ਉਦਾਸ ਦਨਿਾਂ ਦੀ ਪੁਲਾੜ ਡਾਇਰੀ
ਡਾ. ਕੁਲਦੀਪ ਸਿੰਘ ਧੀਰ*
ਵਿਗਿਆਨ ਵਿਕਾਸ
ਦੁਨੀਆਂ ਦੇ ਕਈ ਮੁਲਕ ਦਹਾਕਿਆਂ ਤੋਂ ਪੁਲਾੜ ਦੇ ਖੇਤਰ ਵਿਚ ਆਪਣੀ ਪੈਂਠ ਬਣਾਉਣ ਦੀ ਕੋਸ਼ਿਸ਼ ਕਰ ਰਹੇ ਹਨ। ਇਸ ਖੇਤਰ ਵਿਚ ਭਾਰਤ ਨੇ ਵੀ ਚੰਗੀਆਂ ਪ੍ਰਾਪਤੀਆਂ ਕੀਤੀਆਂ ਹਨ। ਇਹ ਲੇਖ ਇਨ੍ਹਾਂ ਪ੍ਰਾਪਤੀਆਂ ਦਾ ਲੇਖਾ-ਜੋਖਾ ਪੇਸ਼ ਕਰਦਾ ਹੈ।
ਬਿਮਾਰੀ, ਅਸਹਿਣਸ਼ੀਲਤਾ, ਅੰਧ-ਵਿਸ਼ਵਾਸ, ਭ੍ਰਿਸ਼ਟਾਚਾਰ ਦਾ ਮਾਹੌਲ ਕਿੰਨਾ ਉਦਾਸ ਕਰਨ ਵਾਲਾ ਹੈ। ਆਓ, ਇਨ੍ਹਾਂ ਬੇਚੈਨ ਤੇ ਉਦਾਸ ਕਰਨ ਵਾਲੇ ਦਨਿਾਂ ਵਿਚ ਪੁਲਾੜ ਦੀਆਂ ਗੱਲਾਂ ਕਰੀਏ। ਇਨ੍ਹਾਂ ਵਿਚ ਕਿਤੇ ਕੁਝ ਨਵਾਂ ਹੈ। ਆਸ ਦੀਆਂ ਕਿਰਨਾਂ ਹਨ। ਕੁਝ ਨਵਾਂ ਕਰਨ ਦੇ ਦਾਈਏ। ਉਤਸ਼ਾਹ ਅਤੇ ਪ੍ਰੇਰਣਾ ਦਾ ਸਰੋਤ। ਭਾਵੇਂ ਚੇਤਨਾ ਪ੍ਰਵਾਹ ਵਿਚ ਸਭ ਕੁਝ ਰਲ-ਮਿਲ ਰਿਹਾ ਹੈ, ਪਰ ਫਿਰ ਵੀ ਇਸ ਸਾਰੇ ਕੁਝ ਬਾਰੇ ਗੱਲ ਹੋ ਸਕਦੀ ਹੈ।
ਗੱਲ ਫਰਵਰੀ 2020 ਤੋਂ ਹੀ ਸ਼ੁਰੂ ਕਰੀਏ, ਜਦੋਂ ਚੀਨ ਵਿਚ ਕਰੋਨਾ ਵਾਇਰਸ ਦੀਆਂ ਗੱਲਾਂ ਤੁਰੀਆਂ। ਇਸੇ ਮਹੀਨੇ ਨਾਸਾ (ਅਮਰੀਕਾ) ਨੇ ਪੁਲਾੜ ਯਾਤਰੀਆਂ ਦੀ ਚੋਣ ਅਤੇ ਸਿਖਲਾਈ ਲਈ ਇਸ਼ਤਿਹਾਰ ਦਿੱਤਾ। ਅਮਰੀਕਾ 2024 ਤਕ ਚੰਨ ਉੱਤੇ ਮੁੜ ਮਨੁੱਖ ਉਤਾਰਨ ਦੀ ਸੋਚ ਰਿਹਾ ਹੈ। ਇਸ ਤੋਂ ਵੀ ਅਗਾਂਹ 2030 ਵਾਲੇ ਦਹਾਕੇ ਵਿਚ ਮੰਗਲ ਉੱਤੇ ਪੈਰ ਰੱਖਣ ਲਈ ਤਿਆਰੀ ਕਰ ਰਿਹਾ ਹੈ। ਉਸ ਨੇ ਇਸ ਨੂੰ ਆਰਟੈਮਿਸ ਪ੍ਰੋਗਰਾਮ ਦਾ ਨਾਮ ਦਿੱਤਾ ਹੈ। ਉਸ ਨੇ ਪੁਲਾੜ ਯਾਤਰੀਆਂ ਦੀ ਨਵੀਂ ਪੀੜ੍ਹੀ ਨੂੰ ਆਰਟੈਮਿਸ ਜੈਨਰੇਸ਼ਨ ਦਾ ਨਾਮ ਦਿੱਤਾ ਹੈ। ਇਸੇ ਲਈ ਅਰਜ਼ੀਆਂ ਮੰਗੀਆਂ ਗਈਆਂ। ਦੋ ਮਾਰਚ ਤੋਂ 31 ਮਾਰਚ 2020 ਤਕ ਦਾ ਸਮਾਂ ਦਿੱਤਾ ਗਿਆ। ਅਰਜ਼ੀਆਂ ਇਕੱਲੇ ਅਮਰੀਕੀ ਨਾਗਰਿਕਾਂ ਤੱਕ ਸੀਮਿਤ ਸਨ। ਕਰੋਨਾ ਦੀ ਹਫ਼ੜਾ-ਦਫ਼ੜੀ ਤੇ ਦਹਿਸ਼ਤ ਦੇ ਬਾਵਜੂਦ ਬਾਰਾਂ ਹਜ਼ਾਰ ਅਰਜ਼ੀਆਂ ਆਈਆਂ। ਪਿਛਲੇ ਕੋਰਸ ਨਾਲੋਂ ਇਸ ਵਾਰ ਸ਼ਰਤਾਂ ਸਖ਼ਤ ਸਨ। ਗ੍ਰੈਜੂਏਟ ਦੀ ਥਾਂ ਪੋਸਟ ਗ੍ਰੈਜੂਏਟ ਡਿਗਰੀ ਲਾਜ਼ਮੀ ਕੀਤੀ ਗਈ। ਇਹ ਡਿਗਰੀ ਸਾਇੰਸ, ਟੈਕਨਾਲੋਜੀ, ਗਣਿਤ ਜਾਂ ਇੰਜਨੀਅਰਿੰਗ ਦੇ ਕਿਸੇ ਖੇਤਰ ਵਿਚ ਹੋ ਸਕਦੀ ਸੀ। ਸਿਹਤ, ਕੱਦ-ਕਾਠ, ਤਜਰਬੇ ਦੀਆਂ ਸ਼ਰਤਾਂ ਵੀ ਵਧੇਰੇ ਸਖ਼ਤ ਸਨ ਕਿਉਂ ਜੋ ਨਿਸ਼ਾਨਾ ਚੰਨ ਤੋਂ ਅਗਾਂਹ ਮੰਗਲ ਦਾ ਸੀ। ਫਿਰ ਵੀ ਨਵੀਂ ਪੀੜ੍ਹੀ ਆਸਮਾਨ ਫ਼ਤਹਿ ਕਰਨ ਲਈ ਪੂਰੇ ਜੋਸ਼, ਉਤਸ਼ਾਹ ਤੇ ਨਿਡਰਤਾ ਨਾਲ ਮੈਦਾਨ ਵਿਚ ਉਤਰਨ ਨੂੰ ਤਿਆਰ ਹੈ। ਇਸ ਵੇਲੇ ਨਾਸਾ ਕੋਲ ਅਠਤਾਲੀ ਸਕ੍ਰਿਆ ਪੁਲਾੜ ਯਾਤਰੀ ਹਨ। ਉਂਜ, ਨਾਸਾ ਨੇ 1960 ਤੋਂ ਲੈ ਕੇ ਹੁਣ ਤਕ ਸਾਢੇ ਤਿੰਨ ਸੌ ਪੁਲਾੜ ਯਾਤਰੀਆਂ ਨੂੰ ਸਿਖਲਾਈ ਦਿੱਤੀ ਹੈ।
ਚੰਨ ਉੱਤੇ ਕਿਹੜੇ ਬੰਦੇ ਜਾਣਗੇ ਅਤੇ ਮੰਗਲ ਉੱਤੇ ਕਿਹੜੇ, ਇਹ ਤਾਂ ਅਜੇ ਦੂਰ ਦੀ ਗੱਲ ਹੈ। ਜੇ ਨਾਸਾ ਦੇ ਪਿਛਲੇ ਇਤਿਹਾਸ ਉੱਤੇ ਨਜ਼ਰ ਮਾਰੀਏ ਤਾਂ 1969 ਤੋਂ 1972 ਦਰਮਿਆਨ ਛੇ ਵਾਰ ਚੰਨ ਉੱਤੇ ਉਤਰੇ ਅਪੋਲੋ ਜਹਾਜ਼ਾਂ ਨੇ ਬਾਰਾਂ ਬੰਦੇ ਉਤਾਰੇ ਹਨ। ਚੰਨ ਉੱਤੇ ਪੈਰ ਧਰਨ ਵਾਲਾ ਅੰਤਿਮ ਬੰਦਾ ਹੈ ਯੂਜੀਨ ਸਰਨਨ। ਬਾਰਾਂ ਦਸੰਬਰ 1972 ਨੂੰ ਚੰਨ ਤੋਂ ਵਾਪਸੀ ਵਾਲੇ ਵਾਹਨ ਦੀ ਪੌੜੀ ਉੱਤੇ ਪੈਰ ਧਰਨ ਤੋਂ ਪਹਿਲਾਂ ਉਸ ਨੇ ਚੰਨ ਉੱਤੇ ਖਿੱਲਰੇ ਮਿੱਟੀ-ਘੱਟੇ ਵਿਚ ਉਂਗਲ ਫੇਰਦਿਆਂ ਆਪਣੇ ਇਕੋ-ਇਕ ਬੇਟੇ ਦਾ ਨਾਮ ਲਿਖਿਆ। ਚੰਨ ਉੱਤੇ ਨੀਲ ਆਰਮਸਟਰਾਂਗ ਦੇ ਪੈਰ ਚਿੰਨ੍ਹਾਂ ਵਾਂਗ ਇਹ ਨਾਮ ਵੀ ਪਤਾ ਨਹੀਂ ਕਿੰਨੀ ਦੇਰ ਇੰਜ ਦਾ ਇੰਜ ਅਮਿੱਟ ਰਹੇਗਾ। ਪਤਾ ਨਹੀਂ ਕਿੰਨੀ ਦੇਰ ਚੰਦ ਉੱਤੇ ਗੱਡੇ ਅਮਰੀਕੀ ਝੰਡੇ ਇੰਜ ਦੇ ਇੰਜ ਝੂਲਦੇ ਰਹਿਣਗੇ। ਹਾਂ, ਸਰਨਨ ਜੁਲਾਈ 2019 ਵਿਚ ਅਕਾਲ ਚਲਾਣਾ ਕਰ ਚੁੱਕਾ ਹੈ।
ਚੰਨ ਉੱਤੇ ਮਨੁੱਖਾਂ ਨੂੰ ਉਤਾਰਨ ਦਾ ਕਾਰਨਾਮਾ ਤਾਂ ਭਾਵੇਂ ਅਜੇ ਤੱਕ ਅਮਰੀਕਾ ਨੇ ਹੀ ਕੀਤਾ ਹੈ, ਪਰ ਬਥੇਰੀਆਂ ਪਰੋਬਾਂ, ਰੋਵਰ, ਝੰਡੇ, ਨਿੱਕ-ਸੁੱਕ ਚੰਨ ਉੱਤੇ ਰੂਸ, ਚੀਨ, ਜਪਾਨ, ਯੂਰੋਪ, ਇਸਰਾਈਲ ਤੇ ਭਾਰਤ ਵੀ ਸੁੱਟ ਚੁੱਕੇ ਹਨ। ਰੋਵਰ, ਸਰਵੇਅਰ, ਚੰਦਰਯਾਨ-1 ਵਾਲੀ ਇੰਪੈਕਟ ਪਰੋਬ ਤੇ ਝੰਡਾ, ਚੰਦਰਯਾਨ-2 ਵਾਲਾ ਵਿਕਰਮ ਆਦਿ ਕਿੰਨਾ ਕੁਝ ਪਿਆ ਹੈ ਚੰਨ ਉੱਤੇ। ਇਨ੍ਹਾਂ ਚੀਜ਼ਾਂ ਦਾ ਭਾਰ ਦੋ ਲੱਖ ਕਿਲੋ ਦੱਸਿਆ ਜਾਂਦਾ ਹੈ। ਚੀਨ ਨੇ ਚੰਨ ਦੇ ਧਰਤੀ ਵੱਲ ਪਿੱਠ ਕਰੀ ਬੈਠੇ ਖੇਤਰ ਵਿਚ ਬੰਦੇ ਉਤਾਰਨ ਤੇ ਬੇਸ ਸਥਾਪਤ ਕਰਨ ਲਈ ਯਤਨ 2007 ਤੋਂ ਆਰੰਭੇ ਹੋਏ ਹਨ। ਚਾਂਗ-1 ਮਿਸ਼ਨ ਨਾਲ ਚੰਨ ਦੀ ਪਰਿਕਰਮਾ ਤੋਂ ਸ਼ੁਰੂ ਹੋਇਆ ਉਸ ਦਾ ਇਹ ਪ੍ਰੋਗਰਾਮ ਅੱਜ ਵੀ ਜਾਰੀ ਹੈ। ਚਾਂਗ ਅਸਲ ਵਿਚ ਚੀਨੀ ਮਿਥਿਹਾਸ ਦੀ ਇਕ ਮੁਟਿਆਰ ਹੈ। ਉਸ ਨੇ ਅਮਰ ਹੋਣ ਲਈ ਇਕ ਗੋਲੀ ਖਾਧੀ ਅਤੇ ਚੰਨ ਉੱਤੇ ਪਹੁੰਚ ਕੇ ਚੰਨ ਦੀ ਦੇਵੀ ਬਣ ਗਈ। ਚਾਂਗ-3 ਨਾਲ ਦਸੰਬਰ 2013 ਵਿਚ ਚੰਨ ਉੱਤੇ ਯੂ-ਟੂ-1 ਰੋਵਰ ਉਤਾਰਿਆ। ਚਾਂਗ-4 ਨਾਲ ਜਨਵਰੀ 2019 ਵਿਚ ਚੰਨ ਦੇ ਪਰਲੇ ਪਾਸੇ ਇਕ ਹੋਰ ਰੋਵਰ ਉਤਾਰਿਆ। ਅੱਜ ਵੀ ਇਹ ਰੋਵਰ ਚੰਨ ਉੱਤੇ ਤੁਰ-ਫਿਰ ਕੇ ਸੂਚਨਾ ਇਕੱਠੀ ਕਰਕੇ ਧਰਤੀ ਉੱਤੇ ਭੇਜ ਰਿਹਾ ਹੈ। ਚਾਂਗ-5 ਮਿਸ਼ਨ ਚੰਨ ਦੀਆਂ ਚੱਟਾਨਾਂ ਦੇ ਨਮੂਨੇ ਧਰਤੀ ਉੱਤੇ ਲਿਆਉਣ ਲਈ ਵਿਉਂਤਿਆ ਗਿਆ ਹੈ ਅਤੇ ਇਸ ਨੂੰ ਇਸੇ ਸਾਲ ਕਿਸੇ ਵੇਲੇ ਲਾਂਚ ਕਰਨ ਦੀ ਯੋਜਨਾ ਹੈ। ਚੀਨ ਦਾ ਦਾਅਵਾ ਹੈ ਕਿ ਉਸ ਦੇ ਪੁਲਾੜੀ ਪ੍ਰੋਗਰਾਮਾਂ ਉੱਤੇ ਕਰੋਨਾ ਦਾ ਕੋਈ ਪ੍ਰਭਾਵ ਨਹੀਂ ਪਵੇਗਾ। ਮਈ 2020 ਵਿਚ ਉਸ ਨੇ ਆਪਣਾ ਨਿਊ ਜੈਨਰੇਸ਼ਨ ਸਪੇਸਕਰਾਫਟ ਲਾਂਚ ਕੀਤਾ ਜੋ ਪੁਲਾੜ ਵਿਚਲੇ ਕੌਮਾਂਤਰੀ ਸਪੇਸ ਸਟੇਸ਼ਨ ਨਾਲ ਸੰਚਾਰ ਕਰਨ ਦੇ ਸਮਰੱਥ ਹੈ। ਸੰਭਵ ਹੈ ਉਹ ਭਵਿੱਖ ਵਿਚ ਆਪਣਾ ਵੱਖਰਾ ਸਪੇਸ ਸਟੇਸ਼ਨ ਬਣਾ ਲਵੇ ਜਾਂ ਅਮਰੀਕਾ ਹੀ ਉਸ ਨਾਲ ਪੁਲਾੜੀ ਸਹਿਯੋਗ ਲਈ ਤਿਆਰ ਹੋ ਜਾਵੇ। ਰੂਸ ਨਾਲ ਵੀ ਤਾਂ ਉਸ ਨੇ ਬੀਤੇ ਯੁੱਧ ਉਪਰੰਤ ਸਾਂਝਾਂ ਪਾ ਲਈਆਂ ਹਨ। 24 ਮਾਰਚ 2020 ਨੂੰ ਚੀਨ ਨੇ ਦੋ ਮਿਲਟਰੀ ਸਰਵੇਲੈਂਸ ਸੈਟੇਲਾਈਟ ਸਫ਼ਲਤਾ ਨਾਲ ਲਾਂਚ ਕੀਤੇ। ਇਸ ਤੋਂ ਪਹਿਲਾਂ ਨੌਂ ਮਾਰਚ ਨੂੰ ਚੁਰੰਜਵਾਂ ਬੀਡੂ ਸੈਟੇਲਾਈਟ ਲਾਂਚ ਕਰਕੇ ਆਪਣਾ ਬੀਡੂ ਜੀ.ਪੀ.ਐੱਸ. ਸਿਸਟਮ ਸੰਪੂਰਨ ਕੀਤਾ ਹੈ। ਕਰੋਨਾ ਦੇ ਜਨਮ ਅਤੇ ਵਿਸ਼ਵ ਪੱਧਰੀ ਪਸਾਰ ਦੀਆਂ ਖ਼ਬਰਾਂ ਦੌਰਾਨ 19 ਫਰਵਰੀ 2020 ਨੂੰ ਲਾਂਗ ਮਾਰਚ- 2ਡੀ ਰਾਕੇਟ ਲਾਂਚ ਕਰਕੇ ਪੁਲਾੜੀ ਪ੍ਰੋਗਰਾਮਾਂ ਨੂੰ ਨਿਸ਼ਚਿਤ ਪ੍ਰੋਗਰਾਮਾਂ ਅਨੁਸਾਰ ਨੇਪਰੇ ਚਾੜ੍ਹਨ ਦੇ ਆਪਣੇ ਇਰਾਦੇ ਸਪਸ਼ਟ ਕਰ ਦਿੱਤੇ। ਚੀਨ ਚੰਨ ਉੱਤੇ ਸਫ਼ਲਤਾ ਨਾਲ ਕਪਾਹ ਦੇ ਬੂਟੇ ਵੀ ਉਗਾ ਚੁੱਕਾ ਹੈ, ਭਾਵੇਂ ਇਹ ਕੁਝ ਦਨਿਾਂ ਬਾਅਦ ਹੀ ਮੁਰਝਾ ਗਏ।
ਗੁਆਂਢੀ ਚੀਨ ਦੇ ਚੰਨ ਵੱਲ ਸੇਧੇ ਮਿਸ਼ਨਾਂ ਦੀ ਚਰਚਾ ਉਪਰੰਤ ਹੁਣ ਆਪਣੇ ਘਰ ਪਰਤੀਏ। ਚੰਦਰਯਾਨ-2 ਨੂੰ ਜਿਵੇਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਸਾਖ ਬਣਾਉਣ ਲਈ ਉਛਾਲਿਆ ਗਿਆ, ਉਸ ਦੌਰਾਨ ਇਸ ਮਿਸ਼ਨ ਨੂੰ ਨੇਪਰੇ ਚਾੜ੍ਹਣ ਵਾਲੀਆਂ ਦੋ ਪ੍ਰਤਿਭਾਵਾਨ ਔਰਤਾਂ ਨੂੰ ਕਿਸੇ ਨਹੀਂ ਗੌਲਿਆ। ਅੰਤਿਮ ਛਿਣਾਂ ਵਿਚ ਵਿਕਰਮ ਲੈਂਡਰ ਦੇ ਚੰਨ ਉੱਤੇ ਉਤਾਰੇ ਵਿਚ ਅਸੀਂ ਅਸਫ਼ਲ ਕੀ ਹੋਏ, ਅਸੀਂ ਇਸ ਮਿਸ਼ਨ ਵਿਚ ਲੱਗੇ ਵਿਗਿਆਨੀਆਂ ਤੇ ਡਿਜ਼ਾਈਨਰਾਂ ਦੀ ਕਰੜੀ ਮਿਹਨਤ ਨੂੰ ਹੀ ਭੁਲਾ ਦਿੱਤਾ। ਇਹ ਕਿੰਨੇ ਮਾਣ ਵਾਲੀ ਗੱਲ ਹੈ ਕਿ ਚੰਦਰਯਾਨ-2 ਮਿਸ਼ਨ ਦੇ ਸਮੁੱਚੇ ਪ੍ਰਾਜੈਕਟ ਦੀ ਡਾਇਰੈਕਟਰ ਮੁਥੱਈਆ ਵਨੀਤਾ ਨਾਂ ਦੀ ਔਰਤ ਸੀ। ਉਸ ਤੋਂ ਦੂਜੇ ਨੰਬਰ ਦੀ ਚੰਦਰਯਾਨ-2 ਦੀ ਮਿਸ਼ਨ ਡਾਇਰੈਕਟਰ ਰਿਤੂ ਕਰੀਧਾਲ ਸੀ। ਵਨੀਤਾ ਇਲੈਕਟ੍ਰਾਨਿਕ ਸਿਸਟਮ ਇੰਜਨੀਅਰ ਹੈ। ਇਸ ਮਾਣਮੱਤੀ ਜ਼ਿੰਮੇਵਾਰੀ ਤੋਂ ਪਹਿਲਾਂ ਉਹ ਕਾਰਟੋਸੈਟ-1 ਤੇ ਓਸ਼ੀਨਸੈਟ-2 ਜਿਹੇ ਕਈ ਉਪਗ੍ਰਹਿਆਂ ਦੀ ਡਿਪਟੀ ਪ੍ਰਾਜੈਕਟ ਡਾਇਰੈਕਟਰ ਰਹਿ ਚੁੱਕੀ ਹੈ। ਉਹ ਇਸਰੋ ਦੇ ਯੂ.ਆਰ.ਰਾਓ. ਸੈਟੇਲਾਈਟ ਸੈਂਟਰ ਦੇ ਟੈਲੀਕੌਮ ਐਂਡ ਡਿਜੀਟਲ ਸਿਸਟਮ ਡਿਵੀਜ਼ਨ ਦੀ ਮੁਖੀ ਰਹੀ ਹੈ। ਚੰਦਰਯਾਨ-2 ਦਾ ਸਾਰਾ ਪ੍ਰਾਜੈਕਟ ਉਸ ਨੇ ਹੀ ਕਲਪਿਤ ਕੀਤਾ। ਇਕੱਲਾ-ਇਕੱਲਾ ਹਿੱਸਾ ਡਿਜ਼ਾਈਨ ਕਰਵਾ ਕੇ ਬਣਵਾਇਆ, ਜੁੜਵਾਇਆ ਅਤੇ ਲਾਂਚ ਹੋਣ ਯੋਗ ਬਣਾਇਆ। ਉਸ ਦੀ ਸਹਾਇਕ ਰਿਤੂ ਨੂੰ ਲੋਕ ਰਾਕੇਟ ਵੁਮੈਨ ਆਫ ਇੰਡੀਆ (ਭਾਰਤ ਦੀ ਰਾਕੇਟ ਨਾਰੀ) ਕਹਿੰਦੇ ਹਨ। ਉਸ ਨੇ ਮੰਗਲਯਾਨ ਵਾਸਤੇ ਵੀ ਕੰਮ ਕੀਤਾ ਸੀ। ਰਿਤੂ ਏਅਰੋ-ਸਪੇਸ ਇੰਜਨੀਅਰ ਹੈ। ਉਸ ਨੇ ਲਖਨਊ ਤੋਂ ਫਿਜ਼ਿਕਸ ਦੀ ਐਮ.ਐੱਸਸੀ. ਉਪਰੰਤ ਬੰਗਲੌਰ ਦੇ ਇੰਡੀਅਨ ਇੰਸਟੀਚਿਊਟ ਆਫ ਸਾਇੰਸ ਤੋਂ ਏਅਰੋ-ਸਪੇਸ ਇੰਜਨੀਅਰਿੰਗ ਦੀ ਐਮ.ਐੱਸਸੀ. ਕਰ ਕੇ ਇਸਰੋ ਨਾਲ ਨਾਤਾ ਜੋੜਿਆ। ਮੈਨੂੰ ਪੰਜਾਬ ਦੇ ਪਿੰਡਾਂ, ਸ਼ਹਿਰਾਂ ਦੀਆਂ ਕੁੜੀਆਂ ਆਮ ਕਰਕੇ ਤੇ ਕਦੇ ਕਦਾਈਂ ਮੁੰਡੇ ਵੀ ਪੁਲਾੜੀ ਮਿਸ਼ਨਾਂ/ਖੋਜਾਂ ਵਿਚ ਜੁੜਣ ਲਈ ਲੋੜੀਂਦੀ ਪੜ੍ਹਾਈ ਬਾਰੇ ਪੁੱਛਦੇ ਹਨ। ਵਨੀਤਾ ਤੇ ਰਿਤੂ ਤੋਂ ਉਹ ਬਹੁਤ ਕੁਝ ਸਮਝ-ਸਿੱਖ ਸਕਦੇ ਹਨ।
ਚਲੋ, ਇਨ੍ਹਾਂ ਦੋਵਾਂ ਦੇ ਡਿਜ਼ਾਈਨ ਕੀਤੇ ਚੰਦਰਯਾਨ-2 ਦੇ ਅੰਤਿਮ ਛਿਣਾਂ ਦੀ ਅਸਫ਼ਲਤਾ ਨੂੰ ਪਲ ਭਰ ਲਈ ਪਾਸੇ ਰੱਖ ਕੇ ਸੰਖੇਪ ਵਿਚ ਆਦਿ ਤੋਂ ਅੰਤ ਤਕ ਇਸ ਮਿਸ਼ਨ ਦੀ ਗੱਲ ਕਰੀਏ। ਚੰਦਰਯਾਨ-2 ਦੀ ਕਲਪਨਾ ਚੰਦਰਯਾਨ-1 ਦੇ 2008 ਵਿਚ ਲਾਂਚ ਹੋਣ ਤੋਂ ਵੀ ਪਹਿਲਾਂ 2007 ਵਿਚ ਕੀਤੀ ਗਈ ਸੀ। ਉਦੋਂ ਰਾਸ਼ਟਰੀ ਸਿਆਸਤ ਵਿਚ ਕਿਸੇ ਨੇ ਨਰਿੰਦਰ ਮੋਦੀ ਦਾ ਨਾਮ ਵੀ ਨਹੀਂ ਸੀ ਸੁਣਿਆ। ਚੰਦਰਯਾਨ-2 ਤਾਂ ਕੀ, ਚੰਦਰਯਾਨ-1 ਵਿਚ ਵੀ ਉਨ੍ਹਾਂ ਦਾ ਕੋਈ ਯੋਗਦਾਨ ਨਹੀਂ।
ਖ਼ੈਰ! ਚੰਦਰਯਾਨ-1 ਇਸਰੋ ਨੇ ਅਕਤੂਬਰ 2008 ਵਿਚ ਲਾਂਚ ਕੀਤਾ। ਇਸ ਵਿਚ ਚੰਨ ਦੀ ਪਰਿਕਰਮਾ ਵਾਲਾ ਇਕ ਆਰਬਾਈਟਰ ਚੰਨ ਨਾਲ ਟੱਕਰ ਮਾਰਨ ਵਾਲੀ ਮੂਨ ਇਮਪੈਕਟ ਪਰੋਬ ਅਤੇ ਚੰਨ ਵਾਸਤੇ ਭਾਰਤੀ ਤਿਰੰਗੇ ਦੀ ਸੌਗਾਤ ਸ਼ਾਮਲ ਸਨ। ਆਰਬਾਈਟਰ ਉੱਤੇ ਭਾਂਤ-ਭਾਂਤ ਦੇ ਵਿਗਿਆਨਕ ਉਪਕਰਣ ਸਨ। ਚੰਦਰਯਾਨ-1 ਨੇ ਦੋ ਸਾਲ ਦੀ ਮਿਥੀ ਹੋਈ ਜੀਵਨ ਅਵਧੀ ਭਾਵੇਂ ਪੂਰੀ ਨਾ ਕੀਤੀ, ਪਰ ਪੂਰੀ ਦੁਨੀਆਂ ਦੇ ਵਿਗਿਆਨੀਆਂ ਨੂੰ ਚੰਨ ਬਾਰੇ ਢੇਰ ਨਵੀਂ ਜਾਣਕਾਰੀ ਦਿੱਤੀ। ਇਸ ਲਾਂਚ ਨੇ ਇਸਰੋ ਨੂੰ ਵੀ ਪੁਲਾੜ ਵਿਚ ਉਚੇਰੀਆਂ ਲੰਮੇਰੀਆਂ ਉਡਾਰੀਆਂ ਵਾਲੇ ਮਿਸ਼ਨਾਂ ਲਈ ਮੁੱਲਵਾਨ ਅਨੁਭਵ ਅਤੇ ਸਵੈ-ਵਿਸ਼ਵਾਸ ਦਿੱਤਾ। ਹੁਣ ਆਓ ਚੰਦਰਯਾਨ-2 ਵੱਲ। ਸ਼ੁਰੂ ਵਿਚ ਇਸ ਨੂੰ 2011 ਵਿਚ ਲਾਂਚ ਕੀਤੇ ਜਾਣ ਦੀ ਯੋਜਨਾ ਸੀ। ਉਦੋਂ ਇਸ ਨੂੰ ਭਾਰਤ ਤੇ ਰੂਸ ਦੀਆਂ ਪੁਲਾੜ ਸੰਸਥਾਵਾਂ ਇਸਰੋ ਅਤੇ ਰਾਸਕਾਸਮਾਸ ਦੇ ਸਾਂਝੇ ਪ੍ਰਾਜੈਕਟ ਵਜੋਂ ਵਿਉਂਤਿਆ ਗਿਆ ਸੀ। ਰੂਸ ਨੇ ਲੈਂਡਰ ਦੇਣਾ ਸੀ। 2012 ਤਕ ਵੀ ਸਾਡੀਆਂ ਲੋੜਾਂ ਵਾਲਾ ਲੈਂਡਰ ਨਾ ਬਣਿਆ। ਰੂਸੀ ਲੈਂਡਰ ਮੰਗਲ ਦੇ ਚੰਨ ਫੋਬੋਸ ਉੱਤੇ ਉਤਰਨ ਦੇ ਉਦੇਸ਼ ਨਾਲ ਤਿਆਰ ਕੀਤਾ ਗਿਆ ਸੀ। ਉਸ ਵਿਚ ਅਦਲਾ-ਬਦਲੀ ਲਈ ਵੀ ਰੂਸ ਤਿਆਰ ਹੋ ਗਿਆ, ਪਰ ਉਦੋਂ ਤਕ ਇਸਰੋ ਟੀਮ ਨੇ ਲੈਂਡਰ ਵੀ ਆਪ ਬਣਾਉਣ ਦਾ ਫੈ਼ਸਲਾ ਕਰ ਲਿਆ। ਇਸ ਕਾਰਨ ਚੰਦਰਯਾਨ-2 ਨੂੰ ਜੁਲਾਈ 2019 ਵਿਚ ਲਾਂਚ ਕਰਨ ਦਾ ਨਿਸ਼ਾਨਾ ਮਿਥਿਆ ਗਿਆ। ਮਿਲੇ ਵਾਧੂ ਸਮੇਂ ਨੂੰ ਚੰਦਰਯਾਨ ਦੇ ਡਿਜ਼ਾਈਨ ਵਿਚ ਹੋਰ ਸੁਧਾਰ ਕਰਨ ਲਈ ਵਰਤਣ ਦਾ ਫੈ਼ਸਲਾ ਹੋਇਆ। ਇੰਜ ਹੀ ਕੀਤਾ ਗਿਆ ਜਿਸ ਨਾਲ ਇਹ ਪੁਲਾੜੀ ਜਹਾਜ਼ ਵਧੇਰੇ ਸੁਰੱਖਿਅਤ ਵੀ ਹੋ ਗਿਆ ਅਤੇ ਵਧੇਰੇ ਸਹੂਲਤਾਂ ਨਾਲ ਲੈਸ ਵੀ। ਅਜੇ ਤਕ ਚੰਨ ਦੀ ਮੱਧ ਰੇਖਾ ਦੇ ਆਸ-ਪਾਸ ਜ਼ਿਆਦਾ ਫਰੋਲਾ-ਫਾਲੀ ਹੋਈ ਸੀ। ਇਸਰੋ ਨੇ ਚੰਦ ਦੇ ਦੱਖਣੀ ਧਰੁਵ ਨੇੜੇ ਲੈਂਡਰ ਉਤਾਰਨ ਦਾ ਨਿਰਣਾ ਕਰਕੇ ਪ੍ਰਾਜੈਕਟ ਨੂੰ ਹਰੀ ਝੰਡੀ ਦਿੱਤੀ। ਅਣਜਾਣੇ ਖੇਤਰ ਵਿਚ ਲੈਂਡਿੰਗ ਦੇ ਅਭਿਆਸ ਲਈ ਮਹਿੰਦਰ ਗਿਰੀ ਤੇ ਚਿਤਰ ਦੁਰਗ ਵਿਚ ਚੰਨ ਦੇ ਦੱਖਣੀ ਧਰੁਵ ਵਰਗੇ ਖੱਡੇ ਬਣਾ ਕੇ ਪਰਖਾਂ ਕੀਤੀਆਂ ਗਈਆਂ। ਇਸ ਮਿਸ਼ਨ ਵਿਚ ਆਰਬਾਈਟਰ ਉੱਤੇ ਅੱਠ ਵਿਗਿਆਨਕ ਉਪਕਰਣ ਲਾਏ ਗਏ ਜਿਨ੍ਹਾਂ ਵਿਚ ਹਾਈ ਰੈਜ਼ੋਲਿਊਸ਼ਨ ਆਪਟੀਕਲ ਕੈਮਰਾ ਵਿਸ਼ੇਸ਼ ਸੀ। ਚੰਨ ਉੱਤੇ ਤੀਹ ਸੈਂਟੀਮੀਟਰ ਦੀ ਦੂਰੀ ਉੱਤੇ ਪਈਆਂ ਨਿੱਕੀਆਂ-ਨਿੱਕੀਆਂ ਵਸਤਾਂ ਨੂੰ ਇਹ ਕੈਮਰਾ ਸਪਸ਼ਟ ਨਿਖੇੜ ਕੇ ਦੇਖ-ਦਿਖਾ ਸਕਦਾ ਹੈ ਕਿਉਂਕਿ ਇਹ ਅੱਜ ਵੀ ਬਾਕਾਇਦਾ ਕੰਮ ਕਰ ਰਿਹਾ ਹੈ।
ਇਸਰੋ 15 ਜੁਲਾਈ 2019 ਨੂੰ ਲਾਂਚ ਲਈ ਖੰਭ ਤੋਲ ਰਿਹਾ ਸੀ ਕਿ ਇਸ ਦੇ ਰਾਕੇਟ ਦੇ ਕਰਾਇਓਜੀਨਿਕ ਫਿਲਿੰਗ ਸਿਸਟਮ ਵਿਚ ਲੀਕੇਜ ਦਾ ਨੁਕਸ ਸਾਹਮਣੇ ਆ ਗਿਆ। ਇਸ ਨੂੰ ਠੀਕ ਕਰਕੇ 22 ਜੁਲਾਈ 2019 ਨੂੰ ਸਤੀਸ਼ ਧਵਨ ਸਪੇਸ ਸੈਂਟਰ ਤੋਂ ਜੀ.ਐੱਸ.ਐਲ.ਵੀ. ਮਾਰਕ-ਥਰੀ ਦੇ ਸ਼ਕਤੀਸ਼ਾਲੀ ਰਾਕੇਟ ਨਾਲ ਲਾਂਚ ਕੀਤਾ ਗਿਆ। ਰਾਕੇਟ ਨੇ ਇੰਨਾ ਵਧੀਆ ਕੰਮ ਕੀਤਾ ਕਿ ਇਸ ਨੇ ਚੰਦਰਯਾਨ ਨੂੰ ਮਿਥੀ ਉਚਾਈ ਤੋਂ ਵੀ ਵੱਧ 6000 ਕਿਲੋਮੀਟਰ ਉਚਾਰੀ ਉੱਤੇ ਪਹੁੰਚਾ ਦਿੱਤਾ। ਇਸ ਨਾਲ ਧਰਤੀ ਦੁਆਲੇ ਚੱਕਰ ਕੱਟਦੇ ਸਮੇਂ ਇਸ ਦੀ ਆਰਬਿਟ ਵਿਚ ਤਬਦੀਲੀਆਂ ਦੀ ਲੋੜ ਘਟ ਗਈ। ਇਸ ਦਾ ਬਾਲਣ ਬਚ ਗਿਆ ਜੋ ਅੱਜ ਵੀ ਕੰਮ ਆ ਰਿਹਾ ਹੈ। ਇਹ ਹੀ ਨਹੀਂ, ਇਸ ਕਾਰਨ ਅਸੀਂ ਚੰਨ ਉੱਤੇ ਐਨ ਉੱਥੇ ਦਿਨ ਚੜ੍ਹੇ ਉਤਰ ਕੇ ਪੂਰਾ ਦਿਨ ਲੈਂਡਰ ਘੁੰਮਾ ਸਕਦੇ ਸਾਂ। ਚੰਨ ਦਾ ਦਿਨ ਸਾਡੀ ਧਰਤੀ ਦੇ ਪੰਦਰਾਂ ਦਨਿਾਂ ਜਿੱਡਾ ਹੁੰਦਾ ਹੈ। ਪੰਦਰਾਂ ਦਿਨ ਉੱਥੇ ਸੂਰਜ ਦੀ ਧੁੱਪ ਰਹਿੰਦੀ ਹੈ ਜਿਸ ਤੋਂ ਸੂਰਜੀ ਊਰਜਾ ਲੈ ਕੇ ਲੈਂਡਰ ਤੇ ਰੋਵਰ ਨੇ ਕੰਮ ਕਰਨਾ ਸੀ।
ਲਾਂਚ ਹੁੰਦੇ ਹੀ ਚੰਦਰਯਾਨ ਧਰਤੀ ਦੁਆਲੇ ਅੰਡਾਕਾਰ ਰਾਹ ਉੱਤੇ ਚੱਕਰ ਕੱਟਣ ਲੱਗਾ। ਚੱਕਰ ਦਾ ਹੇਠਲਾ ਸਿਰਾ ਧਰਤੀ ਤੋਂ ਸਾਢੇ 169 ਕਿਲੋਮੀਟਰ ਅਤੇ ਉਤਲਾ 45475 ਕਿਲੋਮੀਟਰ ਦੂਰ ਸੀ। ਬਦਲ ਬਦਲ ਕੇ ਇਸ ਨੂੰ 6 ਅਗਸਤ 2019 ਨੂੰ 276 ਜ਼ਰਬ 1,42,975 ਕਿਲੋਮੀਟਰ ਦੇ ਅੰਡਾਕਾਰ ਆਰਬਿਟ ਵਿਚ ਪਾਇਆ ਗਿਆ। ਅਜੇ ਤਕ ਚੰਦਰਯਾਨ ਧਰਤੀ ਦੁਆਲੇ ਹੀ ਉੱਚੇ ਤੋਂ ਉਚੇਰੇ ਅੰਡਾਕਾਰ ਰਾਹਾਂ ਉੱਤੇ ਪਰਿਕਰਮਾ ਕਰ ਰਿਹਾ ਸੀ। ਇਉਂ ਕਹੋ ਕਿ ਉਹ ਹਰ ਚੱਕਰ ਵਿਚ ਧਰਤੀ ਦੇ 276 ਕਿਲੋਮੀਟਰ ਨੇੜੇ ਆ ਜਾਂਦਾ ਸੀ। ਵੀਹ ਅਗਸਤ ਨੂੰ ਇਸ ਵਿਚਲੇ ਇੰਜਣ ਚਲਾ ਕੇ ਇਸ ਦਾ ਨਾਤਾ ਚੰਨ ਨਾਲ ਜੋੜਿਆ ਗਿਆ। ਇਸ ਦੌਰਾਨ ਇਸ ਦੀ ਚੰਨ ਤੋਂ ਨਿਮਨਤਮ ਅਤੇ ਅਧਿਕਤਮ ਦੂਰੀ ਕ੍ਰਮਵਾਰ 114 ਅਤੇ 18072 ਕਿਲੋਮੀਟਰ ਹੁੰਦੀ। ਇਸ ਆਰਬਿਟ ਵਿਚ ਪੰਜ ਵਾਰ ਤਬਦੀਲੀ ਕਰਨ ਲਈ ਚੰਦਰਯਾਨ ਦੇ ਇੰਜਣ ਚਲਾਏ ਗਏ ਜਿਸ ਨਾਲ ਇਹ ਪਰਿਕਰਮਾ ਲਗਪਗ ਗੋਲ ਹੋ ਗਈ। ਯਾਨ ਦੀ ਚੰਨ ਤੋਂ ਘੱਟੋ-ਘੱਟ ਅਤੇ ਵੱਧ ਤੋਂ ਵੱਧ ਦੂਰੀ ਕ੍ਰਮਵਾਰ 119 ਅਤੇ 127 ਕਿਲੋਮੀਟਰ ਰਹਿ ਗਈ। ਇਹ ਸ਼ੁਭ ਦਿਹਾੜਾ ਪਹਿਲੀ ਸਤੰਬਰ ਦਾ ਸੀ। ਅਗਲੇ ਦਿਨ ਆਰਬਾਈਟਰ ਨਾਲ ਜੁੜਿਆ ਵਿਕਰਮ ਲੈਂਡਰ ਆਪਣੇ ਅੰਦਰ ਰੋਵਰ ਸਮੇਟੀ ਆਰਬਾਈਟਰ ਤੋਂ ਵੱਖ ਕਰ ਦਿੱਤਾ ਗਿਆ। ਹੁਣ ਵਿਕਰਮ ਆਪਣੀ ਹੋਣੀ ਦਾ ਆਪ ਮਾਲਕ ਸੀ। ਆਰਬਾਈਟਰ ਦੇ ਇੰਜਣਾਂ ਦੀ ਥਾਂ ਇਹ ਆਪ ਆਪਣੀਆਂ ਮੋਟਰਾਂ ਚਲਾ ਕੇ ਆਪਣੀ ਪਰਿਕਰਮਾ, ਉਚਾਈ, ਸਪੀਡ, ਰਾਹ ਅਤੇ ਉਤਾਰੇ ਦੀ ਥਾਂ ਚੁਣਨ ਲਈ ਆਜ਼ਾਦ ਸੀ। ਚੰਨ ਦੇ ਹੋਰ ਨੇੜੇ ਹੋਣ ਲਈ ਵਿਕਰਮ ਨੇ ਤਿੰਨ ਅਤੇ ਚਾਰ ਸਤੰਬਰ ਨੂੰ ਆਪਣੇ ਲਿਕੁਇਡ ਇੰਜਣ ਦੋ ਵਾਰ ਚਲਾਏ। ਇਸ ਨਾਲ ਇਸ ਦੀ ਚੰਨ ਦੁਆਲੇ ਪਰਿਕਰਮਾ ਖਾਸੀ ਛੋਟੀ ਹੋ ਗਈ। ਚੰਨ ਤੋਂ ਇਸ ਦੀ ਨਿਕਟਤਮ ਅਤੇ ਅਧਿਕਤਮ ਦੂਰੀ ਤੀਹ ਕਿਲੋਮੀਟਰ ਅਤੇ 101 ਕਿਲੋਮੀਟਰ ਰਹਿ ਗਈ।
ਸੱਤ ਸਤੰਬਰ 2019 ਨੂੰ ਭਾਰਤੀ ਸਮੇਂ ਅਨੁਸਾਰ ਸਵੇਰੇ 1 ਵੱਜ ਕੇ 38 ਮਿੰਟ ਉੱਤੇ ਵਿਕਰਮ ਨੇ ਚੰਨ ਉੱਤੇ ਉਤਰਨ ਲਈ ਆਖ਼ਰੀ ਕਾਰਵਾਈ ਸ਼ੁਰੂ ਕਰਨੀ ਸੀ ਜਿਸ ਨੂੰ ਇਸਰੋ ਦੇ ਕੰਟਰੋਲ ਰੂਮ ਵਿਚ ਜੁੜੇ ਵਿਗਿਆਨੀ ਕੰਪਿਊਟਰਾਂ ਉੱਤੇ ਮਾਨੀਟਰ ਕਰ ਰਹੇ ਸਨ। ਵਿਜ਼ਿਟਰ ਗੈਲਰੀ ਵਿਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਆਪਣੇ ਚੋਣਵੇਂ ਸਾਥੀਆਂ ਸਮੇਤ ਬੈਠੇ ਸਨ। ਇਕ ਵੱਜ ਕੇ ਅਠੱਤੀ ਮਿੰਟ ਉੱਤੇ ਵਿਕਰਮ ਚੰਨ ਤੋਂ ਤੀਹ ਕਿਲੋਮੀਟਰ ਉੱਚਾ ਸੀ ਤੇ ਇਸ ਦੀ ਸਪੀਡ 1681 ਮੀਟਰ ਪ੍ਰਤੀ ਸਕਿੰਟ ਸੀ। ਐਨ ਇਸੇ ਵੇਲੇ ਵੱਡੀ ਬਰੇਕ ਮਾਰੀ ਗਈ ਅਤੇ ਅਗਲੇ ਦਸ ਮਿੰਟ ਪਿੱਛੋਂ ਭਾਵ ਇਕ ਵੱਜ ਕੇ ਅਠਤਾਲੀ ਮਿੰਟ ਉੱਤੇ ਵਿਕਰਮ ਚੰਨ ਤੋਂ ਸੱਤ ਦਸ਼ਮਲਵ ਚਾਰ ਕਿਲੋਮੀਟਰ ਉੱਚਾ ਹੀ ਰਹਿ ਗਿਆ। ਵਿਕਰਮ ਕੰਪਿਊਟਰ ਚਾਲਿਤ ਪਹਿਲਾਂ ਮਿੱਥੇ ਪ੍ਰੋਗਰਾਮ ਮੁਤਾਬਿਕ ਹੀ ਸਾਰਾ ਕੁਝ ਕਰ ਰਿਹਾ ਸੀ। ਰਫ ਬਰੇਕਿੰਗ ਦੀ ਇਸ ਕਾਰਵਾਈ ਨਾਲ ਵਿਕਰਮ ਦੀ ਸਪੀਡ ਘਟ ਕੇ 146 ਮੀਟਰ ਪ੍ਰਤੀ ਮਿੰਟ ਹੋ ਗਈ। ਹੁਣ ਆਖ਼ਰੀ ਪੰਜ ਮਿੰਟ ਸਨ। ਫਾਈਨ ਬਰੇਕਿੰਗ ਭਾਵ ਹੌਲੀ-ਹੌਲੀ ਬਰੇਕਾਂ ਮਾਰ ਕੇ ਚੰਨ ਦੀ ਸਤਹਿ ਉੱਤੇ ਆਰਾਮ ਨਾਲ ਪੈਰ ਟਿਕਣ ਦਾ ਕੰਮ ਬਾਕੀ ਸੀ। ਲਗਪਗ ਸਾਢੇ ਸੱਤ ਕਿਲੋਮੀਟਰ ਉੱਚਾਈ ਤੋਂ ਹੇਠਾਂ ਉਤਰਨਾ। 146 ਮੀਟਰ ਪ੍ਰਤੀ ਸਕਿੰਟ ਦੀ ਸਪੀਡ ਘਟਾਉਂਦੇ-ਘਟਾਉਂਦੇ ਜ਼ੀਰੋ ਕਰਨਾ। ਇਹ ਕਾਰਜ ਵੀ ਸਫ਼ਲਤਾ ਨਾਲ ਸ਼ੁਰੂ ਹੋ ਗਿਆ। ਤਾੜੀਆਂ ਦੀ ਗੂੰਜ ਵਿਚ ਕੰਪਿਊਟਰ ਦੀ ਸਕਰੀਨ ਦਿਖਾ ਰਹੀ ਸੀ ਕਿ ਵਿਕਰਮ ਚੰਨ ਤੋਂ ਸਿਰਫ਼ 2100 ਮੀਟਰ ਭਾਵ ਦੋ ਕੁ ਕਿਲੋਮੀਟਰ ਹੀ ਦੂਰ ਰਹਿ ਗਿਆ ਹੈ। ਬਸ ਐਨ ਇਸੇ ਵੇਲੇ ਕੰਪਿਊਟਰ ਦੀ ਸਕਰੀਨ ’ਤੇ ਕੁਝ ਵੀ ਦਿਸਣਾ ਬੰਦ ਹੋ ਗਿਆ। ਤਾੜੀਆਂ ਬੰਦ ਹੋ ਗਈਆਂ। ਵਿਗਿਆਨੀਆਂ ਦੇ ਚਿਹਰੇ ਮੁਰਝਾ ਗਏ। ਵਿਕਰਮ ਨਾਲੋਂ ਸਭ ਸੰਪਰਕ ਟੁੱਟ ਗਏ। ਬਾਅਦ ਵਿਚ ਆਰਬਾਈਟਰ ਦੇ ਕੰਪਿਊਟਰ ਰਿਕਾਰਡ ਤੋਂ ਪਤਾ ਲੱਗਾ ਕਿ ਚੰਨ ਤੋਂ ਇਕ ਦਸ਼ਮਲਵ ਨੌਂ ਕਿਲੋਮੀਟਰ ਦੀ ਉਚਾਈ ਵੇਲੇ ਇਸ ਦੀ ਸਪੀਡ ਅਠਤਾਲੀ ਮੀਟਰ ਪ੍ਰਤੀ ਸਕਿੰਟ ਹੀ ਸੀ। ਸੁਰੱਖਿਅਤ ਤੇ ਬਿਨਾਂ ਝਟਕੇ ਦੇ ਊਤਾਰੇ ਲਈ ਵਿਕਰਮ ਦੀ ਸਪੀਡ ਚੰਨ ਤੋਂ ਚਾਰ ਸੌ ਮੀਟਰ ਉਚਾਈ ਉੱਤੇ ਨਾਂ-ਮਾਤਰ ਹੀ ਰਹਿਣ ਦੇ ਪ੍ਰਬੰਧ ਕੀਤੇ ਗਏ ਸਨ। ਇਸ ਨੇ ਉਤਾਰੇ ਵਾਲੀ ਥਾਂ ਦੇ ਉਪਰ ਹੀ ਹੌਲੀ-ਹੌਲੀ ਚੱਕਰ ਕੱਟ ਕੇ ਥੱਲੇ ਪੈਰ ਲਾ ਦੇਣੇ ਸਨ। ਮਿਸ਼ਨ ਕੰਟਰੋਲ ਨੂੰ ਪ੍ਰਾਪਤ ਵੇਰਵੇ ਦੱਸਦੇ ਹਨ ਕਿ ਵਿਕਰਮ ਆਪਣੇ ਰਾਹ ਤੋਂ ਉਦੋਂ ਬੁਰੀ ਤਰ੍ਹਾਂ ਥਿੜਕਿਆ ਜਦੋਂ ਇਹ ਚੰਨ ਤੋਂ ਸਿਰਫ਼ 335 ਮੀਟਰ ਦੂਰ (ਉੱਚਾ) ਸੀ। ਉਂਜ ਆਪਣੇ ਮਿੱਥੇ ਰਾਹ, ਉਚਾਈ ਅਤੇ ਸਪੀਡ ਤੋਂ ਭਟਕਣ ਦੀ ਕਿਰਿਆ ਉਦੋਂ ਹੀ ਸ਼ੁਰੂ ਹੋ ਗਈ ਸੀ, ਜਦੋਂ ਇਹ ਦੋ ਦਸ਼ਮਲਵ ਇਕ ਕਿਲੋਮੀਟਰ ਉਚਾਈ ਉੱਤੇ ਸੀ। ਕੁਝ ਵੀ ਹੋਵੇ ਵਿਕਰਮ ਚੰਨ ਉੱਤੇ ਆਰਾਮ ਨਾਲ ਉਤਰਨ ਦੀ ਥਾਂ ਡਿੱਗਾ ਹੈ। ਸਿੱਧਾ ਨਹੀਂ ਟੇਢਾ। ਇਸ ਤੋਂ ਕੋਈ ਸਿਗਨਲ ਨਹੀਂ ਮਿਲ ਰਹੇ। ਇਸ ਵਿਚਲਾ ਰੋਵਰ ਅੰਦਰ ਹੀ ਬੰਦ ਹੈ। ਉਹ ਠੀਕ ਹੈ ਜਾਂ ਝਟਕੇ ਨਾਲ ਖ਼ਰਾਬ ਹੋ ਗਿਆ ਹੈ- ਉਸ ਬਾਰੇ ਵੀ ਕੁਝ ਪਤਾ ਨਹੀਂ।
ਇਕੋ ਗੱਲ ਪਤਾ ਹੈ ਕਿ ਚੰਦਰਯਾਨ-2 ਦਾ ਆਰਬਾਈਟਰ ਚੰਨ ਦੁਆਲੇ ਸੌ ਕਿਲੋਮੀਟਰ ਦੂਰ ਗੋਲ ਚੱਕਰ ਕੱਟ ਰਿਹਾ ਹੈ। ਉਸ ਵਿਚ ਐਮਰਜੈਂਸੀ ਵਿਚ ਵਰਤਣਯੋਗ ਪੰਜ ਸੌ ਕਿਲੋਗਰਾਮ ਬਾਲਣ ਵੀ ਹੈ। ਊਹ ਆਰਾਮ ਨਾਲ ਸੱਤ ਸਾਲ ਚੰਨ ਦੀ ਪਰਿਕਰਮਾ ਕਰ ਕੇ ਆਪਣੇ ਉਪਕਰਣਾਂ ਦਾ ਲਾਭ ਉਠਾਉਣ ਦੇ ਸਮਰੱਥ ਹੈ। ਇਸ ਦੌਰਾਨ ਹੋ ਸਕਦਾ ਹੈ ਕਿ ਇਨ੍ਹਾਂ ਉਪਕਰਣਾਂ ਵਿਚੋਂ ਇਕ ਦੋ ਜਾਂ ਵਧੇਰੇ ਜਵਾਬ ਦੇ ਜਾਣ। ਇੰਨੀਆਂ ਪ੍ਰਾਪਤੀਆਂ ਕਰਨ ਵਾਲੀਆਂ ਇਸਰੋ ਦੀਆਂ ਬੀਬੀਆਂ ਅਤੇ ਇਸਰੋ ਦੇ ਸਾਰੇ ਵਿਗਿਆਨੀਆਂ, ਇੰਜੀਨੀਅਰਾਂ ਅਤੇ ਅਧਿਕਾਰੀਆਂ ਨੂੰ ਮੁਬਾਰਕ ਦੇਣੀ ਬਣਦੀ ਹੈ। ਉਂਜ ਇਸਰੋ ਦੇ ਹੌਂਸਲੇ ਬੁਲੰਦ ਹਨ। ਉਹ ਚੰਦਰਯਾਨ-3 ਅਤੇ ਗਗਨ ਯਾਨ ਦੇ ਡਿਜ਼ਾਈਨ ਵਿਚ ਜ਼ੋਰ-ਸ਼ੋਰ ਨਾਲ ਰੁੱਝੇ ਹੋਏ ਹਨ। ਉਨ੍ਹਾਂ ਦੇ ਸਾਹਮਣੇ ਉਚੇਰੇ ਨਿਸ਼ਾਨੇ ਅਤੇ ਉਚੇਰੀਆਂ ਮੰਜ਼ਿਲਾਂ ਹਨ। ਉਨ੍ਹਾਂ ਦੀਆਂ ਗੱਲਾਂ ਫੇਰ ਸਹੀ…।
*ਸਾਬਕਾ ਪ੍ਰੋਫ਼ੈਸਰ ਅਤੇ ਡੀਨ ਅਕਾਦਮਿਕ ਮਾਮਲੇ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਸੰਪਰਕ: 98722-60550