ਕੌਮੀ ਰਾਜਧਾਨੀ ਵਿੱਚ ਗਰਮੀ ਕਾਰਨ ਬਿਜਲੀ ਦੀ ਮੰਗ ਵਧੀ
ਪੱਤਰ ਪ੍ਰੇਰਕ
ਨਵੀਂ ਦਿੱਲੀ, 12 ਜੂਨ
ਵਧਦੇ ਤਾਪਮਾਨ ਦੌਰਾਨ ਰਾਜਧਾਨੀ ਵਿੱਚ ਅੱਜ ਇਸ ਗਰਮੀਆਂ ਦੀ ਸਭ ਤੋਂ ਵੱਧ ਬਿਜਲੀ ਮੰਗ ਦਰਜ ਕੀਤੀ ਗਈ। ਸਟੇਟ ਲੋਡ ਡਿਸਪੈਚ ਸੈਂਟਰ ਦੇ ਅਸਲ-ਸਮੇਂ ਦੇ ਅੰਕੜਿਆਂ ਨੇ ਦਿਖਾਇਆ ਕਿ 11 ਜੂਨ ਨੂੰ ਰਾਤ 10.55 ਵਜੇ ਸਿਖ਼ਰ ਦੀ ਮੰਗ 8,231 ਮੈਗਾਵਾਟ ਸੀ। ਅੱਜ ਵੀ ਦਿੱਲੀ ਦੇ ਕੁੱਝ ਇਲਾਕਿਆਂ ਵਿੱਚ ਕੱਟ ਰਿਹਾ ਅਤੇ ਲੋਕ ਪ੍ਰੇਸ਼ਾਨ ਰਹੇ। ਦਿੱਲੀ ਵਾਸੀਆਂ ਨੂੰ ਪਾਣੀ ਦੀ ਕਮੀ ਨਾਲ ਵੀ ਜੂਝਣਾ ਪੈ ਰਿਹਾ ਹੈ।
ਇਸ ਸਾਲ ਦਿੱਲੀ ਦੀ ਸਿਖਰ ਬਿਜਲੀ ਮੰਗ 9,000 ਮੈਗਾਵਾਟ ਨੂੰ ਪਾਰ ਕਰਨ ਦੀ ਉਮੀਦ ਹੈ। 2024 ਵਿੱਚ ਕੌਮੀ ਰਾਜਧਾਨੀ ਨੇ 8,656 ਮੈਗਾਵਾਟ ਦੀ ਸਭ ਤੋਂ ਵੱਧ ਮੰਗ ਦਰਜ ਕੀਤੀ ਸੀ। 2023 ਵਿੱਚ ਪਹਿਲੀ ਵਾਰ ਦਿੱਲੀ ਦੀ ਸਿਖ਼ਰ ਬਿਜਲੀ ਮੰਗ 8,000 ਮੈਗਾਵਾਟ ਨੂੰ ਪਾਰ ਕਰ ਗਈ ਸੀ। ਮੌਸਮ ਵਿਭਾਗ ਵੱਲੋਂ ਦਿੱਲੀ ਲਈ ਰੈੱਡ ਐਲਰਟ ਜਾਰੀ ਕੀਤਾ ਗਿਆ ਹੈ। ਭਾਰਤੀ ਮੌਸਮ ਵਿਭਾਗ ਨੇ ਵੀਰਵਾਰ ਨੂੰ ਰਾਜਧਾਨੀ ਸ਼ਹਿਰ ਲਈ ਧੂੜ ਭਰੀਆਂ ਹਵਾਵਾਂ ਦੇ ਨਾਲ ਰੈੱਡ ਐਲਰਟ ਜਾਰੀ ਕੀਤਾ ਸੀ। ਮੌਸਮ ਵਿਭਾਗ ਅਨੁਸਾਰ ਘੱਟੋ-ਘੱਟ ਤਾਪਮਾਨ 30.7 ਡਿਗਰੀ ਸੈਲਸੀਅਸ ਰਿਹਾ ਜੋ ਕਿ ਸੀਜ਼ਨ ਦੇ ਔਸਤ ਤੋਂ 2.7 ਡਿਗਰੀ ਵੱਧ ਹੈ। ਦਿਨ ਦਾ ਵੱਧ ਤੋਂ ਵੱਧ ਤਾਪਮਾਨ 45 ਡਿਗਰੀ ਸੈਲਸੀਅਸ ਰਿਹਾ। ਸ਼ੁੱਕਰਵਾਰ ਨੂੰ ਰਾਜਧਾਨੀ ਵਿੱਚ ਗਰਜ-ਤੂਫ਼ਾਨ ਅਤੇ ਮੀਂਹ ਪੈਣ ਦੀ ਸੰਭਾਵਨਾ ਹੈ। ਹਵਾ ਦੀ ਸੁਸਤੀ ਕਾਰਨ ਹਵਾ ਗੁਣਵੱਤਾ ਪ੍ਰਭਾਵਿਤ ਹੋਈ ਅਤੇ ਏਕਿਊਆਈ 310 ਮਾਪਿਆ ਗਿਆ।
ਬੀਤੇ ਦਿਨ ਵੱਖ-ਵੱਖ ਮੌਸਮ ਸਟੇਸ਼ਨਾਂ ਵਿੱਚ ਤਾਪਮਾਨ 40.9 ਤੋਂ 45 ਡਿਗਰੀ ਸੈਲਸੀਅਸ ਤੱਕ ਸੀ। ਅੱਜ ਵੀ ਇਹੀ ਹਾਲ ਰਿਹਾ। ਲੋਕਾਂ ਨੂੰ ਦਿਨ ਵੇਲੇ ਗਰਮੀ ਨੇ ਸਤਾਈ ਰੱਖਿਆ ਅਤੇ ਕਈ ਇਲਾਕਿਆਂ ਵਿੱਚ ਤਾਪਮਾਨ 45 ਡਿਗਰੀ ਨੂੰ ਪਾਰ ਕਰ ਗਿਆ। ਅਯਾਨਗਰ 45 ਡਿਗਰੀ ਸੈਲਸੀਅਸ ਨਾਲ ਸਭ ਤੋਂ ਗਰਮ ਰਿਹਾ, ਇਸ ਤੋਂ ਬਾਅਦ ਪਾਲਮ 44.5 ਡਿਗਰੀ ਸੈਲਸੀਅਸ, ਰਿਜ 43.6 ਡਿਗਰੀ ਸੈਲਸੀਅਸ, ਪੀਤਮਪੁਰਾ 43.5 ਡਿਗਰੀ ਸੈਲਸੀਅਸ, ਲੋਦੀ ਰੋਡ 43.4 ਡਿਗਰੀ ਸੈਲਸੀਅਸ, ਮਯੂਰ ਵਿਹਾਰ 41.9 ਡਿਗਰੀ ਸੈਲਸੀਅਸ ਅਤੇ ਸਫਦਰਜੰਗ ਵਿਖੇ (ਸ਼ਹਿਰ ਦਾ ਬੇਸ ਸਟੇਸ਼ਨ) 43 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ।