ਗੁਰੂ ਹਰਿਕ੍ਰਿਸ਼ਨ ਸਕੂਲ ’ਚ ਸੂਬਾ ਪੱਧਰੀ ਗੱਤਕਾ ਮੁਕਾਬਲੇ ਕਰਵਾਏ
ਪੱਤਰ ਪ੍ਰੇਰਕ
ਨਵੀਂ ਦਿੱਲੀ, 4 ਜੂਨ
ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਕੌਮੀ ਗੱਤਕਾ ਐਸੋਸੀਏਸ਼ਨ ਅਤੇ ਗੱਤਕਾ ਐਸੋਸੀਏਸ਼ਨ ਆਫ ਦਿੱਲੀ ਦੇ ਸਹਿਯੋਗ ਨਾਲ ਪਹਿਲੇ ਸੂਬਾ ਪੱਧਰੀ ਗੱਤਕਾ ਮੁਕਾਬਲੇ ਗੁਰੂ ਹਰਿਕ੍ਰਿਸ਼ਨ ਪਬਲਿਕ ਸਕੂਲ ਪੰਜਾਬੀ ਬਾਗ ਵਿੱਚ ਚੇਅਰਮੈਨ ਸਰਵਜੀਤ ਸਿੰਘ ਵਿਰਕ ਦੀ ਦੇਖਰੇਖ ਹੇਠ ਕਰਵਾਏ ਗਏ। ਇਸ ਮੌਕੇ ਮੁੱਖ ਮਹਿਮਾਨ ਵਜੋਂ ਦਿੱਲੀ ਗੁਰਦੁਆਰਾ ਕਮੇਟੀ ਦੇ ਸਾਬਕਾ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਸ਼ਾਮਲ ਹੋਏ ਜਿਨ੍ਹਾਂ ਨੇ ਜੇਤੂਆਂ ਨੂੰ ਇਨਾਮਾਂ ਦੀ ਵੰਡ ਕੀਤੀ। ਸਿਰਸਾ ਨੇ ਕਿਹਾ ਕਿ ਗੱਤਕਾ ਸਿੱਖ ਕੌਮ ਦੀ ਮਾਰਸ਼ਲ ਆਰਟ ਹੈ, ਜੋ ਗੁਰੂ ਸਾਹਿਬਾਨ ਨੇ ਸਿੱਖਾਈ। ਉਨ੍ਹਾਂ ਕਿਹਾ ਕਿ ਇਹ ਆਰਟ ਮੀਰੀ ਤੇ ਪੀਰੀ ਦੋਵੇਂ ਸਿਧਾਂਤਾਂ ਦੀ ਧਾਰਨੀ ਹੈ। ਉਨ੍ਹਾਂ ਕਿਹਾ ਕਿ ਇਸ ਖੇਡ ਦੀ ਬਦੌਲਤ ਖਿਡਾਰੀ ਅਜਿਹੀ ਟਰੇਨਿੰਗ ਹਾਸਲ ਕਰਦਾ ਹੈ ਕਿ ਲੋੜ ਪੈਣ ‘ਤੇ ਸ਼ਮਸ਼ੀਰ ਦੀ ਵਰਤੋਂ ਵੀ ਸੁਚੱਜੇ ਢੰਗ ਨਾਲ ਕੰਮ ਕਰ ਸਕਦਾ ਹੈ। ਉਨ੍ਹਾਂ ਕਿਹਾ ਕਿ ਗੱਤਕਾ ਖੇਡ ਵਿੱਚ ਸ਼ਾਮਲ ਖਿਡਾਰੀ ਆਪ ਮੁਹਾਰੇ ਸਿੱਖੀ ਦਾ ਪ੍ਰਚਾਰ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਜੋ ਪ੍ਰਚਾਰ ਕਿਤਾਬਾਂ ਨਹੀਂ ਕਰ ਸਕੀਆਂ, ਇਹ ਖੇਡ ਕਰੇਗੀ ਕਿਉਂਕਿ ਜਦੋਂ ਇਸ ਖੇਡ ਬਾਰੇ ਖਬਰਾਂ ਛਪਣਗੀਆਂ ਅਤੇ ਚੈਨਲਾਂ ‘ਤੇ ਚੱਲਣਗੀਆਂ ਤਾਂ ਦੁਨੀਆਂ ਨੂੰ ਪਤਾ ਲੱਗੇਗਾ ਕਿ ਗੱਤਕਾ ਕੀ ਹੈ।
ਉਨ੍ਹਾਂ ਕਿਹਾ ਕਿ ਇਸਦੇ ਕੌਮੀ ਖੇਡਾਂ ਵਿੱਚ ਸ਼ਾਮਲ ਹੋਣ ‘ਤੇ ਹੁਣ ਇਸਦੇ ਖਿਡਾਰੀਆਂ ਨੂੰ ਵਿਦਿਅਕ ਅਦਾਰਿਆਂ ਵਿੱਚ ਦਾਖਲਿਆਂ ਵਿੱਚ ਅਤੇ ਸਰਕਾਰੀ ਨੌਕਰੀਆਂ ਵਿੱਚ ਤਰਜੀਹ ਮਿਲਿਆ ਕਰੇਗੀ ਜਿਸਦਾ ਚੋਖਾ ਲਾਭ ਖਿਡਾਰੀਆਂ ਨੂੰ ਹੋਵੇਗਾ। ਸਰਵਜੀਤ ਸਿੰਘ ਵਿਰਕ ਨੇ ਧੰਨਵਾਦੀ ਸ਼ਬਦ ਕਹੇ।
ਸਮਾਗਮ ਵਿੱਚ ਨੈਸ਼ਨਲ ਗੱਤਕਾ ਐਸੋਸੀਏਸ਼ਨ ਦੇ ਪ੍ਰਧਾਨ ਹਰਜੀਤ ਸਿੰਘ ਗਰੇਵਾਲ, ਦਿੱਲੀ ਕਮੇਟੀ ਮੈਂਬਰ ਹਰਜੀਤ ਸਿੰਘ ਪੱਪਾ ਅਤੇ ਗੁਰਪ੍ਰੀਤ ਸਿੰਘ ਜੱਸਾ, ਗੱਤਕਾ ਐਸੋਸੀਏਸ਼ਨ ਦਿੱਲੀ ਦੇ ਪ੍ਰਧਾਨ ਗੁਰਮੀਤ ਸਿੰਘ ਹਾਜ਼ਰ ਸਨ।