ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਕਹਾਣੀਆਂ

12:42 PM Dec 15, 2022 IST

ਅੰਗੂਠਾ

Advertisement

ਰਿਪੁਦਮਨ ਸਿੰਘ ਰੂਪ

ਹਰਚਰਨ ਸਿੰਘ ਨੇ ਆਪਣੀਆਂ ਨਵੀਆਂ ਲਿਖੀਆਂ ਦੋ ਕਵਿਤਾਵਾਂ ਵੱਟਸਐਪ ਉੱਤੇ ਪਾ ਦਿੱਤੀਆਂ ਤਾਂ ਜੋ ਸੈਂਕੜੇ ਲੋਕ ਪੜ੍ਹ ਕੇ ਆਪਣੀ ਰਾਇ ਦੇ ਸਕਣ। ਨਾਲੇ ਉਹਦੀਆਂ ਕਵਿਤਾਵਾਂ ਦੂਰ ਤੱਕ ਅੱਗੋਂ ਦੀ ਅੱਗੇ ਚਲੀਆਂ ਜਾਣਗੀਆਂ। ਅੱਜਕੱਲ੍ਹ ਸੋਸ਼ਲ ਮੀਡੀਆ ਦਾ ਹੀ ਜ਼ਮਾਨਾ ਹੈ। ਅਖ਼ਬਾਰਾਂ-ਰਸਾਲਿਆਂ ਤੇ ਕਿਤਾਬਾਂ ਨੂੰ ਲੋਕ ਘੱਟ ਹੀ ਪੜ੍ਹਦੇ ਹਨ।

Advertisement

ਵੱਟਸਐਪ ਉੱਤੇ ਕਵਿਤਾਵਾਂ ਪਾਉਂਦਿਆਂ ਹੀ ਉਹਨੂੰ ਲੋਕਾਂ ਦੇ ਸੰਦੇਸ਼ ਆਉਣੇ ਸ਼ੁਰੂ ਹੋ ਗਏ। ਨਾਈਸ! ਗੁੱਡ!! ਕੀਪ ਇਟ ਅੱਪ!!! ਉਹ ਖ਼ੁਸ਼ ਹੋ ਰਿਹਾ ਸੀ। ਦੇਖੋ! ਇੰਨੀ ਛੇਤੀ ਉਹਦੀਆਂ ਕਵਿਤਾਵਾਂ ਕਿੰਨੇ ਲੋਕਾਂ ਨੇ ਪੜ੍ਹ ਲਈਆਂ ਹਨ ਅਤੇ ਕਈਆਂ ਨੇ ਕਵਿਤਾਵਾਂ ਦੇ ਚੰਗੀਆਂ ਹੋਣ ਕਾਰਨ ਆਪਣੇ ਅੰਗੂਠੇ ਉਪਰ ਚੁੱਕੇ ਹੋਏ ਸਨ। ਹਰਚਰਨ ਸਿੰਘ ਬਹੁਤ ਪ੍ਰਸੰਨ ਹੋ ਰਿਹਾ ਸੀ।

ਪ੍ਰਸਿੱਧ ਆਲੋਚਕ ਹਰਦੀਪ ਉਸ ਦਾ ਨਿੱਘਾ ਮਿੱਤਰ ਸੀ। ਉਸ ਵੱਲੋਂ ਵੀ ਸੰਦੇਸ਼ ਆਇਆ, ‘ਬਾਕਮਾਲ! ਭਾਵਪੂਰਤ!!’ ਅਤੇ ਨਾਲ ਹੀ ਅੰਗੂਠਾ ਵੀ ਉਪਰ ਕੀਤਾ ਹੋਇਆ ਸੀ। ਖ਼ੁਸ਼ੀ ‘ਚ ਖੀਵੇ ਹੋਏ ਹਰਚਰਨ ਨੇ ਹਰਦੀਪ ਨੂੰ ਫ਼ੋਨ ਲਾਇਆ, ”ਕਿਉਂ ਹਰਦੀਪ ਕਿਹੜੀ ਕਵਿਤਾ ਤੈਨੂੰ ਚੰਗੀ ਲੱਗੀ? ਤੂੰ ਉਸ ਨੂੰ ਕਿਵੇਂ ਸਮਝਿਆ? ਤੇਰੀ ਰਾਇ ਦਾ ਮਤਲਬ ਹੈ ਯਾਰ ਮੇਰੇ ਲਈ।”

”ਯਾਰ ਹਰਚਰਨ, ਮੈਂ ਤੇਰੇ ਨਾਲ ਝੂਠ ਨਹੀਂ ਬੋਲ ਸਕਦਾ। ਇਹ ਇੱਕ ਟੈਕਸਟ ਮੈਸੇਜ ਬਣਾ ਕੇ ਰੱਖਿਆ ਹੋਇਐ। ਮੇਰਾ ਵੱਟਸਐਪ ਅਤੇ ਫੇਸਬੁੱਕ ਲੋਕਾਂ ਦੀਆਂ ਕਹਾਣੀਆਂ-ਕਵਿਤਾਵਾਂ ਅਤੇ ਲੇਖਾਂ ਨਾਲ ਭਰੇ ਰਹਿੰਦੇ ਹਨ। ਕਿਸੇ ਦੀ ਰਚਨਾ ਆਵੇ ਤਾਂ ਇਹੋ ਮੈਸੇਜ ਭੇਜ ਦਿੰਦਾ ਹਾਂ ਤੇ ਅਗਲੇ ਦਾ ਰਾਂਝਾ ਰਾਜ਼ੀ ਹੋ ਜਾਂਦੈ। ਅਸਲ ਵਿੱਚ ਮੈਂ ਤੇਰੀ ਕੋਈ ਕਵਿਤਾ ਨਹੀਂ ਪੜ੍ਹੀ। ਪਰ ਯਾਰ ਪੜੂੰਗਾ ਜ਼ਰੂਰ… ਅਤੇ ਪੜ੍ਹ ਕੇ ਆਪਣੀ ਰਾਇ ਦੇਵਾਂਗਾ।” ਇਸ ਤੋਂ ਪਹਿਲਾਂ ਕਿ ਹਰਚਰਨ ਕੁਝ ਬੋਲਦਾ, ਹਰਦੀਪ ਨੇ ਫ਼ੋਨ ਕੱਟ ਦਿਤਾ।

ਹਰਚਰਨ ਸੁਣ ਕੇ ਹੱਕਾ ਬੱਕਾ ਰਹਿ ਗਿਆ। ਖੜ੍ਹੇ ਅੰਗੂਠੇ ਤੇ ਤਾਰੀਫ਼ਾਂ ਦੇ ਸੰਦੇਸ਼ ਉਸ ਦਾ ਮੂੰਹ ਚਿੜਾ ਰਹੇ ਸਨ।

ਸੰਪਰਕ: 98767-68960

* * *

ਬਾਬੇ ਦਾ ਮਰਨਾ…

ਬਰਜਿੰਦਰ ਕੌਰ ਬਿਸਰਾਓ

ਜਗੀਰ ਸਿਹੁੰ ਦੇ ਘਰ ਵਿੱਚ ਚਹਿਲ ਪਹਿਲ ਸੀ। ਵੱਡੇ ਤੜਕੇ ਤੋਂ ਹੀ ਹਲਵਾਈ ਇੱਕ ਕੋਨੇ ਵਿੱਚ ਪਕਵਾਨ ਬਣਾ ਰਹੇ ਸਨ। ਉਂਜ ਘਰ ਵਿੱਚ ਚਿੱਟੀ ਕਨਾਤ ਲੱਗੀ ਹੋਈ ਸੀ। ਅੱਜ ਨੱਥੇ ਬਾਬੇ ਦਾ ਵੱਡਾ ਸੀ। ਪੂਰੇ ਦਸ ਦਿਨ ਹੋ ਗਏ ਸਨ ਉਸ ਨੂੰ ਪੂਰੇ ਹੋਏ ਨੂੰ। ਵੱਡੇ ਸਾਰੇ ਵਿਹੜੇ ਵਿੱਚ ਦਰੀਆਂ ਵਿਛੀਆਂ ਹੋਈਆਂ ਸਨ। ਇੱਕ ਪਾਸੇ ਚਾਹ ਪਾਣੀ ਖ਼ਾਤਰ ਮੇਜ਼ ਲੱਗੇ ਹੋਏ ਸਨ। ਰਿਸ਼ਤੇਦਾਰਾਂ ਨੂੰ ਦੇਣ ਲਈ ਜਲੇਬੀਆਂ ਕੱਲ੍ਹ ਕੱਢ ਲਈਆਂ ਸਨ। ਉਹ ਤਾਂ ਰਾਤ ਹੀ ਮੁੰਡਿਆਂ ਨੇ ਲਿਫ਼ਾਫ਼ਿਆਂ ਵਿੱਚ ਪਾ ਕੇ ਰੱਖ ਦਿੱਤੀਆਂ ਸਨ।

ਨੌਂ ਕੁ ਵਜੇ ਬੁੜ੍ਹੀਆਂ ਦੂਰੋਂ ਹੀ ਕੀਰਨੇ ਪਾਉਂਦੀਆਂ ਆਉਣ ਲੱਗੀਆਂ। ਦਰੀਆਂ ‘ਤੇ ਬੈਠ ਕੇ ਇੱਕ ਅੱਧਾ ਮਿੰਟ ਇੱਕ ਦੂਜੇ ਦੇ ਗਲ਼ ਮਿਲ ਕੇ, ਝੂਠ ਮੂਠ ਦੇ ਰੋਣ ਦੀਆਂ ਉੱਚੀਆਂ ਉੱਚੀਆਂ ਕੀਰਨਿਆਂ ਦੀਆਂ ਹੇਕਾਂ ਲਾ ਕੇ ਇੱਕ ਪਾਸੇ ਨੂੰ ਹੋ ਕੇ ਬੈਠ ਜਾਂਦੀਆਂ ਤਾਂ ਘਰਦਿਆਂ ‘ਚੋਂ ਕੋਈ ਆ ਕੇ ਨੀਵਾਂ ਜਿਹਾ ਹੋ ਕੇ ਹੱਥ ਬੰਨ੍ਹ ਕੇ ਚਾਹ ਪੀਣ ਦੀ ਬੇਨਤੀ ਕਰਦਾ ਤਾਂ ਉਹ ਚਾਹ ਪਾਣੀ ਪੀਣ ਲੱਗਦੀਆਂ। ਜਦ ਨੂੰ ਹੋਰ ਰਿਸ਼ਤੇਦਾਰੀ ‘ਚੋਂ ਬੁੜ੍ਹੀਆਂ ਆ ਜਾਂਦੀਆਂ। ਪਹਿਲੀਆਂ ਚਾਹ ਪੀ ਕੇ ਦਰੀਆਂ ‘ਤੇ ਬੈਠ ਜਾਂਦੀਆਂ ਤੇ ਇਧਰ ਉਧਰ ਦੀਆਂ ਗੱਲਾਂ ਮਾਰਦੀਆਂ, ਇੰਝ ਲੱਗਦਾ ਜਿਵੇਂ ਉਹ ਮਰਨੇ ‘ਤੇ ਨਹੀਂ ਸਗੋਂ ਕਿਸੇ ਖ਼ੁਸ਼ੀ ਦੇ ਸਮਾਗਮ ‘ਤੇ ਆਈਆਂ ਹੋਣ। ਨਵੀਆਂ ਆਉਣ ਵਾਲੀਆਂ ਬੁੜ੍ਹੀਆਂ ਨੂੰ ਰੋਣ ਤੋਂ ਰੋਕਣ ਲਈ ਕੋਈ ਨਾ ਕੋਈ ਵਿੱਚੋਂ ਹੀ ਆਖਦੀ, ”ਸੁੱਖ ਨਾਲ ਰੋਣਾ ਕਾਹਤੋਂ ਐ ਭਾਈ… ਕਰਮਾਂ ਵਾਲਾ ਸੀ ਨੱਥਾ ਸਿਹੁੰ… ਐਡੇ ਭਰੇ ਪਰਿਵਾਰ ਨੂੰ ਛੱਡ ਕੇ ਗਿਆ ਪਿੱਛੇ…।” ਜਦ ਨੂੰ ਹੋਰ ਬੋਲਦੀ, ”ਰੋਵੋ ਨਾ ਭਾਈ… ਖਾ ਹੰਢਾ ਕੇ ਗਿਆ ਸੁੱਖ ਨਾਲ… ‘ਗਾਂਹ ਆਲ਼ਿਆਂ ਦੀ ਵੀ ਖੈਰ ਮਨਾਉਣੀ ਐ…।” ਹੋਰ ਬੋਲਦੀ, ”ਊਂ ਚਾਹ ਪਾਣੀ ਤਾਂ ਸੋਹਣਾ… ਪਕੌੜੇ ਥੋੜੇ ਜਿਹੇ ਕੱਚੇ ਲੱਗੇ ਮੈਨੂੰ… ਰੋਟੀ ‘ਚ ਪਤਾ ਨੀ ਕੀ ਹੋਊ…।” ਇੱਕ ਹੋਰ ਬੋਲੀ, ”ਅਸੀਂ ਤਾਂ ਸਾਡੇ ਬਾਪੂ ਜੀ ਵੇਲੇ ਪਕੌੜੇ ਵੀ ਤਿੰਨ ਕਿਸਮਾਂ ਦੇ ਬਣਵਾਏ ਸੀ… ਬਰਫ਼ੀ ਵੀ ਦੋ ਕਿਸਮ ਦੀ ਸੀ…!”

ਜਦ ਨੂੰ ਕੋਈ ਪਿੰਡ ਦਾ ਬੰਦਾ ਹੀ ਆ ਕੇ ਕਹਿੰਦਾ, ”ਭਾਈ ਗੁਰਦੁਆਰੇ ਕੀਰਤਨ ਸ਼ੁਰੂ ਹੋ ਗਿਆ… ਜਿਹੜੇ ਚਾਹ ਪਾਣੀ ਪੀ ਜਾਂਦੇ ਆ… ਉਹ ਗੁਰਦੁਆਰੇ ਜਾ ਕੇ ਬੈਠਣਾ ਸ਼ੁਰੂ ਕਰੋ…।”

ਬੁੜ੍ਹੀਆਂ ਦੀ ਬੀਹੀ ਭਰੀ ਹੋਈ। ਦੋ ਦੋ ਚਾਰ ਚਾਰ ਜਾਣੀਆਂ ਗੱਲਾਂ ਮਾਰਦੀਆਂ ਗੁਰਦੁਆਰੇ ਪਹੁੰਚਣੀਆਂ ਸ਼ੁਰੂ ਹੋ ਗਈਆਂ। ਉੱਥੇ ਹੀ ਰੋਟੀ ਪਾਣੀ ਦਾ ਪ੍ਰਬੰਧ ਕੀਤਾ ਗਿਆ ਸੀ। ਹੌਲੀ ਹੌਲੀ ਗੁਰਦੁਆਰੇ ਦਾ ਹਾਲ ਭਰਦਾ ਗਿਆ। ਕੀਰਤਨ ਕਥਾ ਕਰਦੇ ਬਾਬੇ ਨੇ ਕਈ ਗਲਾਕੜ ਬੀਬੀਆਂ ਨੂੰ ਚੁੱਪਚਾਪ ਕੀਰਤਨ ਸੁਣਨ ਦੀ ਚਿਤਾਵਨੀ ਵੀ ਦਿੱਤੀ। ਚਲੋ ਭੋਗ ਪੈ ਗਿਆ। ਨੱਥੇ ਬਾਬੇ ਨੂੰ ਸ਼ਰਧਾਂਜਲੀਆਂ ਦੇ ਨਾਲ ਨਾਲ ਦੋਵੇਂ ਪੁੱਤਾਂ ਦੀ ਵਡਿਆਈ ਵੀ ਖ਼ੂਬ ਕਰਦੇ। ਜਗੀਰ ਸਿੰਘ ਦਾ ਕੋਈ ਹਮਾਇਤੀ ਖੜ੍ਹਾ ਹੋ ਕੇ ਬਾਬੇ ਨੂੰ ਸ਼ਰਧਾਂਜਲੀ ਦੇਣ ਤੋਂ ਬਾਅਦ ਆਪਣੇ ਦੋਸਤ ਦੀ ਵਡਿਆਈ ਕਰਨ ਲੱਗਿਆ, ”ਸ਼ਾਬਾਸ਼ੇ ਆ ਜਗੀਰ ਸਿੰਘ ਤੇ ਉਸ ਦੇ ਪਰਿਵਾਰ ਦੇ… ਇਨ੍ਹਾਂ ਲਾਇਕ ਬੱਚਿਆਂ ਨੇ ਆਪਣੇ ਪਿਤਾ ਜੀ ਦੀ ਬਹੁਤ ਤਨਦੇਹੀ ਨਾਲ ਸੇਵਾ ਸੰਭਾਲ ਕੀਤੀ… ਇਹੋ ਜਿਹੀ ਲਾਇਕ ਔਲਾਦ ਘਰ ਘਰ ਹੋਵੇ…!” ਹਰਮੀਤ ਤੇ ਉਸ ਦੀ ਪਤਨੀ ਨੂੰ ਵੱਟ ਚੜ੍ਹ ਰਿਹਾ ਸੀ। ਉਹ ਆਪਣੀ ਜਗ੍ਹਾ ਸਹੀ ਸਨ ਕਿਉਂਕਿ ਪਿਛਲੇ ਪੰਦਰਾਂ ਦਨਿਾਂ ਤੋਂ ਉਹ ਪਿਓ ਨੂੰ ਹਸਪਤਾਲਾਂ ਵਿੱਚ ਚੁੱਕੀ ਫਿਰਦੇ ਸਨ।

ਦਰਅਸਲ, ਨੱਥਾ ਸਿਹੁੰ ਦੇ ਦੋ ਪੁੱਤਰ ਹੀ ਸਨ। ਉਸ ਦਾ ਵੱਡਾ ਪੁੱਤ ਨੂੰਹ ਪਿੰਡ ਰਹਿੰਦੇ ਸਨ। ਨੱਥਾ ਸਿਹੁੰ ਉਨ੍ਹਾਂ ਕੋਲ ਹੀ ਰਹਿੰਦਾ ਸੀ। ਹਰਮੀਤ ਛੋਟਾ ਪੁੱਤਰ ਸ਼ਹਿਰ ਵਿੱਚ ਨੌਕਰੀ ਕਰਦਾ ਹੋਣ ਕਰਕੇ ਉਹ ਤੇ ਉਸ ਦਾ ਪਰਿਵਾਰ ਸ਼ਹਿਰ ਵਿੱਚ ਹੀ ਰਹਿੰਦੇ ਸਨ। ਜਦੋਂ ਤੋਂ ਨੱਥਾ ਸਿਹੁੰ ਨੇ ਮੰਜਾ ਫੜਿਆ ਸੀ ਉਦੋਂ ਤੋਂ ਹੀ ਵੱਡਾ ਨੂੰਹ ਪੁੱਤ ਉਸ ਨੂੰ ਦੁਰਪਰੇ ਦੁਰਪਰੇ ਕਰਦੇ ਸਨ। ਜਦ ਨੱਥਾ ਸਿਹੁੰ ਤੋਂ ਲਾਚਾਰੀ ਵਿੱਚ ਉਲਟੀ ਜਾਂ ਪਿਸ਼ਾਬ ਨਾਲ ਬੇਬਸੀ ਵਿੱਚ ਗੰਦ ਪੈ ਜਾਂਦਾ ਤਾਂ ਜਗੀਰੇ ਦੀ ਘਰਵਾਲ਼ੀ ਬੋਲਦੀ, ”ਤੂੰ ਸਾਨੂੰ ਦੱਦ ਲੱਗਿਆ ਹੋਇਆਂ… ਛੋਟੇ ਕੋਲ਼ ਜਾ ਮਰ… ਅਗਲੇ ਸ਼ਹਿਰ ‘ਚ ਐਸ਼ਾਂ ਕਰਦੇ ਫਿਰਦੇ ਆ… ਤੇ ਐਥੇ ਮੈਂ ਨਰਕ ਧੋਣ ਨੂੰ…।” ਛੋਟਾ ਤਾਂ ਉਸ ਨੂੰ ਕਈ ਵਾਰ ਲੈਣ ਆਇਆ ਸੀ ਪਰ ਨੱਥਾ ਸਿਹੁੰ ਨੇ ਇਹ ਕਹਿ ਕੇ ਮਨ੍ਹਾਂ ਕਰ ਦਿੱਤਾ ਸੀ ਕਿ ਸ਼ਹਿਰ ਵਿੱਚ ਉਸ ਦਾ ਦਿਲ ਨਹੀਂ ਲੱਗਦਾ। ਫਿਰ ਵੀ ਹਰਮੀਤ ਆਪਣੇ ਪਿਓ ਕੋਲ ਚੱਕਰ ਲਾਉਂਦਾ ਰਹਿੰਦਾ ਸੀ। ਵੱਡੀ ਨੂੰਹ ਬੁੜ ਬੁੜ ਕਰਦੀ ਸਾਰਾ ਦਿਨ ਉਹਨੂੰ ਬੁਰਾ ਭਲਾ ਬੋਲਦੀ। ਨੱਥਾ ਸਿਹੁੰ ਅਸਲ ਵਿੱਚ ਵੱਧ ਬਿਮਾਰ ਹੀ ਉਸ ਦੇ ਤਿੱਖੇ ਬੋਲਾਂ ਨੂੰ ਦਿਲ ‘ਤੇ ਲਾਉਣ ਕਰਕੇ ਹੋਇਆ ਸੀ। ਅਖੀਰਲੇ ਸਮੇਂ ਤਾਂ ਛੋਟਾ ਹੀ ਹਸਪਤਾਲ ਲੈ ਕੇ ਗਿਆ ਸੀ ਤੇ ਉਸ ਨੇ ਆਪਣੇ ਪਿਓ ਲਈ ਦਿਨ ਰਾਤ ਇੱਕ ਕਰ ਦਿੱਤਾ ਸੀ। ਨੱਥੇ ਨੇ ਛੋਟੇ ਦੇ ਹੱਥਾਂ ਵਿੱਚ ਹੀ ਦਮ ਤੋੜਿਆ ਸੀ।

ਗੁਰਦੁਆਰੇ ਬੈਠੀ ਜਗੀਰੇ ਦੀ ਘਰਵਾਲੀ ਆਪਣੀ ਤਾਰੀਫ਼ ਸੁਣ ਕੇ ਆਪਣੇ ਆਪ ਨੂੰ ਹੋਰ ਸਿਆਣੀ ਸਾਬਿਤ ਕਰਦੀ ਹੋਈ ਬੁੜ੍ਹੀਆਂ ਵਿੱਚ ਬੈਠੀ ਵਡਿਆਈਆਂ ਕਰਦੀ, ”ਮੈਂ ਬਾਪੂ ਜੀ ਦੀ ਸੇਵਾ ਵਿੱਚ ਕੋਈ ਕਸਰ ਨੀ ਛੱਡੀ… ਮੈਂ ਤਾਂ ਪਹਿਲਾਂ ਈ ਸਭ ਨੂੰ ਕਹਿ ਦਿੱਤਾ ਸੀ… ਸਾਡੇ ਬਾਬਾ ਜੀ ਦਾ ਮਰਨਾ ਤਾਂ ਅਸੀਂ ਐਨਾ ਵਧੀਆ ਕਰਾਂਗੇ ਕਿ ਸਾਰਾ ਪਿੰਡ ਦੇਖੂ…। ਦੇਖ ਲਓ… ਅਸੀਂ ਕਿਹੜਾ ਸਿਖਾ ਕੇ ਭੇਜਿਆ… ਆਪ ਸ਼ੋਭਾ ਕਰਦੇ ਆ ਲੋਕ…!” ਕਹਿ ਕੇ ਟੇਢੀ ਜਿਹੀ ਅੱਖ ਨਾਲ ਆਪਣੀ ਸ਼ਹਿਰ ਵਾਲੀ ਦਰਾਣੀ ਵੱਲ ਨੂੰ ਦੇਖਦੀ ਹੈ। ਹਰਮੀਤ ਦੀ ਘਰਵਾਲੀ ਸਭ ਕੁਝ ਕਰ ਕਰਾ ਕੇ ਵੀ ਨਿੰਮੋਝੂਣੀ ਜਿਹੀ ਹੋਈ ਬੈਠੀ ਸੀ। ਉਸ ਨੂੰ ਲੱਗ ਰਿਹਾ ਸੀ ਜਿਵੇਂ ਉਹ ਸਭ ਕੁਝ ਹਾਰ ਗਈ ਹੋਵੇ। ਨਾਲ ਬੈਠੀਆਂ ਪਿੰਡ ਦੀਆਂ ਬੁੜ੍ਹੀਆਂ ਕਹਿੰਦੀਆਂ, ”ਸ਼ਾਬਾਸ਼ੇ ਭਾਈ ਸ਼ਾਬਾਸ਼ੇ! ਤੇਰੇ ਵਰਗੀਆਂ ਲੈਕ ਤਾਂ ਘਰ ਘਰ ਆਉਣ… ਘਰਾਣੇ ਘਰਾਂ ਦੀਆਂ ਦੀ ਇਹੀ ਤਾਂ ਪਛਾਣ ਹੁੰਦੀ ਆ…।” ਜਗੀਰੇ ਦੀ ਘਰਵਾਲੀ ਬਾਬੇ ਦਾ ਵੱਡਾ ਕਰ ਕੇ ਰਿਸ਼ਤੇਦਾਰਾਂ ਨਾਲ ਗੁਰਦੁਆਰੇ ਤੋਂ ਵਾਪਸ ਐਨੀ ਖ਼ੁਸ਼ ਵਾਪਸ ਆ ਰਹੀ ਸੀ ਜਿਵੇਂ ਮੈਡਲ ਜਿੱਤਣ ਵਾਲਾ ਖਿਡਾਰੀ ਪਿੰਡ ਪਰਤਦਾ ਹੈ।

ਸੰਪਰਕ: 99889-01324

* * *

ਖ਼ਾਨਦਾਨੀ ਰਈਸ

ਚਮਨ ਅਰੋੜਾ

ਜਿਸ ਕਾਲਜ ‘ਚ ਮੈਂ ਪੜ੍ਹਾਉਂਦਾ ਸੀ ਉਸੇ ਦੀ ਮੈਨੇਜਮੈਂਟ ਕਮੇਟੀ ਦੇ ਪ੍ਰਧਾਨ ਮਨੋਹਰ ਲਾਲ ਗੁਪਤਾ, ਪੇਸ਼ੇ ਤੋਂ ਵਕੀਲ, ਦੋ ਅਲੂਚਿਆਂ ਦੇ ਬਾਗ਼ਾਂ ਅਤੇ ਕਿੰਨੇ ਹੀ ਮਕਾਨਾਂ-ਦੁਕਾਨਾਂ ਦੇ ਮਾਲਕ ਵੀ ਸਨ। ਬਾਗ਼ਾਂ ਤੋਂ ਠੇਕਾ ਆਉਂਦਾ ਅਤੇ ਮਕਾਨਾਂ-ਦੁਕਾਨਾਂ ਤੋਂ ਕਿਰਾਇਆ। ਅੰਨ੍ਹੀ ਆਮਦਨ। ਜੱਦੀ ਅਮੀਰ। ਦਾਦੇ ਨੇ ਜ਼ਾਤੀ ਜ਼ਮੀਨ ਦਾਨ ਕਰ ਦਿੱਤੀ, ਕਾਲਜ ਬਣਾ ਦਿੱਤਾ, ਪੈਸੇ ਨੂੰ ਦੰਦ ਨਾਲ ਫੜਿਆ। ਅੱਜ ਉਹ ਕਾਲਜ ਉਚੇਰੀ ਅਤੇ ਮਿਆਰੀ ਸਿੱਖਿਆ ਲਈ ਸਾਰੇ ਜ਼ਿਲ੍ਹੇ ਵਿਚ ਪਹਿਲੇ ਨੰਬਰ ‘ਤੇ ਹੈ।

ਮੈਂ ਵੀ ਗੁਪਤਾ ਜੀ ਦਾ ਕਿਰਾਏਦਾਰ ਸੀ। 12 ਰੁਪਏ ਮਹੀਨਾ। ਢਾਈ ਮਰਲਿਆਂ ਵਿੱਚ ਬਣਿਆ ਗਲੀ ਦੀ ਨੁੱਕਰ ਵਾਲਾ ਮਕਾਨ ਜਿਸ ਵਿੱਚ ਦੋ ਕਮਰੇ ਥੱਲੇ, ਇੱਕ ਚੁਬਾਰਾ, ਬਗ਼ੈਰ ਛੱਤ ਤੋਂ ਗੁਸਲਖ਼ਾਨਾ, ਹੱਥ ਨਾਲ ਗੇੜਣ ਵਾਲਾ ਨਲਕਾ, ਬਿਨਾਂ ਦਰਵਾਜ਼ੇ ਤੋਂ ਰਸੋਈ ਜਿਸ ਅੱਗੇ ਮੇਰੀ ਮਾਂ ਸਰਦੀਆਂ ਵਿੱਚ ਪਰਦਾ ਟੰਗ ਦਿੰਦੀ ਅਤੇ ਛੋਟਾ ਜਿਹਾ ਵਿਹੜਾ। ਟੱਟੀ-ਪਿਸ਼ਾਬ ਲਈ ਕੋਠੇ ਜਾਓ। ਕੋਠੇ ਵਾਲੀ ਛੱਤ ਕੱਚੀ ਜਿਸ ਉੱਤੇ ਮਾਂ ਹਰ ਹਫ਼ਤੇ ਗੋਹੇ ਦਾ ਲੇਪਣ ਫੇਰਦੀ। ਇੱਕ ਨੀਵੇਂ ਦਰਜੇ ਦੇ ਮੱਧ-ਵਰਗ ਦੇ ਛੇ ਮੈਂਬਰਾਂ ਲਈ ਗੁਜ਼ਾਰੇ ਲਾਇਕ।

ਬਾਊ ਜੀ ਦੀ ਨੌਕਰੀ ਬਾਹਰ ਹੋਣ ਕਰਕੇ ਕਿਰਾਏਨਾਮੇ ‘ਤੇ ਦਸਤਖ਼ਤ ਮੈਨੂੰ ਕਰਨੇ ਪਏ। ਘਰ ਵਿੱਚ ਵੱਡਾ ਜੋ ਮੈਂ ਸੀ।

ਮੇਰਾ ਵਿਆਹ ਹੋਣ ਨਾਲ ਇੱਕ ਮੈਂਬਰ ਹੋਰ ਵਧ ਗਿਆ। ਉੱਧਰੋਂ ਬਾਊ ਜੀ ਰਿਟਾਇਰ ਹੋ ਕੇ ਘਰ ਆ ਗਏ।

ਘੜਮੱਸ ਬੱਝ ਗਿਆ। ਜਗ੍ਹਾ ਦੀ ਕਮੀ ਕਾਰਨ ਇੱਕ ਦੂਜੇ ਵਿੱਚ ਵੱਜਦੇ ਫਿਰਨ। ਭੈਣ-ਭਰਾ ਘਰ ਦੀਆਂ ਗੁੱਠਾਂ ਵਿੱਚ ਬੈਠ, ਕੰਧ ਵੱਲ ਮੂੰਹ ਕਰ ਕੇ ਪੜ੍ਹਣ-ਲਿਖਣ ਦੀ ਕੋਸ਼ਿਸ਼ ਕਰਦੇ। ਨੂੰਹ-ਸੱਸ ਦੀ ਖਿਟ-ਪਿਟ ਸ਼ੁਰੂ ਹੋ ਗਈ, ਹਰ ਵੇਲੇ ਟੈਂ-ਟੈਂ, ਚਿੱਕ-ਚਿੱਕ, ਤੂੰ-ਤੂੰ, ਮੈਂ-ਮੈਂ, ਮਿਹਣੇ-ਤਾਅਨੇ, ਉੱਤੋਂ ਛੋਟੇ ਨੇ ਚੰਨ ਚਾੜ੍ਹ ਦਿੱਤਾ। ਕੁੱਤਾ ਲੈ ਆਇਆ। ਮੈਂ ਬਥੇਰਾ ਸਮਝਾਇਆ, ਇਸ ਕੁਤੀੜ ਨੂੰ ਦਫਾ ਕਰ, ਪੜ੍ਹਾਈ ਵੱਲ ਧਿਆਨ ਦੇ। ਪਰ ਮਾਂ-ਪਿਓ ਦਾ ਲਾਡਲਾ ਕਿੱਥੋਂ ਟਲਦਾ। ਦੁੱਧ, ਡਬਲਰੋਟੀ, ਡੰਗਰ ਡਾਕਟਰ ਦੀ ਫੀਸ, ਕੁੱਤੇ ਦੇ ਟੀਕੇ ਤੇ ਦਵਾਈਆਂ ਦੇ ਖਰਚੇ ਵਧਣ ਨਾਲ ਮੇਰਾ ਕਚੂਮਰ ਨਿਕਲ ਰਿਹਾ ਸੀ। ਉੱਤੋਂ ਕੁੱਤਾ ਸਾਰਾ ਦਿਨ ਭੌਂਕਦਾ ਰਹਿੰਦਾ। ਪੂਛ ਹਿਲਾਉਂਦਾ ਬਿਸਤਰਿਆਂ ਉੱਤੇ ਛਲਾਂਗਾਂ ਮਾਰਦਾ ਫਿਰਦਾ। ਮਾਂ ਚੀਕਦੀ। ਪੜ੍ਹਾਈ-ਲਿਖਾਈ ਗਈ ਖੂਹ-ਖਾਤੇ। ਮੈਂ ਪਿਸ ਰਿਹਾ ਸੀ। ਇਸ ਸਾਰੇ ਰੌਲੇ-ਗੌਲੇ ਦੇ ਬਾਵਜੂਦ ਮੈਂ ਇੱਕ ਬੱਚੇ ਦਾ ਪਿਓ ਬਣ ਗਿਆ।

ਇਸ ਸਾਰੇ ਅਜ਼ਾਬ ‘ਚੋਂ ਨਿਕਲਣ ਦਾ ਇੱਕੋ ਰਾਹ ਸੀ।

ਮੈਂ ਵੱਖਰਾ ਮਕਾਨ ਕਿਰਾਏ ‘ਤੇ ਲੈ ਲਿਆ। ਮਾਂ-ਬਾਪ ਦੇ ਖਰਚੇ ਦਾ ਕੁਝ ਹਿੱਸਾ ਅਤੇ ਭੈਣ-ਭਰਾਵਾਂ ਦੀਆਂ ਫੀਸਾਂ ਦੇਣ ਦਾ ਜ਼ਿੰਮਾ ਚੁੱਕਿਆ। ਬਾਊ ਜੀ ਦੀ ਪੈਨਸ਼ਨ ਕੋਈ ਹਜ਼ਾਰਾਂ ‘ਚ ਥੋੜ੍ਹੀ ਸੀ।

ਨੌਕਰੀ ‘ਤੇ ਪੱਕੇ ਹੋਣ ਤੋਂ ਕੋਈ 5 ਕੁ ਸਾਲ ਬਾਅਦ ਪ੍ਰਧਾਨ ਜੀ ਨੇ ਘਰ ਬੁਲਾਵਾ ਭੇਜਿਆ। ਕੁਝ ਡਰ ਨਾਲ ਮੈਂ ਉਨ੍ਹਾਂ ਦੇ ਕਿਲ੍ਹਾਨੁਮਾ ਮਕਾਨ ‘ਤੇ ਜਾ ਹਾਜ਼ਰ ਹੋਇਆ। ਮੇਰੇ ਕੰਮ-ਕਾਜ, ਪ੍ਰਾਪਤੀਆਂ ਅਤੇ ਜ਼ਹਾਨਤ ਦੀ ਤਾਰੀਫ਼ ਕਰਨ ਤੋਂ ਬਾਅਦ ਉਹ ਅਸਲ ਮੁੱਦੇ ਉੱਤੇ ਆ ਗਏ। ਕਹਿਣ ਲੱਗੇ: ਤੁਸੀਂ ਹੁਣ ਮੇਰੇ ਕਿਰਾਏਦਾਰ ਤਾਂ ਹੋ ਨਹੀਂ, ਵੱਖਰਾ ਮਕਾਨ ਕਿਰਾਏ ‘ਤੇ ਲਿਆ ਹੋਇਆ। ਮੇਰਾ ਮਕਾਨ ਜਾਂ ਤਾਂ ਖਾਲੀ ਕਰ ਦਿਓ ਜਾਂ ਖ਼ਰੀਦ ਲਓ।

ਮੈਂ ਇੱਕ ਦੋ ਦਲੀਲਾਂ ਦਿੱਤੀਆਂ, ਪਰ ਉਨ੍ਹਾਂ ਦੀ ਇੱਕੋ ਰਟ। ਕਿਉਂਕਿ ਕਿਰਾਇਆਨਾਮਾ ਮੇਰੇ ਨਾਂ ‘ਤੇ ਹੈ ਸੋ ਰਹਿਣ ਦਾ ਹੱਕ ਵੀ ਮੇਰਾ ਹੈ। ਮਕਾਨ ਦੀ ਕੀਮਤ ਦੱਸੀ ਸੱਠ ਹਜ਼ਾਰ। ਮੈਂ ਕਿਹਾ: ਸੋਚ ਕੇ ਦੱਸਦਾਂ।

ਮੈਂ ਘੇਸਲ ਮਾਰ ਲਈ। ਉਸ ਕਿਰਾਇਆ ਲੈਣਾ ਬੰਦ ਕਰ ਦਿੱਤਾ।

ਇੱਕ ਵਾਰ ਬਾਊ ਜੀ ਆਪ ਕਿਰਾਇਆ ਦੇਣ ਲਈ ਗਏ। ਮੁਨਸ਼ੀ ਨੇ ਕਿਹਾ: ਤੁਸੀਂ ਤਾਂ ਕਿਰਾਏਦਾਰ ਹੀ ਨਹੀਂ। ਐਵੇਂ ਮੱਲ ਮਾਰ ਬੈਠੇ ਓ। ਬੜਾ ਵੱਟ ਚੜ੍ਹਿਆ। ਸੋਚਿਆ ਦੇਖੀ ਜਾਊ। ਕੇਸ ਈ ਕਰ ਦੇਊ। ਕਚਹਿਰੀ ਦੀ ਖੱਜਲ-ਖੁਆਰੀ ਵੀ ਸਹਿ ਲਵਾਂਗਾ। ਦਲੀਲਾਂ ਸੋਚਦਾ। ਫ਼ੈਸਲਾ ਕੀਤਾ। ਜੱਜ ਨੂੰ ਸਾਫ਼ ਕਹਿ ਦਿਆਂਗਾ ਕਿ ਜਗ੍ਹਾ ਦੀ ਥੁੜ੍ਹ ਹੈ, ਨੂੰਹ-ਸੱਸ ਦੀ ਬਣਦੀ ਨਹੀਂ, ਆਪਣੇ ਮਾਂ-ਪਿਓ ਤੇ ਭੈਣ-ਭਰਾਵਾਂ ਨੂੰ ਖੂਹ ਵਿਚ ਸੁੱਟ ਦਿਆਂ? ਕੀ ਮੈਂ ਇਨ੍ਹਾਂ ਹਾਲਾਤ ਕਾਰਨ ਦੋ ਮਕਾਨ ਕਿਰਾਏ ‘ਤੇ ਨਹੀਂ ਲੈ ਸਕਦਾ? ਕੀ ਉਨ੍ਹਾਂ ਪ੍ਰਤੀ ਮੇਰਾ ਕੋਈ ਫ਼ਰਜ਼ ਨਹੀਂ?

ਦਸ ਸਾਲ ਬੀਤ ਗਏ। ਪ੍ਰਧਾਨ ਜੀ ਨੇ ਇਹੋ ਜਿਹਾ ਕੁਝ ਨਾ ਕੀਤਾ।

ਇਸ ਦੌਰਾਨ ਉਹ ਕਾਲਜ ਦੇ ਫੰਕਸ਼ਨਾਂ ‘ਤੇ ਆਉਂਦੇ, ਸਭ ਨੂੰ ਮਿਲਦੇ, ਹੱਥ ਮਿਲਾਉਂਦੇ, ਪਰਿਵਾਰਾਂ ਬਾਰੇ ਪੁੱਛਦੇ।

ਸਰਕਾਰੀ ਗਰਾਂਟ ਨਾ ਵੀ ਆਈ ਹੁੰਦੀ ਤਾਂ ਵੀ ਤਨਖ਼ਾਹ ਹਰ ਮਹੀਨੇ ਦਿੰਦੇ। ਮੇਰੇ ਵੱਲੋਂ ਤਿਆਰ ਕੀਤੀ ਗਈ ਵਾਦ-ਵਿਵਾਦ, ਭਾਸ਼ਣ, ਡਰਾਮੇ ਦੀਆਂ ਟੀਮਾਂ ਦੇ ਕੋਈ ਮੁਕਾਬਲਾ ਜਿੱਤਣ ‘ਤੇ ਮੈਨੂੰ ਥਾਪੀ ਦਿੰਦੇ, ਵਧਾਈ ਦਿੰਦੇ।

ਚਿਹਰੇ ਉੱਤੇ ਨਾ ਕੋਈ ਮਲਾਲ, ਨਾ ਰੰਜਿਸ਼, ਨਾ ਕੋਈ ਸ਼ਿਕਾਇਤ, ਨਾ ਹੀ ਮਕਾਨ ਦਾ ਕੋਈ ਜ਼ਿਕਰ। ਪੈਦਲ ਜਾਂਦੇ ਦੇਖ ਲੈਂਦੇ ਤਾਂ ਕਾਰ ਖੜ੍ਹੀ ਕਰ ਕੇ ਪੁੱਛਦੇ: ਕਿੱਥੇ ਜਾਣਾ ਐ। ਛੱਡ ਦਿਆਂ?

ਮੈਂ ਸਮਝ ਗਿਆ ਕਿ ਆਦਮੀ ਚਾਲਾਕ ਅਤੇ ਸ਼ਾਤਿਰ ਹੈ, ਨਿਰੀ ਮਿੱਠੀ ਛੁਰੀ।

ਉਸ ਆਪਣੇ ਚਾਰਾਂ ਬੱਚਿਆਂ ਦੇ ਵਿਆਹ ‘ਚ ਸਾਰੇ ਸਟਾਫ ਨੂੰ ਪਰਿਵਾਰ ਸਮੇਤ ਬੁਲਾਇਆ। ਆਪ ਮਿਠਾਈ ਦੇ ਡੱਬੇ ਦਿੱਤੇ ਅਤੇ ਪਰਿਵਾਰ ਨੂੰ ਨਾਲ ਲੈ ਕੇ ਆਉਣ ਦੀ ਤਾਕੀਦ ਕੀਤੀ। ਮੈਨੂੰ ਵੀ ਇਹੀ ਸੱਦਾ। ਕਿਸੇ ਨੂੰ ਵੀ ਅਹਿਸਾਸ ਨਾ ਹੋਣ ਦਿੰਦੇ ਕਿ ਅਸੀਂ ਉਨ੍ਹਾਂ ਦੇ ਕਰਮਚਾਰੀ ਹਾਂ। ਬਰਾਬਰ ਦੀ ਇੱਜ਼ਤ।

ਮੇਰੀ ਧਾਰਨਾ ਹੋਰ ਪੱਕੀ ਹੁੰਦੀ ਗਈ ਕਿ ਉਹ ਆਪਣੀ ਚੰਗਿਆਈ ਦਾ ਢੋਂਗ ਕਰ ਰਿਹਾ ਹੈ ਅਤੇ ਇਸ ਨੂੰ ਹਥਿਆਰ ਦੀ ਤਰ੍ਹਾਂ ਵਰਤ ਰਿਹਾ ਹੈ। ਇੰਨਾ ਹੀ ਚੰਗਾ ਹੈ ਤਾਂ ਕਿਰਾਇਆ ਫੜ ਲਵੇ। ਇਸ ਕਿਹੜਾ ਉਸ ਮਕਾਨ ਵਿਚ ਆਪ ਰਹਿਣਾ ਹੈ! ਬਹੁਤੀ ਗੱਲ ਕਿਰਾਇਆ ਵਧਾ ਲਵੇ। ਮੱਕਾਰ ਕਿਸੇ ਥਾਂ ਦਾ।

ਮੇਰੇ ਪਰਿਵਾਰ ਵਿੱਚ ਕਈ ਤਬਦੀਲੀਆਂ ਆ ਗਈਆਂ। ਬਾਊ ਜੀ ਸਵਰਗ ਸਿਧਾਰ ਗਏ। ਭੈਣ-ਭਰਾ ਬਾਹਰ ਪੱਕੀਆਂ ਨੌਕਰੀਆਂ ਲੱਗ ਗਏ। ਬੁੱਢੀ ਮਾਂ ਇਕੱਲੀ ਮਕਾਨ ਵਿੱਚ।

ਪ੍ਰਧਾਨ ਜੀ ਅਤੇ ਮੇਰੇ ਇੱਕ ਸਾਂਝੇ ਵਕੀਲ ਦੋਸਤ ਨੇ ਮੈਨੂੰ ਸਮਝਾਇਆ ਕਿ ਕਦ ਤੱਕ ਕਿਰਾਏ ‘ਤੇ ਰੁਲਦਾ ਰਹੇਂਗਾ ਚਾਲੀ ਹਜ਼ਾਰ ਵਿੱਚ ਸੌਦਾ ਕਰਾ ਦੇਵਾਂਗਾ। ਪਾਣੀ ਵਿੱਚ ਰਹਿ ਕੇ ਮਗਰਮੱਛ ਨਾਲ ਵੈਰ ਵਾਲੀ ਕਹਾਵਤ ਦਾ ਵੀ ਇਸਤੇਮਾਲ ਕੀਤਾ ਤਾਂ ਕਿ ਮੇਰੇ ਉੱਤੇ ਕੁਝ ਅਸਰ ਹੋਵੇ। ਸਲਾਹ ਦਿੱਤੀ; ਢਾਹ ਕੇ ਦੁਬਾਰਾ ਬਣਾ ਲਈਂ। ਦੋ ਕਮਰੇ ਥੱਲੇ, ਦੋ ਉੱਤੇ। ਇੱਕੋ ਤੇਰਾ ਬੱਚਾ, ਉਹ ਵੀ ਕੁੜੀ, ਆਪਣੇ ਘਰ ਚਲੀ ਜਾਊ, ਬੁੱਢੀ ਮਾਂ ਕਿਹੜਾ ਬੈਠੀ ਰਹਿਣਾ। ਤੁਹਾਨੂੰ ਦੋਆਂ ਜੀਆਂ ਨੂੰ ਚਾਰ ਕਮਰੇ ਥੋੜ੍ਹੇ ਨੇ? ਬੈਂਕ ਤੋਂ ਲੋਨ ਲੈ ਕੇ ਇਹ ਸਾਰਾ ਕੰਮ ਨਬਿੜ ਜਾਊ। 15 ਸਾਲਾਂ ਦੀ ਨੌਕਰੀ ਪਈ ਹੈ, ਦੋ ਟਿਊਸ਼ਨਾਂ ਵੱਧ ਕਰ ਲਵੀਂ, ਭਾਬੀ ਦੀ ਤਨਖ਼ਾਹ ਵੀ ਤਾਂ ਆਉਂਦੀ ਐ, ਬੈਂਕ ਦੀਆਂ ਕਿਸ਼ਤਾਂ ਉਤਰ ਜਾਣਗੀਆਂ। ਗੱਲ ਜਚ ਗਈ।

ਮੈਂ ਮੁਨਸ਼ੀ ਨੂੰ ਬਣਦਾ ਕਿਰਾਇਆ ਦੇ ਕੇ ਰਸੀਦ ਲੈ ਆਇਆ। ਪ੍ਰਧਾਨ ਜੀ ਦੇ ਰਜ਼ਾਮੰਦ ਹੋਣ ਦਾ ਸਬੂਤ ਮਿਲ ਗਿਆ।

ਨਿਸ਼ਚਿਤ ਦਿਨ ਰਜਿਸਟਰੀ ਹੋ ਗਈ। ਰੋਜ਼ ਦੀ ਕਿਚਕਿਚ ਮੁੱਕੀ। ਪ੍ਰਧਾਨ ਨੂੰ ਸਾਹਮਣੇ ਵੇਖ ਕੇ ਏਧਰ-ਓਧਰ ਵੇਖਣ ਦੀ ਕਵਾਇਦ ਖ਼ਤਮ। ਬੇਤਾਲ ਮੋਢਿਆਂ ਤੋਂ ਥੱਲੇ ਲੱਥਾ।

ਅਰਜ਼ੀਨਵੀਸ ਦੇ ਖੋਖੇ ਤੋਂ ਮੈਂ ਪ੍ਰਧਾਨ ਨੂੰ ਬਿਨਾਂ ਸਲਾਮ ਦੁਆ ਕੀਤੇ ਆਪਣੇ ਸਕੂਟਰ ਵੱਲ ਤੁਰ ਪਿਆ। ਪ੍ਰਧਾਨ ਨੇ ਆਵਾਜ਼ ਮਾਰੀ: ਪ੍ਰੋਫੈਸਰ ਸਾਬ੍ਹ। ਮੈਂ ਅਣਸੁਣਿਆ ਕਰ ਦਿੱਤਾ। ਉਸ ਫੇਰ ਕਿਹਾ: ਵਰਮਾ ਜੀ।

ਮੈਂ ਰੁਕ ਗਿਆ, ਰੁਕਣਾ ਪਿਆ, ਮੁੜ ਕੇ ਦੇਖਿਆ ਤਾਂ ਉਹ ਬਿਲਕੁਲ ਮੇਰੇ ਪਿੱਛੇ, ਮੇਰਾ ਹੱਥ ਫੜ ਕੇ ਕਹਿਣ ਲੱਗੇ: ਮੁਬਾਰਕ ਹੋਵੇ ਤੁਸੀਂ ਸਾਹਿਬੇ ਜਾਇਦਾਦ ਹੋ ਗਏ ਓ। ਮਕਾਨ ਤੁਹਾਡੇ ਤੇ ਤੁਹਾਡੇ ਪਰਿਵਾਰ ਲਈ ਭਾਗਾਂ ਵਾਲਾ ਹੋਵੇ। ਮੈਂ ਮਕਾਨ ਤੁਹਾਨੂੰ ਹੀ ਦੇਣਾ ਚਾਹੁੰਦਾ ਸੀ।

ਮੈਂ ਆਪਣੀ ਕਮੀਨਗੀ ਤੋਂ ਸ਼ਰਮਿੰਦਾ ਹੋਇਆ ਅੱਖਾਂ ‘ਚ ਆਏ ਪਾਣੀ ਦੀ ਘੁੱਟ ਭਰ ਰਿਹਾ ਸੀ। ਭਰੇ ਗੱਚ ਨਾਲ ਮੈਂ ਕਿਹਾ: ਸ਼ੁਕਰੀਆ ਪ੍ਰਧਾਨ ਜੀ।

ਸਕੂਟਰ ਨੂੰ ਨਹੀਂ ਸਗੋਂ ਆਪਣੀ ਘਟੀਆ ਸੋਚ ਨੂੰ ਕਿੱਕਾਂ ਮਾਰ ਰਿਹਾ ਸੀ।

ਸੰਪਰਕ: 98156-30926

Advertisement
Tags :
ਕਹਾਣੀਆਂ