਕਿ ਸ਼ਰੇਆਮ ਜਮਹੂਰੀਅਤ ਦੀ ਉਲੰਘਣਾ ਹੈ। ਉਨ੍ਹਾਂ ਦੋਸ਼ ਲਾਇਆ ਕਿ ਪਿੰਡਾਂ ਅੰਦਰ ਹੀ ਲੋਕਾਂ ਨੂੰ ਬੰਦੀ ਬਣਾਇਆ ਗਿਆ।
ਉਨ੍ਹਾਂ ਦਾਅਵਾ ਕੀਤਾ ਕਿ ਸੰਘਰਸ਼ ਕਮੇਟੀ ਦੇ ਜ਼ੋਨਲ ਆਗੂ ਬਿੱਕਰ ਸਿੰਘ ਹਥੋਆ ਨੂੰ ਪੁਲੀਸ ਪ੍ਰ੍ਰਸ਼ਾਸਨ ਵਲੋਂ ਗੱਲਬਾਤ ਲਈ ਬੁਲਾ ਕੇ ਧੋਖੇ ਨਾਲ ਗ੍ਰਿਫ਼ਤਾਰ ਕਰ ਲਿਆ ਗਿਆ। ਉਨ੍ਹਾਂ ਕਿਹਾ ਕਿ ਸਰਕਾਰ ਦਲਿਤਾਂ ਅਤੇ ਬੇਜ਼ਮੀਨੇ ਲੋਕਾਂ ਦੇ ਸੰਘਰਸ਼ ਨੂੰ ਸੱਤਾ ਦੇ ਜ਼ੋਰ ਨਾਲ ਕੁਚਲਣ ਦੇ ਰਾਹ ਪੈ ਗਈ ਹੈ ਜਿਸ ਨੂੰ ਕਿਸੇ ਵੀ ਕੀਮਤ ’ਤੇ ਬਰਦਾਸ਼ਤ ਨਹੀਂ ਕੀਤਾ ਜਾਵੇਗਾ।
ਇਨਸਾਫ਼ ਸੰਘਰਸ਼ ਕਮੇਟੀ ਵੱਲੋਂ ਪਿੰਡਾਂ ’ਚ ਮੁਜ਼ਾਹਰੇ
ਲਹਿਰਾਗਾਗਾ: ਇੱਥੇ ਅੱਜ ਅਤਿ ਦੀ ਗਰਮੀ ਤੇ ਲੋਅ ਵਿੱਚ ਕਿਸਾਨ ਆਗੂ ਨਿਰਭੈ ਸਿੰਘ ਖਾਈ ਨੂੰ ਇਨਸਾਫ ਦਿਵਾਉਣ ਲਈ ਰੋਸ ਪ੍ਰਦਰਸ਼ਨ ਜਾਰੀ ਰਿਹਾ। ਪਿੰਡ ਗੁਰਨੇ ਕਲਾਂ ਤੇ ਰਾਮਪੁਰਾ ਜਵਾਹਰਵਾਲਾ ਵਿੱਚ ਪੁਤਲਾ ਫੂਕ ਕੇ ਰੋਸ ਪ੍ਰਦਰਸ਼ਨ ਕੀਤਾ। ਕਿਸਾਨ ਆਗੂ ਨਿਰਭੈ ਸਿੰਘ ਖਾਈ ਤੇ ਭੂਮਾਫੀਆ ਗਰੋਹ ਵੱਲੋਂ ਕੀਤੇ ਕਾਤਲਾਨਾ ਹਮਲੇ ਸਬੰਧੀ ਇਨਸਾਫ਼ ਸੰਘਰਸ਼ ਕਮੇਟੀ ਲਗਾਤਾਰ ਪਿੰਡਾਂ ’ਚ ਪੰਜਾਬ ਸਰਕਾਰ ਖ਼ਿਲਾਫ਼ ਰੋਸ ਪ੍ਰਦਰਸ਼ਨ ਕਰ ਰਹੀ ਹੈ ਜਿੱਥੇ ਤਪਸ਼ ਭਰੀ ਗਰਮੀ ਤੇ ਵਗ ਰਹੀਂ ਲੋਅ ਚ ਹਰ ਕੋਈ ਵਿਅਕਤੀ ਬਾਹਰ ਨਹੀ ਨਿਕਲ ਰਿਹਾ ਉੱਥੇ ਹੀ ਇਨਸਾਫ਼ ਸੰਘਰਸ਼ ਕਮੇਟੀ ਵੱਲੋ ਨਿਰਭੈ ਸਿੰਘ ਖਾਈ ਨੂੰ ਇਨਸਾਫ਼ ਦਿਵਾਉਣ ਲਈ ਪਿੰਡਾਂ ਦੀਆਂ ਸੱਥਾਂ ਵਿੱਚ ਜਾ ਕੇ ਆਮ ਆਦਮੀ ਪਾਰਟੀ ਦੇ ਕਾਰਨਾਮਿਆਂ ਬਾਰੇ ਲੋਕਾਂ ਨੂੰ ਦੱਸਿਆ ਜਾ ਰਿਹਾ ਹੈ। ਇਨਸਾਫ਼ ਕਮੇਟੀ ਦੇ ਆਗੂਆਂ ਨੇ ਦੱਸਿਆ ਕਿ ਚੋਣਾਂ ਵੇਲੇ ਆਮ ਆਦਮੀ ਪਾਰਟੀ ਕਹਿੰਦੀ ਸੀ ਕੀ ਉਨ੍ਹਾਂ ਦੀ ਸਰਕਾਰ ’ਚ ਕੋਈ ਵਿਅਕਤੀ ਬੇਰੁਜ਼ਗਾਰ ਨਹੀਂ ਹੋਵੇਗਾ ਤੇ ਨਾ ਹੀ ਨਸ਼ਾ, ਗੁੰਡਾਗਰਦੀ ਹੋਵੇਗੀ ਪਰ ਸਰਕਾਰ ਦੀਆਂ ਇਹ ਗੱਲਾਂ ਬਿਲਕੁਲ ਝੂਠ ਸਾਬਤ ਹੋਈਆਂ ਹਨ। ਇਸੇ ਤਹਿਤ ਪੁਲੀਸ ਤੇ ਸਿਆਸੀ ਸ਼ਹਿ ਪ੍ਰਾਪਤ ਮੁਲਜ਼ਮਾਂ ਨੇ ਨਿਰਭੈ ਸਿੰਘ ਖਾਈ ਤ’ੇ ਕਾਤਲਾਨਾ ਹਮਲਾ ਕਰਕੇ ਦੋਵੇ ਲੱਤਾਂ ਤੇ ਬਾਂਹ ਤੋੜ ਦਿੱਤੀ ਸੀ। ਕਰੀਬ 50 ਦਿਨ ਬੀਤਣ ਤੋਂ ਬਾਅਦ ਵੀ ਮੁਲਜ਼ਮ ਪੁਲੀਸ ਦੀ ਗ੍ਰਿਫ਼ਤ ਤੋਂ ਬਾਹਰ ਹਨ। ਦੋਸ਼ੀਆਂ ਨੂੰ ਗ੍ਰਿਫ਼ਤਾਰ ਕਰਾਉਣ ਲਈ ਅੱਜ ਪਿੰਡ ਗੁਰਨੇ ਕਲਾਂ ਤੇ ਰਾਮਪੁਰਾ ਜਵਾਹਰਵਾਲਾ ਵਿਚ ਕੈਬਨਿਟ ਮੰਤਰੀ ਬਰਿੰਦਰ ਗੋਇਲ ਦਾ ਪੁਤਲਾ ਪਿੰਡਾਂ ਵਿੱਚ ਘੁੰਮਾ ਕੇ ਰੋਸ ਪ੍ਰਦਰਸ਼ਨ ਕੀਤਾ ਤੇ ਲੋਕਾਂ ’ਚ ਹੱਥ ਪਰਚੇ ਵੰਡੇ ਗਏ। ਲੋਕਾਂ ਨੇ ਜਿੱਥੇ ਸੰਘਰਸ਼ ਕਮੇਟੀ ਦਾ ਸਾਥ ਦੇਣ ਦੀ ਅਪੀਲ ਕੀਤੀ ਉੱਥੇ ਹੀ ਆਮ ਆਦਮੀ ਪਾਰਟੀ ਦੀ ਸਖ਼ਤ ਸ਼ਬਦਾਂ ਵਿੱਚ ਆਲੋਚਨਾ ਵੀ ਕੀਤੀ। ਇਸ ਮੌਕੇ ਕਿਸਾਨ ਆਗੂ ਹਰਵਿੰਦਰ ਸਿੰਘ ਮਾਨ,ਗੁਰਤੇਜ ਸਿੰਘ ਖੰਡੇਬਾਦ, ਬਲਵਿੰਦਰ ਸਿੰਘ ਘੋੜੇਨਬ, ਲਾਭ ਸਿੰਘ ਗੁਰਨੇ, ਸ਼ਿਵਰਾਜ ਸਿੰਘ ਗੁਰਨੇ, ਪਾਲ ਖਾਈ, ਦਰਸ਼ਨ ਖਾਈ, ਰਾਮ ਸਿੰਘ ਖਾਈ, ਲੋਕ ਚੇਤਨਾ ਮੰਚ ਵੱਲੋ ਗੁਰਚਰਨ ਸਿੰਘ, ਕਿਰਤੀ ਦਲ ਵੱਲੋਂ ਬੱਬੀ ਲਹਿਰਾ, ਡੈਮੋਕ੍ਰੈਟਿਕ ਟੀਚਰਜ਼ ਫਰੰਟ ਵੱਲੋਂ ਸੁਖਵਿੰਦਰ ਸਿੰਘ ਗਿਰ, ਮਨਜੀਤ ਲਹਿਰਾ, ਰਮਨ ਲਹਿਰਾ, ਮੇਘ ਰਾਜ, ਪਰਦੀਪ ਬਾਂਸਲ ਹਾਜ਼ਰ ਸਨ।