ਐਵੇਂ ਪੰਗਾ ਪੈ ਗਿਆ
ਰਣਜੀਤ ਲਹਿਰਾ
ਗੱਲ 1983 ਦੇ ਜੁਲਾਈ ਜਾਂ ਸ਼ਾਇਦ ਅਗਸਤ ਮਹੀਨੇ ਦੀ ਹੈ। ਉਦੋਂ ਮੇਰੀ ਉਮਰ ਵੀਹ ਕੁ ਸਾਲ ਸੀ, ਯਾਨੀ ‘ਮੋਢਿਆਂ ਤੋਂ ਥੁੱਕਣ’ ਦੀ ਉਮਰ। ‘ਜਾਂਦੀ ਬਲਾਏ ਦੁਪਹਿਰਾ ਕੱਟ ਜਾ’ ਕਹਿਣ ਵਾਲੀ ਉਮਰ; ਜਾਂ ‘ਕਿਸੇ ਦੀ ਆਈ ਮੈਂ ਮਰ ਜਾਂ’ ਵਾਲੀ ਉਮਰ। ਉਹ ਦਿਨ ਸ਼ਾਇਦ ਮੇਰੇ ਲਈ ਵੱਖਰਾ ਹੀ ਚੜ੍ਹਿਆ ਸੀ। ਐਵੇਂ ਪੰਗਾ ਪੈ ਗਿਆ ਸੀ। ਗੱਲ ਕੁਝ ਵੀ ਨਹੀਂ ਸੀ। ਸਿਰਫ਼ ਅਠਿਆਨੀ ਦਾ ਮਸਲਾ ਸੀ।
ਉਨ੍ਹੀਂ ਦਿਨੀਂ ਮੇਰਾ ਅੱਡਾ ਆਈਟੀਆਈ, ਪਟਿਆਲਾ ਦਾ ਹੋਸਟਲ ਸੀ। ਉਸ ਦਿਨ ਪਟਿਆਲੇ ਤੋਂ ਲਹਿਰੇ ਆਪਣੇ ਘਰ ਗੇੜਾ ਲਾ ਕੇ ਸ਼ਾਮ ਨੂੰ ਬਰੇਟਾ ਲਾਗੇ ਪਿੰਡ ਕੁਲਰੀਆਂ ਜਾਣ ਦਾ ਇਰਾਦਾ ਸੀ। ਉਸ ਦਿਨ ਉੱਥੇ ਰਾਤ ਨੂੰ ਨੌਜਵਾਨ ਭਾਰਤ ਸਭਾ ਦਾ ਨਾਟਕਾਂ ਦਾ ਪ੍ਰੋਗਰਾਮ ਸੀ। ਜਾਣ ਦਾ ਇਰਾਦਾ ਇਸ ਕਰ ਕੇ ਸੀ ਕਿ ਇੱਕ ਤਾਂ ਕੁਲਰੀਆਂ ਮੇਰੇ ਪੁਰਾਣੇ ਕਾਰਜ ਖੇਤਰ ਵਾਲਾ ਪਿੰਡ ਸੀ ਅਤੇ ਦੂਜਾ ਪਿੰਡ ਦੇ ਇੱਕ ਨਾਮੀ ਬਦਮਾਸ਼ ਨੇ ਇਹ ਪ੍ਰੋਗਰਾਮ ਨਾ ਹੋਣ ਦੇਣ ਦੀ ਧਮਕੀ ਦਿੱਤੀ ਹੋਈ ਸੀ। ਬੰਦੂਕੜੀ ਹੱਥ ਵਿਚ ਫੜ ਕੇ ਤੇ ਨਾਲ ਦੋ ਚਾਰ ਲਠੈਤ ਲੈ ਕੇ ਲੋਕਾਂ ‘ਤੇ ਦਹਿਸ਼ਤ ਪਾਉਣਾ ਉਹਦਾ ਸ਼ੁਗਲ ਸੀ। ਅੱਜ ਉਹਦੇ ਸ਼ੁਗਲ ਅਤੇ ਜ਼ੋਰ ਦੀ ਪਰਖ ਹੋਣ ਵਾਲੀ ਸੀ।
ਸੋ ਸਵੇਰੇ ਹੀ ਪਟਿਆਲਾ ਦੇ ਬੱਸ ਸਟੈਂਡ ਤੋਂ ਨੈਸ਼ਨਲ ਬੱਸ ਸਰਵਿਸ ਕੰਪਨੀ ਦੀ ਸੁਨਾਮ ਜਾਣ ਵਾਲੀ ਬੱਸ ਵਿਚ ਸਵਾਰ ਹੋ ਗਿਆ। ਸਮਾਣਾ ਚੁੰਗੀ ਤੋਂ ਸਵਾਰੀਆਂ ਲੈ ਕੇ ਬੱਸ ਸੁਨਾਮ ਦੇ ਰਾਹ ਪੈ ਗਈ। ਮੈਂ ਕੰਡਕਟਰ ਸੀਟ ‘ਤੇ ਬੈਠਾ ਸੀ। ਪਹਿਲਾ ਪੰਗਾ ਤਾਂ ਉਸ ਵਕਤ ਪੈ ਗਿਆ ਜਦੋਂ ਭਾਖੜਾ ਨਹਿਰ ਦੇ ਪੁਲ ਕੋਲ ਸੱਜੇ ਪਾਸਿਓਂ ਭਾਖੜਾ ਦੀ ਪਟੜੀ ਤੋਂ ਅਚਾਨਕ ਇੱਕ ਕਾਰ ਬੱਸ ਦੇ ਮੂਹਰੇ ਆ ਖੜ੍ਹੀ। ਕਾਰ ਨੂੰ ਬਚਾਉਣ ਦੇ ਚੱਕਰ ਵਿਚ ਬੱਸ ਦੇ ਡਰਾਈਵਰ ਨੇ ਜਦੋਂ ਇੱਕਦਮ ਬਰੇਕਾਂ ਦੱਬ ਕੇ ਖੱਬੇ ਨੂੰ ਕੱਟ ਮਾਰਿਆ ਤਾਂ ਬੱਸ ਦਾ ਸੰਤੁਲਨ ਵਿਗੜ ਗਿਆ ਤੇ ਬੱਸ ਪੁਲ ਦੀ ਰੇਲਿੰਗ ‘ਤੇ ਜਾ ਚੜ੍ਹੀ। ਰੇਲਿੰਗ ਟੱਪ ਕੇ ਬੱਸ ਦਾ ਮੂਹਰਲਾ ਚੱਕਾ ਨਹਿਰ ਵਾਲੇ ਪਾਸੇ ਲੰਘ ਗਿਆ। ਉਦੋਂ ਹੀ ਰੇਲਿੰਗ ਦੀ ਇੱਕ ਐਂਗਲਾਇਰਨ ਬੱਸ ਦੇ ਮੂਹਰੋਂ ਬਾਡੀ ਨੂੰ ਚੀਰਦੀ ਹੋਈ ਬੱਸ ਵਿਚ ਆ ਵੜੀ। ਬੱਸ ਦੇ ਅੱਧ ਕੁ ਤੱਕ ਸੀਟਾਂ ਭੰਨਦੀ ਤੇ ਸਵਾਰੀਆਂ ਨੂੰ ਜ਼ਖ਼ਮੀ ਕਰਦੀ ਐਂਗਲਾਇਰਨ ਉੱਪਰ ਨੂੰ ਮੁੜ ਕੇ ਬੱਸ ਦੀ ਛੱਤ ਵਿਚ ਦੀ ਉਪਰ ਨੂੰ ਲੰਘ ਗਈ। ਅਸਲ ਵਿਚ ਬੱਸ ਨੂੰ ਭਾਖੜਾ ਨਹਿਰ ਵਿਚ ਡਿੱਗਣੋਂ ਬਚਾ ਹੀ ਇਸ ਐਂਗਲਾਇਰਨ ਨੇ ਲਿਆ ਸੀ। ਬੱਸ ਇੱਕ ਤਰ੍ਹਾਂ ਨਾਲ ਐਂਗਲਾਇਰਨ ‘ਤੇ ਝੂਲ ਜਿਹੀ ਗਈ। ਅਚਾਨਕ ਵੱਜੀਆਂ ਬਰੇਕਾਂ ਨੇ ਮੈਨੂੰ ਬੱਸ ਦੀ ਤਾਕੀ ਦੀਆਂ ਪੌੜੀਆਂ ਵਿਚ ਲਿਜਾ ਸੁੱਟਿਆ। ਗਨੀਮਤ ਇਹ ਰਹੀ ਕਿ ਤਾਕੀ ਨਾ ਖੁੱਲ੍ਹੀ, ਨਹੀਂ ਤਾਂ ਭਾਖੜਾ ਵਿਚ ਡਿੱਗਦਿਆਂ ਹੀ ਮੇਰੇ ਵਾਲਾ ਸੰਖ ਉੱਥੇ ਹੀ ਪੂਰਿਆ ਜਾਣਾ ਸੀ। ਤਾਕੀਆਂ ਤਾਂ ਭਾਖੜਾ ਵੱਲ ਸਨ, ਇਸ ਲਈ ਸਵਾਰੀਆਂ ਰੱਬ ਰੱਬ ਕਰਦੀਆਂ ਫੁੱਟੇ ਸ਼ੀਸ਼ੇ ਵਿਚ ਦੀ ਉੱਤਰੀਆਂ। ਬੱਸ ਵਿਚੋਂ ਉੱਤਰ ਕੇ ਮੇਰੇ ਮਨ ਵਿਚ ਪਹਿਲਾ ਖਿਆਲ ਇਹ ਆਇਆ ਕਿ ਲਓ ਜੀ, ਅੱਜ ਤੋਂ ਬਾਅਦ ਦਿਲ ਦੀ ਬਿਮਾਰੀ ਨਾਲ ਜਦੋਂ ਮਰਜ਼ੀ ਮਰ ਜਾਈਏ, ਕੋਈ ਫਿ਼ਕਰ ਨਹੀਂ। ਅਜਿਹਾ ਖਿਆਲ ਇਸ ਲਈ ਆਇਆ ਕਿਉਂਕਿ ਮੇਰੀ ਦਿਲ ਦੀ ਜਮਾਂਦਰੂ ਬਿਮਾਰੀ ਨੂੰ ਡਾਇਗਨੋਜ਼ ਹੋਇਆਂ ਤਿੰਨ-ਚਾਰ ਕੁ ਮਹੀਨੇ ਹੀ ਹੋਏ ਸਨ। ਡਾਕਟਰਾਂ ਦੀਆਂ ਪੇਸ਼ਨਗੋਈਆਂ ਕਾਰਨ ਮੇਰੇ ਸਭ ਦੋਸਤ-ਮਿੱਤਰ ਡਾਢੇ ਫਿ਼ਕਰਮੰਦ ਸਨ ਪਰ ਮੇਰੇ ਰੱਬ ਵੀ ਚੇਤੇ ਨਹੀਂ ਸੀ।
ਖੈਰ, ਉੱਥੋਂ ਹੋਰ ਬੱਸ ਫੜ ਕੇ ਸੁਨਾਮ ਹੁੰਦਾ ਹੋਇਆ ਲਹਿਰੇ ਪਹੁੰਚਿਆ ਤੇ ਦੋ-ਚਾਰ ਘੰਟੇ ਘਰ ਲਾ ਕੇ ਸ਼ਾਮ ਨੂੰ ਪੰਜ ਕੁ ਵਜੇ ਕੁਲਰੀਆਂ ਨੂੰ ਚੱਲ ਪਿਆ। ਉਸ ਟਾਈਮ ਪ੍ਰਾਈਵੇਟ ਕੰਪਨੀ ਦੀ ਇੱਕ ਬੱਸ ਸਿੱਧੀ ਕੁਲਰੀਆਂ ਨੂੰ ਜਾਂਦੀ ਸੀ। ਮੈਂ ਕੁਲਰੀਆਂ ਦੀ ਬਜਾਇ ਬਰੇਟਾ ਤੱਕ ਦੀ ਟਿਕਟ ਲੈ ਲਈ। ਟਿਕਟ ਕਿਹੜੀ ਦੇਣੀ ਸੀ ਕੰਡਕਟਰ ਨੇ (ਉਹ ਕੰਪਨੀ ਦਾ ਮਾਲਕ ਹੀ ਸੀ), ਪੈਸੇ ਫੜ ਕੇ ਝੋਲੇ ‘ਚ ਪਾ ਲਏ ਤੇ ਅਗਾਂਹ ਤੁਰ ਗਿਆ। ਮੈਂ ਸੋਚਿਆ ਸੀ, ਬਰੇਟਾ ਤੋਂ ਕੁਲਰੀਆਂ ਨੂੰ ਕੁਝ ਹੋਰ ਮਿਲ ਸਕਦਾ ਹੈ। ਉਦੋਂ ਬਰੇਟੇ ਮੰਦਰ ਵਾਲਾ ਚੌਕ ਹੀ ਬੱਸਾਂ ਦਾ ਅੱਡਾ ਹੁੰਦਾ ਸੀ। ਬੱਸ ਕਾਫੀ ਟਾਈਮ ਖੜ੍ਹੀ ਰਹੀ ਪਰ ਮੈਂ ਬੱਸ ਵਿਚ ਹੀ ਬੈਠਾ ਰਿਹਾ। ਸਵਾਰੀਆਂ ਆ ਆ ਚੜ੍ਹਦੀਆਂ ਰਹੀਆਂ। ਮੈਥੋਂ ਥੋੜ੍ਹਾ ਪਿੱਛੇ ਢਿੱਲਵਾਂ ਵਾਲਾ ਗਿਆਨੀ, ਯਾਨੀ ਹਰਗਿਆਨ ਢਿੱਲੋਂ ਆ ਬੈਠਾ। ਆਖਿ਼ਰ ਬੱਸ ਚੱਲ ਪਈ। ਪਿੱਛੋਂ ਟਿਕਟਾਂ ਕੱਟਦਾ ਕੰਡਕਟਰ ਜਦੋਂ ਮੇਰੇ ਕੋਲ ਆ ਕੇ ਟਿਕਟ ਪੁੱਛਣ ਲੱਗਿਆ ਤਾਂ ਮੈਂ ਕਹਿ ਦਿੱਤਾ ਕਿ ਟਿਕਟ ਤਾਂ ਲਈ ਹੋਈ ਹੈ। ਪੈਸੇ ਲੈ ਕੇ ਟਿਕਟ ਨਾ ਦੇਣ ਵਾਲਾ ਭਾਂਗਾ-ਟੋਟਾ ਵੀ ਤਾਂ ਕੱਢਣਾ ਸੀ। ਉਂਝ ਵੀ ਬੱਸਾਂ ਵਾਲਿਆਂ ਨਾਲ ਪਾੜ੍ਹਿਆਂ ਦਾ ਸਦਾ ਹੀ ਛੱਤੀ ਦਾ ਅੰਕੜਾ ਰਿਹਾ ਹੈ। ਪੰਗਾ ਤਾਂ ਫਿਰ ਪੈਣਾ ਹੀ ਸੀ ਤੇ ਪੈ ਗਿਆ।
ਉਹ ਕਹਿੰਦਾ, “ਟਿਕਟ ਤਾਂ ਤੂੰ ਬਰੇਟਾ ਤੱਕ ਦੀ ਲਈ ਸੀ, ਅੱਠ ਆਨੇ ਹੋਰ ਦੇ।” ਮੈਂ ਕਿਹਾ, “ਨਹੀਂ ਮੈਂ ਕੁਲਰੀਆਂ ਤੱਕ ਧੁਰ ਦੀ ਟਿਕਟ ਲਈ ਸੀ, ਦੁਬਾਰਾ ਪੈਸੇ ਕਾਹਦੇ ਦੇਵਾਂ? ਟਿਕਟ ਤਾਂ ਉਹਨੇ ਦਿੱਤੀ ਹੀ ਨਹੀਂ ਸੀ, ਪੈਸੇ ਫੜ ਕੇ ਝੋਲੇ ‘ਚ ਸੁੱਟ ਲਏ ਸਨ।” ਕੰਡਕਟਰ ਵੱਢੇ ਜੇ ਮੂੰਹ ਵਾਲਾ ਮੇਰੇ ਵਰਗਾ ਮੁਰਦਲੂ ਜਿਹਾ ਹੀ ਸੀ। ਉਹ ਆਪਣੀ ਗੱਲ ‘ਤੇ ਪੱਕਾ, ਮੈਂ ਆਪਣੀ ‘ਤੇ ਪੱਕਾ। ਪੰਗਾ ਪਏ ਤੋਂ ਮੇਰੇ ਨਾਲ ਦੀ ਸੀਟ ‘ਤੇ ਬੈਠਾ ਮੰਡੇਰ ਪਿੰਡ ਦਾ ਸਰਪੰਚ ਪੁਸ਼ਪਿੰਦਰ ਸਿੰਘ ਜਿਹੜਾ ਮੈਨੂੰ ਜਾਣਦਾ ਵੀ ਸੀ ਤੇ ਮੱਘਰ ਕੁਲਰੀਆਂ ਦਾ ਦੋਸਤ ਵੀ ਸੀ, ਕਹਿਣ ਲੱਗਾ, “ਕਾਮਰੇਡ ਜੇ ਪੈਸੇ ਹੈਨੀ ਤਾਂ ਮੈਂ ਲੈ ਲੈਨਾ ਟਿਕਟ।” ਮੈਂ ਕਿਹਾ, “ਪੈਸੇ ਕਿਉਂ ਨਹੀਂ? ਮੈਂ ਟਿਕਟ ਲਈ ਹੋਈ ਐ, ਇਹਨੂੰ ਦੁਬਾਰਾ ਠੋਲੂ ਕਿਵੇਂ ਦੇ ਦਿਆਂ?” ਪਤਾ ਕੰਡਕਟਰ ਨੂੰ ਵੀ ਸੀ ਤੇ ਮੈਨੂੰ ਵੀ ਸੀ ਕਿ ਮੈਂ ਟਰਪੱਲ ਮਾਰ ਰਿਹਾਂ। ਸਬੂਤ ਨਾ ਉਹਦੇ ਕੋਲ ਸੀ, ਨਾ ਮੇਰੇ ਕੋਲ ਸੀ। ਮੈਂ ਕਿਹਾ, “ਕਮਾਲ ਐ ਦੁਬਾਰੇ ਟਿਕਟ ਭਾਲਦੈਂ।” ਕੰਡਕਟਰ ਕਹਿੰਦਾ, “ਮੈਨੂੰ ਦੇਵੀ ਦੀ ਸਹੁੰ ਲੱਗੇ ਜੇ ਝੂਠ ਬੋਲਾਂ, ਤੂੰ ਟਿਕਟ ਬਰੇਟਾ ਦੀ ਲਈ ਸੀ।” ਮੈਂ ਕਿਹਾ, “ਮੈਨੂੰ ਵੀ ਦੇਵੀ ਦੀ ਸਹੁੰ ਲੱਗੇ, ਟਿਕਟ ਕੁਲਰੀਆਂ ਦੀ ਹੀ ਲਈ ਆ।” ਕਿਸੇ ਨੂੰ ਕੁਝ ਸਮਝ ਨਾ ਆਵੇ, ਕੌਣ ਸੱਚਾ ਕੌਣ ਝੂਠਾ! ਇਸੇ ਦੌਰਾਨ ‘ਟੋਭੇ ਦੇ ਗਵਾਹ ਡੱਡੂ ਵਾਂਗ’ ਮੌਕਾ ਸੰਭਾਲਦਿਆਂ ਹਰਗਿਆਨ ਸਵਾਰੀਆਂ ਨੂੰ ਸੰਬੋਧਿਤ ਹੋ ਕੇ ਕਹਿਣ ਲੱਗਿਆ, “ਦੇਖ ਲਓ ਬਈ ਲੋਕੋ, ਨਾਲੇ ਤਾਂ ਟਿਕਟ ਨੀ ਕੱਟਦੇ, ਪੈਸੇ ਫੜ ਫੜ ਝੋਲ਼ੇ ‘ਚ ਪਾਈ ਜਾਂਦੇ ਨੇ, ਸਰਕਾਰ ਦਾ ਟੈਕਸ ਚੋਰੀ ਕਰਦੇ ਨੇ, ਨਾਲੇ ਦੋ ਦੋ ਵਾਰ ਪੈਸੇ ਭਾਲਦੇ ਨੇ। ਹੈ ਨਾ ਉਲਟਾ ਚੋਰ ਕੋਤਵਾਲ ਨੂੰ ਡਾਂਟਣ ਆਲੀ ਗੱਲ। ਜਮਾਂ ਈ ਹੱਦ ਹੋਈ ਪਈ ਐ।” ਹਰਗਿਆਨ ਦੀ ਗੱਲ ਸੁਣ ਕੇ ਸਵਾਰੀਆਂ ਕੰਡਕਟਰ ਖਿਲਾਫ਼ ਘੁਸਰ-ਮੁਸਰ ਕਰਨ ਲੱਗੀਆਂ। ਕੰਡਕਟਰ ਦੀ ਕੋਈ ਵਾਹ ਨਾ ਚੱਲੇ, ਉਹ ਚੰਗੀ ਤਰ੍ਹਾਂ ਸਮਝ ਰਿਹਾ ਸੀ, ਬਈ ਇਹ ਮੈਨੂੰ ‘ਜਾਗਦੇ ਨੂੰ ਹੀ ਪੁਆਂਦੀ ਪਾਈ ਜਾ ਰਿਹੈ’; ਪਰ ਹੁਣ ਉਹਦੇ ਕੋਲ ਕੰਨ ਵਲੇਟ ਕੇ ਅੱਗੇ ਤੁਰਨ ਤੋਂ ਬਿਨਾ ਕੋਈ ਚਾਰਾ ਨਹੀਂ ਸੀ ਰਹਿ ਗਿਆ ਤੇ ਉਹ ਤੁਰ ਗਿਆ। ਇਸ ਸਾਰੇ ਰਾਮ-ਰੌਲੇ ਵਿਚ ਡਰਾਈਵਰ ਉੱਕਾ ਨਾ ਬੋਲਿਆ, ਜਿਵੇਂ ਆਪਣੇ ਮਾਲਕ ਨਾਲ ਹੋ ਰਹੀ ਕੁੱਤੇਖਾਣੀ ‘ਤੇ ਅੰਦਰੋ-ਅੰਦਰੀ ਖੁਸ਼ ਹੋਵੇ।
ਐਨਾ ਹੁੰਦੇ-ਕਰਦੇ ਨੂੰ ਪਿੰਡ ਕੁਲਰੀਆਂ ਦਾ ਅੱਡਾ ਆ ਗਿਆ। ਮੈਂ ਤੇ ਗਿਆਨੀ ਖਿਲ-ਬਿਲੀਆਂ ਹੁੰਦੇ ਪ੍ਰੋਗਰਾਮ ਵਾਲੀ ਥਾਂ ਵੱਲ ਤੁਰ ਪਏ, ਜਿਵੇਂ ਕਿਸੇ ਵੱਡੇ ਜਮਾਤੀ ਦੁਸ਼ਮਣ ਨੂੰ ਹਰਾ ਕੇ ਆ ਰਹੇ ਹੋਈਏ। ਮਸ਼ੋਹਰ ਮੱਤ ਨੂੰ ਕੌਣ ਸਮਝਾਵੇ, ਬਈ ਇੰਝ ਨਾ ਇੰਝ ਕਰ!
ਸੰਪਰਕ: ranlehra@gmail.com