ਵਿਸਾਖ ਚੜ੍ਹੇ ਤੋਂ ਆਈ ਵਿਸਾਖੀ...

ਜੱਗਾ ਸਿੰਘ ਆਦਮਕੇ
ਪੰਜਾਬੀਆਂ ਲਈ ਵੱਖ ਵੱਖ ਮੇਲਿਆਂ ਅਤੇ ਤਿਉਹਾਰਾਂ ਦਾ ਵਿਸ਼ੇਸ਼ ਮਹੱਤਵ ਹੈ। ਇਨ੍ਹਾਂ ਵਿੱਚੋਂ ਵਿਸਾਖੀ ਸਭ ਤੋਂ ਮਹੱਤਵਪੂਰਨ ਹੈ। ਜਿਵੇਂ ਇਸ ਦੇ ਨਾਂ ਤੋਂ ਹੀ ਸਪੱਸ਼ਟ ਹੁੰਦਾ ਹੈ ਕਿ ਵਿਸਾਖ ਮਹੀਨੇ ਦੇ ਪਹਿਲੇ ਦਿਨ ਮਨਾਏ ਜਾਣ ਕਾਰਨ ਇਸ ਦਾ ਨਾਂ ਵਿਸਾਖੀ ਪਿਆ ਹੈ। ਵਿਸਾਖੀ ਬਹੁਪੱਖੀ ਮਹੱਤਵ ਰੱਖਣ ਵਾਲਾ ਤਿਉਹਾਰ ਹੈ। ਇਹ ਵਿਸ਼ੇਸ਼ ਰੂਪ ਵਿੱਚ ਫ਼ਸਲਾਂ ਪੱਕਣ ਦੀ ਖ਼ੁਸ਼ੀ ਵਿੱਚ ਮਨਾਇਆ ਜਾਂਦਾ ਹੈ। ਵਿਸਾਖੀ ਵਾਲਾ ਦਿਨ ਸੂਰਜੀ ਵਰ੍ਹੇ ਦਾ ਪਹਿਲਾ ਦਿਨ ਹੈ। ਅਜਿਹਾ ਹੋਣ ਕਾਰਨ ਪੁਰਾਤਨ ਸਮਿਆਂ ਤੋਂ ਇਹ ਦਿਨ ਵੱਖ ਵੱਖ ਰੂਪਾਂ ਵਿੱਚ ਮਨਾਇਆ ਜਾਂਦਾ ਹੈ। ਪੁਰਾਤਨ ਗਰੰਥਾਂ, ਪੁਰਾਣਾਂ ਵਿੱਚ ਇਸ ਦਾ ਵੱਖ ਵੱਖ ਰੂਪਾਂ ਵਿੱਚ ਜ਼ਿਕਰ ਮਿਲਦਾ ਹੈ।
ਆਮ ਕਰਕੇ ਵਿਸਾਖੀ ਆਉਣ ਸਮੇਂ ਗਰਮੀ ਆਪਣਾ ਪ੍ਰਭਾਵ ਵਿਖਾਉਣ ਲੱਗਦੀ ਹੈ। ਇਸ ਦਾ ਸਰੀਰਕ ਰੂਪ ਵਿੱਚ ਪ੍ਰਭਾਵ ਪੈਣਾ ਲਾਜ਼ਮੀ ਹੈ। ਅਜਿਹਾ ਹੋਣ ਕਾਰਨ ਇਸ ਸਮੇਂ ਇਸ਼ਨਾਨ ਕਰਨ ਅਤੇ ਗਰਮੀ ਦੇ ਪ੍ਰਭਾਵ ਤੋਂ ਬਚਣ ਲਈ ਤੀਰਥ ਇਸ਼ਨਾਨ ਕਰਨ ਦਾ ਵਿਸ਼ੇਸ਼ ਮਹੱਤਵ ਸਮਝਿਆ ਜਾਂਦਾ ਹੈ। ਅਜਿਹੇ ਵਿਗਿਆਨਕ ਕਾਰਨ ਸਮੇਂ ਨਾਲ ਲੋਕ ਵਿਸ਼ਵਾਸ ਦਾ ਹਿੱਸਾ ਬਣ ਗਏ। ਵਿਸਾਖੀ ਭਾਰਤ ਦੇ ਵੱਖ ਵੱਖ ਹਿੱਸਿਆਂ ਵਿੱਚ ਵੱਖ ਵੱਖ ਨਾਵਾਂ ਅਤੇ ਰੂਪਾਂ ਵਿੱਚ ਮਨਾਈ ਜਾਂਦੀ ਹੈ। ਗੁਰੂ ਨਾਨਕ ਦੇਵ ਜੀ ਤੁਖਾਰੀ ਰਾਗ ਵਿੱਚ ਬਾਰਾਮਾਹਾ ਵਿੱਚ ਵਿਸਾਖੀ ਸਬੰਧੀ ਕੁੱਝ ਇਸ ਤਰ੍ਹਾਂ ਫਰਮਾਉਂਦੇ ਹਨ;
ਨਾਨਕ ਵੈਸਾਖੀਂ ਪ੍ਰਭੁ ਪਾਵੈ ਸੁਰਤਿ ਸਬਦਿ ਮਨੁ ਮਾਨਾ।।
ਵਿਸਾਖੀ ਪੰਜਾਬੀਆਂ ਲਈ ਸੱਭਿਆਚਾਰਕ, ਇਤਿਹਾਸਕ ਅਤੇ ਆਰਥਿਕ ਪੱਖਾਂ ਤੋਂ ਮਹੱਤਵ ਰੱਖਣ ਵਾਲਾ ਤਿਉਹਾਰ ਹੈ। ਆਰਥਿਕ ਪੱਖ ਤੋਂ ਇਹ ਪੰਜਾਬ ਦੀ ਹਾੜ੍ਹੀ ਦੀ ਪ੍ਰਮੁੱਖ ਫ਼ਸਲ ਕਣਕ ਦੇ ਪੱਕਣ ਦੇ ਜਸ਼ਨਾਂ ਦਾ ਤਿਉਹਾਰ ਹੈ। ਇਹ ਖਿੱਤੇ ਦੇ ਲੋਕਾਂ ਦਾ ਢਿੱਡ ਭਰਨ ਦੇ ਨਾਲ ਨਾਲ ਜੀਵਨ ਜਿਊਣ ਲਈ ਆਰਥਿਕ ਸਾਧਨ ਪ੍ਰਦਾਨ ਕਰਨ ਦਾ ਸਾਧਨ ਰਹੀ ਹੈ। ਇਸ ਕਰਕੇ ਇਸ ਦੇ ਆਉਣ ਦੀ ਖ਼ੁਸ਼ੀ ਦਾ ਪ੍ਰਗਟਾਵਾ ਹੋਣਾ ਸੁਭਾਵਿਕ ਹੈ। ਇਸ ਦਿਨ ਦੇ ਅਜਿਹੇ ਆਰਥਿਕ ਮਹੱਤਵ ਕਾਰਨ ਪੰਜਾਬ ਵਿੱਚ ਛੋਟੇ ਵੱਡੇ ਅਨੇਕਾਂ ਥਾਵਾਂ ’ਤੇ ਮੇਲੇ ਲੱੱਗਦੇ ਹਨ ਅਤੇ ਲੋਕ ਇਨ੍ਹਾਂ ਵਿੱਚ ਪੂਰੇ ਜੋਸ਼ੋ ਖਰੋਸ਼ ਨਾਲ ਸ਼ਮੂਲੀਅਤ ਕਰਦੇ ਹਨ;
ਵਿਸਾਖ ਚੜ੍ਹੇ ਤੋਂ ਵਿਸਾਖੀ ਆਈ।
ਮੇਲਾ ਵੇਖਣ ਤੁਰੀ ਲੁਕਾਈ।
ਵਿਸਾਖੀ ਆਉਣ ਸਮੇਂ ਕਣਕ ਹਰੇ ਤੋਂ ਸੁਨਹਿਰੀ ਰੰਗ ਵਿੱਚ ਤਬਦੀਲ ਹੋ ਕੇ ਘਰ ਆਉਣ ਲਈ ਤਿਆਰ ਹੁੰਦੀ ਹੈ। ਸਰਦੀ ਵਿੱਚ ਕਣਕਾਂ ਦੀ ਸਾਂਭ ਸੰਭਾਲ ਵਿੱਚ ਕੀਤੀ ਮਿਹਨਤ ਦਾ ਫ਼ਲ ਮਿਲਣ ਦਾ ਸਮਾਂ ਆ ਜਾਂਦਾ ਹੈ ਅਤੇ ਇਸ ਨਾਲ ਸਬੰਧਤ ਸਾਂਭ ਸੰਭਾਲ, ਦੇਖਭਾਲ ਦੇ ਕੰਮ ਮੁੱਕ ਜਾਂਦੇ ਹਨ। ਅਜਿਹਾ ਹੋਣ ਕਾਰਨ ਪ੍ਰਸਿੱਧ ਹੈ;
ਕਣਕਾਂ ਦੀ ਮੁੱਕ ਗਈ ਰਾਖੀ, ਉਏ ਜੱਟਾ ਆਈ ਵਿਸਾਖੀ।
ਦਾਣੇ ਘਰ ਆਉਣ ਕਾਰਨ ਕਿਸਾਨਾਂ ਅਤੇ ਉਸ ਨਾਲ ਜੁੜੀਆਂ ਜਮਾਤਾਂ ਵਿੱਚ ਹੁਲਾਸ ਹੋਣਾ ਲਾਜ਼ਮੀ ਹੈ। ਵਿਸਾਖੀ ਪ੍ਰਤੀ ਉਤਸ਼ਾਹ ਦੇ ਅਜਿਹੇ ਪੱਖ ਨੂੰ ਪੰਜਾਬੀ ਦੇ ਸਿਰਮੌਰ ਕਵੀ ਧਨੀ ਰਾਮ ਚਾਤ੍ਰਿਕ ਨੇ ਕੁਝ ਇਸ ਤਰ੍ਹਾਂ ਪੇਸ਼ ਕੀਤਾ ਹੈ;
ਤੂੜੀ ਤੰਦ ਸਾਂਭ ਹਾੜੀ ਵੇਚ ਵੱਟ ਕੇ
ਲੰਬੜਾਂ ਤੇ ਸ਼ਾਹਾਂ ਦਾ ਹਿਸਾਬ ਕੱਟ ਕੇ
ਮੀਹਾਂ ਦੀ ਉਡੀਕ ਤੇ ਸਿਆੜ ਕੱਢ ਕੇ
ਮਾਲ ਧੰਦਾ ਸਾਂਭਣੇ ਨੂੰ ਕਾਮਾ ਛੱਡ ਕੇ
ਪੱਗ ਝੱਗਾ ਚਾਦਰਾ ਨਵਾਂ ਸਵਾਇ ਕੇ
ਸੰਮਾਂ ਵਾਲੀ ਡਾਂਗ ਉੱਤੇ ਤੇਲ ਲਾਇ ਕੇ
ਕੱਛੇ ਮਾਰ ਵੰਝਲੀ ਅਨੰਦ ਛਾ ਗਿਆ
ਮਾਰਦਾ ਦਮਾਮੇ ਜੱਟ ਮੇਲੇ ਆ ਗਿਆ
ਵਿਸਾਖੀ ਦੇ ਦਿਨ ਵੱਖ ਵੱਖ ਥਾਵਾਂ ’ਤੇ ਲੱਗਦੇ ਮੇਲਿਆਂ ’ਤੇ ਵੱਡੀ ਗਿਣਤੀ ਵਿੱਚ ਲੋੋਕ ਸ਼ਾਮਲ ਹੁੰਦੇ ਸਨ। ਇਸ ਦਾ ਕਾਰਨ ਪੱਕੀ ਹਾੜ੍ਹੀ ਦੇ ਜਸ਼ਨ, ਧਾਰਮਿਕ ਵਿਸ਼ਵਾਸ ਅਤੇ ਲੋਕਾਂ ਦੀਆਂ ਮਨੋਰੰਜਨ, ਮੇਲ ਮਿਲਾਪ, ਖ਼ਰੀਦੋ ਫਰੋਖ਼ਤ ਵਰਗੀਆਂ ਵਕਤੀ ਜ਼ਰੂਰਤਾਂ ਇਸ ਦਿਨ ਦੇ ਮਹੱਤਵ ਨੂੰ ਹੋਰ ਮਹੱਤਵ ਪ੍ਰਦਾਨ ਕਰਨ ਦਾ ਕੰਮ ਕਰਦੀਆਂ ਸਨ। ਇਸ ਦੇ ਨਾਲ ਇਸ ਦੇ ਪਿੱਛੇ ਸ਼ਾਇਦ ਕਣਕ ਦੀ ਵਾਢੀ ਦੇ ਲੰਬੇ ਤੇ ਥਕਾਉਣ ਵਾਲੇ ਕੰਮ ਤੋਂ ਬਾਅਦ ਆਨੰਦ ਮਾਣਨ ਦਾ ਜਜ਼ਬਾ ਵੀ ਕੰਮ ਕਰਦਾ ਹੋਵੇਗਾ। ਪੁਰਾਤਨ ਸਮਿਆਂ ਤੋਂ ਇਸ ਦਿਨ ਲੋਕ ਮੇਲੇ ਦਾ ਆਨੰਦ ਮਾਣਨ ਲਈ ਬੜੀ ਧੂਮ ਧਾਮ ਨਾਲ ਜਾਂਦੇ ਰਹੇ ਹਨ। ਅਜੋਕੇ ਆਵਾਜਾਈ ਦੇ ਆਧੁਨਿਕ ਸਾਧਨਾਂ ਦੀ ਘਾਟ ਸਮੇਂ ਜ਼ਿਆਦਾਤਰ ਸਫ਼ਰ ਪੈਦਲ ਕੀਤਾ ਜਾਂਦਾ ਸੀ। ਅਜਿਹਾ ਹੋਣ ਕਾਰਨ ਪ੍ਰਸਿੱਧ ਹੈ;
ਮੇਲਾ ਮੁਕਤਸਰ ਦਾ, ਜੋੜੇ ਤੋੜ ਵਿਸਾਖੀ।
ਇਸ ਦਿਨ ਦੇ ਵਿਸ਼ੇਸ਼ ਆਰਥਿਕ, ਕੁਦਰਤੀ, ਇਤਿਹਾਸਕ, ਮਿਥਿਹਾਸਕ ਅਤੇ ਸੱਭਿਆਚਾਰਕ ਮਹੱਤਵ ਕਾਰਨ ਇਸ ਦੇ ਨਾਲ ਹੋਰਨਾਂ ਦਿਨਾਂ ਵਾਂਗ ਸਮੇਂ ਨਾਲ ਕਾਫ਼ੀ ਕੁੱਝ ਨਵਾਂ ਜੁੜਦਾ ਗਿਆ। ਇਸ ਨਾਲ ਜੁੜੀ ਇੱਕ ਮਹੱਤਵਪੂਰਨ ਧਾਰਮਿਕ ਤੇ ਇਤਿਹਾਸਕ ਘਟਨਾ ਇਸੇ ਦਿਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੁਆਰਾ ਖਾਲਸਾ ਪੰਥ ਦੀ ਸਿਰਜਣਾ ਹੈ। ਸਿੱਖੀ ਨੂੰ ਨਵਾਂ ਰੂਪ ਪ੍ਰਦਾਨ ਕਰਨ, ਜਾਤਪਾਤ, ਅੰਧ ਵਿਸ਼ਵਾਸ ਆਦਿ ਵਰਗੀਆਂ ਕੁਰੀਤੀਆਂ ਨੂੰ ਖ਼ਤਮ ਕਰਨ, ਸਿੱਖਾਂ ਨੂੰ ਵਧੇਰੇ ਸਗੰਠਿਤ ਕਰਨ, ਸਦੀਵੀ ਫੌਜ ਤਿਆਰ ਕਰਨ ਆਦਿ ਵਰਗੇ ਉਦੇਸ਼ਾਂ ਲਈ ਖਾਲਸਾ ਪੰਥ ਦੀ ਸਿਰਜਣਾ ਲਈ 1699 ਈਸਵੀ ਵਿੱਚ ਵਿਸਾਖੀ ਵਾਲੇ ਦਿਨ ਦੀ ਚੋਣ ਕੀਤੀ ਗਈ। ਬਾਕਾਇਦਾ ਇਸ ਲਈ ਸਿੱਖ ਸੰਗਤਾਂ ਨੂੰ ਆਨੰਦਪੁਰ ਦੇ ਕਿਲ੍ਹਾ ਕੇਸਗੜ੍ਹ ਸਾਹਿਬ ਵਿਖੇ ਇਕੱਠੇ ਹੋਣ ਸਬੰਧੀ ਸੱਦਾ ਦਿੱਤਾ ਗਿਆ। ਇਸ ਦਿਨ ਹਜ਼ਾਰਾਂ ਦੀ ਗਿਣਤੀ ਵਿੱਚ ਸਿੱਖ ਸੰਗਤਾਂ ਆਨੰਦਪੁਰ ਸਾਹਿਬ ਵਿੱਚ ਇਕੱਠੀਆਂ ਹੋਈਆਂ ਅਤੇ ਕੇਸਗੜ੍ਹ ਵਿਖੇ ਭਾਰੀ ਦੀਵਾਨ ਸਜਿਆ ਅਤੇ ਖਾਲਸਾ ਪੰਥ ਦੀ ਸਾਜਨਾ ਕੀਤੀ ਗਈ।
ਇਸੇ ਤਰ੍ਹਾਂ ਇਸ ਦਿਨ ਨਾਲ ਜੁੜੀ ਇੱਕ ਹੋਰ ਮਹੱਤਵਪੂਰਨ ਅਤੇ ਦੁਖਦਾਈ ਘਟਨਾ 13 ਅਪਰੈਲ 1919 ਦਾ ਅੰਮ੍ਰਿਤਸਰ ਦਾ ਜੱਲ੍ਹਿਆਂਵਾਲੇ ਬਾਗ਼ ਦਾ ਖੂਨੀ ਸਾਕਾ ਹੈ। ਜੱਲ੍ਹਿਆਂਵਾਲੇ ਬਾਗ਼ ਵਿੱਚ ਰੌਲੇਟ ਐਕਟ ਅਤੇ ਡਾ. ਸੈਫੂਦੀਨ ਕਿਚਲੂ ਅਤੇ ਡਾ. ਸੱਤਿਆਪਾਲ ਦੀ ਗ੍ਰਿਫ਼ਤਾਰੀ ਦੇ ਵਿਰੋਧ ਵਿੱਚ ਲੋਕ ਇਕੱਠੇ ਹੋ ਕੇ ਸ਼ਾਂਤਮਈ ਵਿਰੋਧ ਪ੍ਰਦਰਸ਼ਨ ਕਰ ਰਹੇ ਸਨ। ਇਸ ਇਕੱਠ ਵਿੱਚ ਸ਼ਾਮਲ ਹੋਏ ਲੋਕਾਂ ਨੂੰ ਜਰਨਲ ਡਾਇਰ ਦੀ ਅਗਵਾਈ ਵਿੱਚ ਅੰਗਰੇਜ਼ ਸੈਨਿਕਾਂ ਨੇ ਜੱਲ੍ਹਿਆਂਵਾਲੇ ਬਾਗ਼ ਦੇ ਆਉਣ ਜਾਣ ਵਾਲੇ ਇੱਕੋ ਇੱਕ ਰਸਤੇ ਨੂੰ ਘੇਰ ਲਿਆ ਅਤੇ ਇੱਥੇ ਮੌਜੂਦ ਅੰਨ੍ਹੇਵਾਹ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ। ਇਸ ਗੋਲੀ ਕਾਂਡ ਵਿੱਚ ਸੈਂਕੜੇ ਨਿਹੱਥੇ ਤੇ ਨਿਰਦੋਸ਼ ਲੋਕ ਮਾਰੇ ਗਏ। ਇਸ ਲਈ ਵਿਸਾਖੀ ’ਤੇ ਜੱਲ੍ਹਿਆਂਵਾਲੇ ਬਾਗ਼ ਦੇ ਸ਼ਹੀਦਾਂ ਨੂੰ ਵੀ ਯਾਦ ਕੀਤਾ ਜਾਂਦਾ ਹੈ।
ਆਨੰਦਪੁਰ ਸਾਹਿਬ ਤੋਂ ਬਾਅਦ ਤਲਵੰਡੀ ਸਾਬੋ ਦੀ ਵਿਸਾਖੀ ਦਾ ਮੇਲਾ ਸਭ ਤੋਂ ਵਿਸ਼ਾਲ ਅਤੇ ਮਹੱਤਵਪੂਰਨ ਹੈ। ਤਲਵੰਢੀ ਸਾਬੋ ਵਿਖੇ ਗੁਰੂ ਗੋੋਬਿੰਦ ਸਿੰਘ ਜੀ 1705 ਈਸਵੀ ਵਿੱਚ ਆਏ ਸਨ। ਉਨ੍ਹਾਂ ਨੇ ਜੰਗਾਂ ਯੁੱਧਾਂ ਤੋਂ ਵਿਹਲੇ ਹੋ ਕੇ ਇੱਥੇ ਲਿਖਣ ਪੜ੍ਹਨ ਨਾਲ ਸਬੰਧਤ ਬਹੁਤ ਸਾਰੇ ਮਹੱਤਵਪੂਰਨ ਕੰਮ ਕੀਤੇ। ਇੱਥੇ ਗੁਰੂ ਗਰੰਥ ਸਾਹਿਬ ਨੂੰ ਅੰਤਿਮ ਰੂਪ ਦਿੱਤਾ। ਅਜਿਹੇ ਕਾਰਜਾਂ ਕਾਰਨ ਇਸ ਨਗਰ ਨੂੰ ਗੁਰੂ ਕੀ ਕਾਂਸ਼ੀ ਦਾ ਵੀ ਖਿਤਾਬ ਪ੍ਰਾਪਤ ਹੈ। ਇਸ ਦੇ ਨਾਲ ਨਾਲ ਇੱਥੇ ਗੁਰੂ ਗੋਬਿੰਦ ਸਿੰਘ ਜੀ ਨੇ ਵਿਸਾਖੀ ਵਾਲੇ ਦਿਨ ਵੱਡੀ ਗਿਣਤੀ ਵਿੱਚ ਸਿੱਖਾਂ ਨੂੰ ਅੰਮ੍ਰਿਤ ਛਿਕਾਇਆ ਸੀ। ਪ੍ਰਸਿੱਧ ਇਤਿਹਾਸਕਾਰ ਟਰਿੱਪ ਦੇ ਅਨੁਸਾਰ ਆਨੰਦਪੁਰ ਸਾਹਿਬ ਵਿਖੇ ਖਾਲਸਾ ਪੰਥ ਦੀ ਸਾਜਨਾ ਸਮੇਂ ਵਿਸਾਖੀ ਵਾਲੇ ਦਿਨ ਵੀਹ ਹਜ਼ਾਰ ਦੇ ਲਗਭਗ ਜਦਕਿ ਗੁਰੂ ਸਾਹਿਬ ਨੇ ਵੱਲੋਂ ਦਮਦਮਾ ਸਾਹਿਬ ਵਿਖੇ ਵਿਸਾਖੀ ਵਾਲੇ ਦਿਨ ਸਵਾ ਲੱਖ ਸੰਗਤਾਂ ਨੂੰ ਅੰਮ੍ਰਿਤ ਛਕਾਇਆ ਗਿਆ। ਅਜਿਹਾ ਹੋਣ ਕਾਰਨ ਤਲਵੰਡੀ ਸਾਬੋ ਦਾ ਧਾਰਮਿਕ ਅਤੇ ਇਤਿਹਾਸਕ ਮਹੱਤਵ ਹੋਣਾ ਲਾਜ਼ਮੀ ਹੈ। ਇਸ ਨਗਰ ਨੂੰ 1966 ਵਿੱਚ ਸਿੱਖਾਂ ਦੇ ਪੰਜਵੇਂ ਤਖ਼ਤ ਦੇ ਰੂਪ ਵਿੱਚ ਮਾਨਤਾ ਦਿੱਤੀ ਗਈ। ਇਸ ਨਗਰ ਦੇ ਅਜਿਹੇ ਇਤਿਹਾਸ ਅਤੇ ਧਾਰਮਿਕ ਮਹੱਤਵ ਕਾਰਨ ਹਰ ਸਾਲ ਇੱਥੇ ਵਿਸਾਖੀ ਵਾਲੇ ਦਿਨ ਬਹੁਤ ਭਾਰੀ ਮੇਲਾ ਭਰਦਾ ਹੈ।
ਇਸ ਤਰ੍ਹਾਂ ਇਸ ਦਿਨ ਨਾਲ ਸਬੰਧਤ ਹੋਰ ਵੀ ਛੋਟੀਆਂ ਵੱਡੀਆਂ ਘਟਨਾਵਾਂ ਜੁੜੀਆਂ ਹੋਈਆਂ ਹਨ। ਧਾਰਮਿਕ, ਆਰਥਿਕ, ਇਤਿਹਾਸਕ, ਮਿਥਿਹਾਸਕ ਮਹੱਤਵ ਅਤੇ ਹਾੜ੍ਹੀ ਦੀ ਫ਼ਸਲ ਦੀ ਆਮਦ ਦੇ ਜਸ਼ਨ ਵਾਲੇ ਇਸ ਦਿਨ ਨੂੰ ਭਾਰਤ ਵਿੱਚ ਵੱਖ ਵੱਖ ਰੂਪਾਂ ਵਿੱਚ ਮਨਾਇਆ ਜਾਂਦਾ ਹੈ। ਪੰਜਾਬ, ਪੰਜਾਬੀਆਂ ਲਈ ਇਸ ਦਿਨ ਦੇ ਧਾਰਮਿਕ, ਇਤਿਹਾਸਕ, ਅਧਿਆਤਮਕ, ਆਰਥਿਕ, ਸੱਭਿਆਚਾਰਕ ਮਹੱਤਵ ਕਾਰਨ ਇਸ ਦੇ ਜਸ਼ਨ ਮਨਾਏ ਜਾਂਦੇ ਹਨ। ਵੱਖ ਵੱਖ ਧਾਰਮਿਕ ਸਥਾਨਾਂ ’ਤੇ ਵੱਡੇ ਛੋਟੇ ਮੇਲੇ ਭਰਦੇ ਹਨ। ਧਾਰਮਿਕ ਆਸਥਾ ਦੇ ਨਾਲ ਨਾਲ ਸੱਭਿਆਚਾਰਕ ਪੱਖ ਤੋਂ ਪੰਜਾਬੀ ਇਨ੍ਹਾਂ ਦਾ ਪੂਰਾ ਲੁਤਫ ਲੈਂਦੇ ਹਨ।
ਸੰਪਰਕ: 81469-24800