ਕਾਲੀ ਵੇਈਂ ਦੀ ਸਫਾਈ ਦਾ ਕੰਮ ਸ਼ੁਰੂ ਕਰਵਾਇਆ
ਪੱਤਰ ਪ੍ਰੇਰਕ
ਟਾਂਡਾ, 8 ਜੂਨ
ਬੇਟ ਖੇਤਰ ਦੇ ਕਿਸਾਨਾਂ ਨੂੰ ਸੇਮ ਅਤੇ ਬਰਸਾਤੀ ਪਾਣੀ ਦੀ ਸਮੱਸਿਆ ਤੋਂ ਨਿਜਾਤ ਦਿਵਾਉਣ ਲਈ ਅੱਜ ਨੇੜਲੇ ਪਿੰਡ ਤੱਲਾ ਮੱਦਾ ਤੋਂ ਉੜਮੁੜ ਟਾਂਡਾ ਦੇ ਵਿਧਾਇਕ ਜਸਵੀਰ ਸਿੰਘ ਰਾਜਾ ਨੇ ਕਰੀਬ 33 ਲੱਖ ਰੁਪਏ ਦੀ ਲਾਗਤ ਨਾਲ ਵੇਈਂ ਦੀ ਸਫਾਈ ਦੇ ਕੰਮ ਦੀ ਸ਼ੁਰੂਆਤ ਕਰਵਾਈ। ਇਸ ਮੌਕੇ ਵਿਧਾਇਕ ਰਾਜਾ ਨੇ ਦੱਸਿਆ ਕਿ ਬੇਟ ਖੇਤਰ ਦੇ ਲੋਕਾਂ ਦੀ ਮੰਗ ਸੀ ਕਿ ਇਸ ਪਵਿੱਤਰ ਕਾਲੀ ਵੇਈਂ ਦੀ ਸਫ਼ਾਈ ਕਰਵਾਈ ਜਾਵੇ ਤਾਂ ਜੋ ਬਰਸਾਤਾਂ ਦੇ ਦਿਨਾਂ ਵਿਚ ਮੀਂਹ ਦਾ ਪਾਣੀ ਲੋਕਾਂ ਦੇ ਖੇਤਾਂ ਵਿੱਚ ਜਾਣ ਦੀ ਬਜਾਏ ਇਸ ਕਾਲੀ ਵੇਈਂ ਵਿੱਚ ਪਵੇ। ਲੰਬੇ ਸਮੇਂ ਤੋਂ ਇਸ ਦੀ ਸਫਾਈ ਨਾ ਹੋਣ ਕਾਰਨ ਇਲਾਕੇ ਅੰਦਰ ਹੜ੍ਹਾਂ ਦਾ ਖਤਰਾ ਬਣਿਆ ਰਹਿੰਦਾ ਸੀ। ਵਿਧਾਇਕ ਨੇ ਨਹਿਰੀ ਵਿਭਾਗ ਦੇ ਅਧਿਕਾਰੀਆਂ ਨੂੰ ਪੂਰੀ ਜ਼ਿੰਮੇਵਾਰੀ ਨਾਲ ਇਸ ਵੇਈਂ ਦੀ ਸਫਾਈ ਦਾ ਕਾਰਜ ਜਲਦੀ ਨੇਪਰੇ ਚਾੜ੍ਹਨ ਦੀਆਂ ਹਦਾਇਤਾਂ ਦਿੱਤੀਆਂ। ਇਸ ਮੌਕੇ ਬਲਾਕ ਪ੍ਰਧਾਨ ਕੇਸ਼ਵ ਸਿੰਘ ਸੈਣੀ, ਰਜਿੰਦਰ ਸਿੰਘ ਮਾਰਸ਼ਲ, ਸੁਖਵਿੰਦਰ ਸਿੰਘ ਅਰੋੜਾ, ਸਰਬਜੀਤ ਸਿੰਘ ਵਿੱਕੀ, ਗੁਰਦੀਪ ਸਿੰਘ ਹੈਪੀ ਅਤੇ ਸੁਰਿੰਦਰਜੀਤ ਸਿੰਘ ਵੀ ਮੌਜੂਦ ਸਨ।