ਤਾਲਕਟੋਰਾ ਸਟੇਡੀਅਮ ਵਿੱਚ ਤਿੰਨ ਰੋਜ਼ਾ ਗਤਕਾ ਚੈਂਪੀਅਨਸ਼ਿਪ ਸ਼ੁਰੂ
ਪੱਤਰ ਪ੍ਰੇਰਕ
ਨਵੀਂ ਦਿੱਲੀ, 12 ਜੂਨ
ਨੈਸ਼ਨਲ ਗਤਕਾ ਐਸੋਸੀਏਸ਼ਨ ਆਫ ਇੰਡੀਆ ਵੱਲੋਂ ਇੱਥੇ ਤਾਲਕਟੋਰਾ ਸਟੇਡੀਅਮ ਕਰਵਾਈ ਜਾ ਰਹੀ 12ਵੀਂ ਨੈਸ਼ਨਲ ਗਤਕਾ ਚੈਂਪੀਅਨਸ਼ਿਪ ਦਾ ਉਦਘਾਟਨ ਅੱਜ ਏਸ਼ੀਅਨ ਗੱਤਕਾ ਫੈਡਰੇਸ਼ਨ ਦੇ ਪ੍ਰਧਾਨ ਡਾਕਟਰ ਤੇਜਿੰਦਰਪਾਲ ਸਿੰਘ ਨਲਵਾ ਸੀਨੀਅਰ ਵਕੀਲ ਸੁਪਰੀਮ ਕੋਰਟ ਆਫ ਇੰਡੀਆ ਨੇ ਨੈਸ਼ਨਲ ਗੱਤਕਾ ਐਸੋਸੀਏਸ਼ਨ ਆਫ ਇੰਡੀਆ (ਐਨਜੀਏਆਈ) ਦੇ ਪ੍ਰਧਾਨ ਹਰਜੀਤ ਸਿੰਘ ਗਰੇਵਾਲ ਦੀ ਹਾਜ਼ਰੀ ਵਿੱਚ ਕੀਤਾ।
ਇਸ ਮੌਕੇ ਬੋਲਦਿਆਂ ਐੱਨਜੀਏਆਈ ਦੇ ਪ੍ਰਧਾਨ ਹਰਜੀਤ ਸਿੰਘ ਗਰੇਵਾਲ ਨੇ ਕਿਹਾ ਕਿ ਗਤਕਾ ਖੇਡ ਦਾ ਨੈਸ਼ਨਲ ਖੇਡਾਂ, ਖੇਲੋ ਇੰਡੀਆ ਯੂਥ ਗੇਮਜ਼, ਨੈਸ਼ਨਲ ਗੇਮਜ਼, ਨੈਸ਼ਨਲ ਸਕੂਲ ਗੇਮਜ਼ ਅਤੇ ਆਲ ਇੰਡੀਆ ਇੰਟਰ-ਯੂਨੀਵਰਸਿਟੀ ਗੇਮਜ਼ ਵਿੱਚ ਸ਼ਾਮਲ ਹੋਣਾ ਬਹੁਤ ਵੱਡੀ ਸਫਲਤਾ ਹੈ ਜਿਸ ਨਾਲ ਭਵਿੱਖ ਵਿੱਚ ਗਤਕਾ ਖੇਡ ਹੁਣ ਇੰਟਰਨੈਸ਼ਨਲ ਖੇਡਾਂ ਦਾ ਵੀ ਹਿੱਸਾ ਬਣ ਜਾਵੇਗੀ। ਇਸ ਮੌਕੇ ਏਸ਼ੀਅਨ ਗਤਕਾ ਫੈਡਰੇਸ਼ਨ ਦੇ ਪ੍ਰਧਾਨ ਡਾਕਟਰ ਤਜਿੰਦਰਪਾਲ ਸਿੰਘ ਨਲਵਾ ਨੇ ਕਿਹਾ ਕਿ ਵਰਲਡ ਗਤਕਾ ਫੈਡਰੇਸ਼ਨ ਦੀ ਅਗਵਾਈ ਹੇਠ ਨੈਸ਼ਨਲ ਗਤਕਾ ਐਸੋਸੀਏਸ਼ਨ ਵੱਲੋਂ ਗਤਕਾ ਖੇਡ ਦੀ ਤਰੱਕੀ ਵਿੱਚ ਇਤਿਹਾਸਿਕ ਮੱਲਾਂ ਮਾਰੀਆਂ ਗਈਆਂ ਹਨ ਅਤੇ ਭਵਿੱਖ ਵਿੱਚ ਹੋਰ ਵੀ ਵੱਡੇ ਟੂਰਨਾਮੈਂਟ ਕਰਵਾਉਣ ਦੀ ਰੂਪ ਰੇਖਾ ਉਲੀਕੀ ਗਈ ਹੈ। ਉਨ੍ਹਾਂ ਦੱਸਿਆ ਕਿ ਦੂਜਾ ਫੈਡਰੇਸ਼ਨ ਕੱਪ ਦਸੰਬਰ ਵਿੱਚ ਕਰਵਾਇਆ ਜਾਵੇਗਾ ਜਿਸ ਵਿੱਚ ਸਾਰੇ ਦੇਸ਼ ਵਿੱਚੋਂ ਵੱਖ-ਵੱਖ ਰਾਜਾਂ ਦੀਆਂ ਗਤਕਾ ਟੀਮਾਂ ਹਿੱਸ ਲੈਣਗੀਆਂ। ਇਸ ਮੌਕੇ ਪੰਜਾਬ ਤੋਂ ਬਲਜੀਤ ਸਿੰਘ ਸੈਣੀ, ਸਰਬਜੀਤ ਸਿੰਘ ਅਤੇ ਯੋਗਰਾਜ ਸਿੰਘ, ਛੱਤੀਸਗੜ ਤੋਂ ਭਾਈ ਜਸਵੰਤ ਸਿੰਘ, ਤਿਲੰਗਾਨਾ ਤੋਂ ਵਿਸ਼ਾਲ ਸਿੰਘ, ਮਹਾਰਾਸ਼ਟਰ ਤੋਂ ਅੰਬੁਰੇ, ਮੱਧ ਪ੍ਰਦੇਸ਼ ਤੋਂ ਪਰਮਜੀਤ ਸਿੰਘ, ਝਾਰਖੰਡ ਤੋਂ ਪ੍ਰਿੰਸ ਮਿਸ਼ਰਾ, ਆਂਧਰਾ ਪ੍ਰਦੇਸ਼ ਤੋਂ ਸੁਰਿੰਦਰਾ ਰੈਡੀ, ਦਿੱਲੀ ਤੋਂ ਗੁਰਮੀਤ ਸਿੰਘ ਰਾਣਾ ਅਤੇ ਅੰਗਦ ਸਿੰਘ ਹਾਜ਼ਰ ਸਨ।