ਇੱਜ਼ਤ ਦਾ ਟੁੱਕ
ਬੇਬੇ ਤੇ ਭਾਈਆ ਜੀ ਕਰ ਕੇ ਪਿੰਡ ਦਾ ਗੇੜਾ ਹਫ਼ਤੇ-ਦਸੀਂ ਦਿਨੀਂ ਵੱਜ ਜਾਂਦਾ ਸੀ, ਉਨ੍ਹਾਂ ਦੇ ਚਲੇ ਜਾਣ ਤੋਂ ਬਾਅਦ ਕਿਸੇ ਦਿਨ-ਸੁਦ ’ਤੇ ਹੀ ਪਿੰਡ ਜਾਣ ਦਾ ਸਬੱਬ ਬਣਦਾ ਹੈ। ਉਂਝ ਵੀ ਪਿੰਡ ਤਾਂ ਮਾਪਿਆਂ ਨਾਲ ਹੀ ਹੁੰਦੇ, ਪਿੱਛੋਂ ਭੈਣ ਭਰਾ ਤਾਂ ਸ਼ਰੀਕਾ ਬਣ ਜਾਂਦਾ। ਮੇਰਾ ਪਿੰਡ ਦੋਆਬੇ ਵਿੱਚ ਪੈਂਦਾ। ਸਾਰੇ ਭੈਣ ਭਰਾ ਵਿਦੇਸ਼ ਜਾ ਵਸੇ ਹਨ। ਭਾਈਆ ਤੇ ਬੇਬੇ ਜੀ ਦੇ ਚਲੇ ਜਾਣ ਤੋਂ ਬਾਅਦ ਪਹਿਲਾਂ ਤਾਂ ਘਰ ਨੂੰ ਜਿੰਦਰਾ ਵੱਜਿਆ ਸੀ, ਹੁਣ ਪਿੱਛੇ ਜਿਹੇ ਕੈਨੇਡਾ ਤੋਂ ਗਭਲਾ ਭਰਾ ਆਇਆ ਤਾਂ ਘਰ ਵੀ ਵੇਚ ਦਿੱਤਾ। ਸਾਰੇ ਕਹਿਣ ਕਿ ਜਦੋਂ ਇੱਥੇ ਕਿਸੇ ਨੇ ਰਹਿਣਾ ਨਹੀਂ ਤਾਂ ਐਵੇਂ ਹੀ ਰਕਮ ਕਾਠ ਮਾਰ ਕੇ ਰੱਖੀ ਹੋਈ ਹੈ।
ਐਤਵਾਰੀਂ ਪਿੰਡ ਜਾਣ ਦਾ ਪ੍ਰੋਗਰਾਮ ਅਚਾਨਕ ਬਣ ਗਿਆ। ਪਿੰਡ ਤੋਂ ਸਰਪੰਚ ਦਲਜੀਤ ਸਿੰਘ ਤੇ ਗੁਜਰਾਤ ਵਾਲੇ ਅਵਤਾਰ ਸਿੰਘ ਦਾ ਫੋਨ ਆਉਂਦਾ ਹੈ ਕਿ ਗੁਰਦੁਆਰੇ ਦੇ ਸਾਹਮਣੇ ਵਾਲੀ ਬਿਲਡਿੰਗ ਵਿੱਚ ਚੈਰੀਟੇਬਲ ਹਸਪਤਾਲ ਮੁੜ ਖੋਲ੍ਹਣ ਲਈ ਮੀਟਿੰਗ ਕਰਨੀ ਹੈ। ਪਿੰਡ ਤੋਂ ਬਾਹਰ ਵੱਸਦੇ ਹੋਰ ਪਤਵੰਤਿਆਂ ਨੂੰ ਵੀ ਸੱਦਿਆ ਗਿਆ ਹੈ। ਵਿਦੇਸ਼ ਵੱਸਦੇ ਕਈਆਂ ਨੇ ਤਾਂ ਫੋਨ ’ਤੇ ਹਾਮੀ ਵੀ ਭਰ ਦਿੱਤੀ ਸੀ ਅਤੇ ਮਾਇਆ ਭੇਜਣ ਲਈ ਵੀ ਤਿਆਰ ਹਨ। ਦੋਆਬੇ ਦੇ ਲੋਕ ਚੈਰੀਟੇਬਲ ਹਸਪਤਾਲ ਖੋਲ੍ਹਣ ਵਿੱਚ ਸਭ ਤੋਂ ਅੱਗੇ ਹਨ। ਐੱਨਆਰਆਈ ਵੱਡਾ ਸਹਾਰਾ ਹਨ। ਸਾਡੇ ਪਿੰਡ ਦਾ ਗੁਰੂ ਨਾਨਕ ਮਿਸ਼ਨ ਹਸਪਤਾਲ ਪਿੱਛੇ ਜਿਹੇ ਪਿੰਡ ਦੀ ਸਿਆਸਤ ਕਰ ਕੇ ਬੰਦ ਕਰਨਾ ਪੈ ਗਿਆ ਸੀ।
ਜਦੋਂ ਚੰਡੀਗੜ੍ਹ ਤੋਂ ਪਿੰਡ ਨੂੰ ਜਾਵਾਂ ਤਾਂ ਰਸਤੇ ਵਿੱਚ ਘੁੱਗੀ ਜੰਕਸ਼ਨ ’ਤੇ ਚਾਹ ਪੀਣ ਲਈ ਰੁਕੀਦਾ ਹੈ। ਇਸ ਵਾਰ ਪਤਾ ਹੀ ਨਹੀਂ ਲੱਗਾ, ਪਤਨੀ ਨਾਲ ਗੱਲਾਂ ਕਰਦਿਆਂ ਅਸੀਂ ਬਲਾਚੌਰ ਕਦੋਂ ਪਾਰ ਕਰ ਗਏ। ਚਾਹ ਦੀ ਤਲਬ ਸੀ, ਪਿੰਡ ਗੜ੍ਹੀ ਕਾਨੂੰਗੋਆਂ ਨੇੜੇ ਏਸੀ ਢਾਬੇ ’ਤੇ ਨਜ਼ਰ ਪਈ ਤਾਂ ਕਾਰ ਰੋਕ ਲਈ। ਉਸ ਦਿਨ ਗਰਮੀ ਵੀ ਵੱਟ ਕੱਢਵੀਂ ਸੀ।
ਅੰਦਰ ਹਾਲ ਭਰਿਆ ਹੋਇਆ ਸੀ। ਅਸੀਂ ਦਰਵਾਜ਼ਾ ਵੜਦਿਆਂ ਹੀ ਖੱਬੇ ਪਾਸੇ ਖਾਲੀ ਪਏ ਮੇਜ਼ ਦੁਆਲੇ ਬੈਠ ਗਏ। ਇੰਨੇ ਨੂੰ ਆਮ ਜਿਹੀ, ਸਾਦਾ ਕੱਪੜਿਆਂ ਵਿੱਚ ਅੱਧਖੜ ਉਮਰ ਦੀ ਔਰਤ ਖਾਣੇ ਦਾ ਆਰਡਰ ਲੈਣ ਆਉਂਦੀ ਹੈ। ਸਾਡੇ ਸਾਹਮਣੇ ਵਾਲੇ ਮੇਜ਼ ਉੱਤੇ ਇੱਕ ਹੋਰ ਔਰਤ ਥਾਲੀਆਂ ਸਜਾ ਰਹੀ ਸੀ। ਕੋਨੇ ਵਾਲੇ ਟੇਬਲ ’ਤੇ ਇੱਕ ਹੋਰ ਔਰਤ ਖਾਣਾ ਪਰੋਸ ਰਹੀ ਸੀ। ਦੇਖਦਿਆਂ-ਦੇਖਦਿਆਂ ਦੋ ਹੋਰ ਔਰਤਾਂ ਭਾਂਡੇ ਚੁੱਕਣ ਲਈ ਹਾਲ ਅੰਦਰ ਆ ਜਾਂਦੀਆਂ ਹਨ।
ਆਮ ਜਿਹੀਆਂ ਵੇਟਰ ਔਰਤਾਂ ਦੇਖ ਕੇ ਚੰਗਾ ਲੱਗਾ। ਉਨ੍ਹਾਂ ਦਾ ਗੱਲ ਕਰਨ ਦਾ ਸਲੀਕਾ ਵੀ ਨਿਮਰ ਲੱਗਾ। ਉਨ੍ਹਾਂ ਨਾਲ ਗੱਲ ਕਰਨ ਦਾ ਹੀਆ ਤਾਂ ਨਾ ਪਿਆ ਪਰ ਢਾਬੇ ਦੇ ਮਾਲਕ ਨਾਲ ਗੱਲ ਕਰਨ ਦੀ ਇਜਾਜ਼ਤ ਲੈ ਲਈ।
ਅਗਲੇ ਪਲ ਢਾਬੇ ਦਾ ਮਾਲਕ ਬਾਵਾ ਸਾਡੇ ਸਾਹਮਣੇ ਹੱਥ ਜੋੜੀ ਸੇਵਾ ਪੁੱਛ ਰਿਹਾ ਸੀ। ਮੈਂ ਉਹਨੂੰ ਬੈਠਣ ਲਈ ਕਿਹਾ, ਤੇ ਨਾਲ ਹੀ ਆਮ ਘਰਾਂ ਦੀਆਂ ਕੁੜੀਆਂ ਨੂੰ ਵੇਟਰ ਦੀ ਨੌਕਰੀ ਦੇਣ ਬਾਰੇ ਸਵਾਲ ਪੁੱਛੇ। ਉਹ ਕਹਿ ਰਿਹਾ ਸੀ ਕਿ ਢਾਬਾ ਖੋਲ੍ਹਣ ਵੇਲੇ ਹੀ ਉਹਨੇ ਮਨ ਬਣਾ ਲਿਆ ਸੀ ਕਿ ਆਸ ਪਾਸ ਦੇ ਪਿੰਡਾਂ ਦੀਆਂ ਲੋੜਵੰਦ ਔਰਤਾਂ ਨੂੰ ਕੰਮ ਦੇਣਾ ਹੈ। ਉਹਨੇ ਪੁੱਛਣ ’ਤੇ ਦੱਸਿਆ ਕਿ ਇਨ੍ਹਾਂ ਵਿੱਚੋਂ ਦੋ ਵਿਧਵਾ ਹਨ। ਇੱਕ ਹੋਰ ਦਾ ਘਰ ਵਾਲਾ ਦਿਹਾੜੀਦਾਰ ਹੈ। ਦੋ ਹੋਰਾਂ ਵਿੱਚੋਂ ਇੱਕ ਨੂੰ ਘੱਟ ਦਾਜ ਦੇਣ ਕਰ ਕੇ ਸਹੁਰਿਆਂ ਨੇ ਛੱਡ ਦਿੱਤਾ ਸੀ। ਪੰਜਵੀਂ ਦਾ ਪਤੀ ਨਸ਼ੇੜੀ ਹੈ ਅਤੇ ਉਹ ਵੇਟਰੀ ਕਰ ਕੇ ਟੱਬਰ ਪਾਲ ਰਹੀ ਹੈ।
ਇੰਨੇ ਨੂੰ ਵੇਟਰ ਵੀ ਚਾਹ ਲੈ ਕੇ ਆ ਜਾਂਦੀ ਹੈ। ਉਹਦੇ ਚਿਹਰੇ ਦੇ ਹਾਵ-ਭਾਵ ਤੋਂ ਲੱਗ ਰਿਹਾ ਸੀ ਕਿ ਉਹਨੂੰ ਸਾਡੀਆਂ ਗੱਲਾਂ ਸੁਣ ਕੇ ਚੰਗਾ ਲੱਗ ਰਿਹਾ ਹੈ। ਹਾਲ ਵਿੱਚ ਕੰਮ ਕਰਦੀਆਂ ਦੂਜੀਆਂ ਦੋ ਔਰਤਾਂ ਵੀ ਸਾਡੇ ਮੇਜ਼ ਕੋਲ ਆਣ ਖੜ੍ਹੀਆਂ। ਸਭ ਦੇ ਚਿਹਰੇ ਖਿੜੇ ਹੋਏ ਦਿਸੇ। ਉਨ੍ਹਾਂ ਵਿੱਚੋਂ ਇੱਕ ਬੋਲੀ, “ਬਾਵਾ ਸਰ ਨੇ ਸਾਨੂੰ ਦਿਨ ਦਿਨ ਦੀ ਡਿਊਟੀ ਦਿੱਤੀ ਆ। ਰਾਤ ਵੇਲੇ ਮੁੰਡੇ ਆਉਂਦੇ। ਸਰ ਦੀ ਗੱਡੀ ਸਾਨੂੰ ਘਰੋਂ ਲੈ ਵੀ ਆਉਂਦੀ ਹੈ ਅਤੇ ਛੱਡਣ ਦੀ ਜ਼ਿੰਮੇਵਾਰੀ ਵੀ ਬਾਵਾ ਸਰ ਦੀ ਹੈ। ਗੱਡੀ ਵਿਹਲੀ ਹੋਵੇ ਤਾਂ ਸਰ ਸਾਡੇ ਬੱਚਿਆਂ ਨੂੰ ਵੀ ਸਕੂਲ ਛੱਡਣ ਤੇ ਲਿਆਉਣ ਲਈ ਗੱਡੀ ਭੇਜ ਦਿੰਦੇ।” ਨਾਲ ਖੜ੍ਹੀ ਦੂਜੀ ਔਰਤ ਕਹਿ ਰਹੀ ਸੀ, “ਬਾਵਾ ਸਰ ਕਰ ਕੇ ਦੋ ਡੰਗ ਦਾ ਇੱਜ਼ਤ ਦਾ ਟੁੱਕ ਖਾ ਰਹੇ ਆਂ।”
ਮੈਂ ਚਾਹ ਦੇ ਪੈਸੇ ਦੇਣ ਲੱਗਾ ਤਾਂ ਢਾਬੇ ਦੇ ਮਾਲਕ ਨੇ ਮੇਰਾ ਹੱਥ ਘੁੱਟ ਕੇ ਬੰਦ ਕਰ ਦਿੱਤਾ। ਉਹ ਬਾਹਰ ਕਾਰ ਤੱਕ ਛੱਡਣ ਆਇਆ ਪਰ ਮੈਂ ਮਲਕ ਦੇਣੀ ਟੇਬਲ ਉੱਤੇ 100 ਰੁਪਏ ਰੱਖ ਆਇਆ, ਇਹ ਕਹਿ ਕੇ ਕਿ ‘ਕੁੜੀਓ... ਤੁਹਾਡੇ ਲਈ ਪਿਆਰ ਹੈ।’ ਅੰਦਰੇ-ਅੰਦਰ ਸੋਚ ਰਿਹਾ ਸਾਂ ਕਿ ਜੇ ਸਾਰੇ ਬਾਵਾ ਸਰ ਵਾਂਗ ਲੋੜਵੰਦ ਕੁੜੀਆਂ ਨੂੰ ਨਾਲ ਲੈ ਕੇ ਚੱਲ ਪੈਣ ਤਾਂ ਸਮਾਜ ਵਿੱਚ ਕਿੰਨੀ ਵੱਡੀ ਤਬਦੀਲੀ ਆ ਜਾਵੇ। ਇਸ ਦੇ ਨਾਲ ਹੀ ਲੋੜ ਤਾਂ ਕੁੜੀਆਂ ਨੂੰ ਵੀ ਹਿੰਮਤ ਕਰਨ ਦੀ ਹੈ।
ਕਾਰ ਵਿੱਚ ਬੈਠਣ ਤੋਂ ਲੈ ਕੇ ਪਿੰਡ ਪਹੁੰਚਣ ਤੱਕ ਸੋਚ ਰਿਹਾ ਸਾਂ ਕਿ ਮਜਬੂਰੀ ਬੰਦੇ ਤੋਂ ਕੀ-ਕੀ ਨਹੀਂ ਕਰਵਾ ਦਿੰਦੀ! ਅੱਖਾਂ ਅੱਗੇ ਵੱਡੇ ਸ਼ਹਿਰਾਂ ਦੇ ਰੈਸਟੋਰੈਂਟਾਂ, ਹੋਟਲਾਂ ਤੇ ਕਲੱਬਾਂ ਵਿੱਚ ਅੱਧੀ-ਅੱਧੀ ਰਾਤ ਤੱਕ ਕੰਮ ਕਰਦੀਆਂ ਕੁੜੀਆਂ ਆ ਖੜ੍ਹੀਆਂ। ਇਸ ਤੋਂ ਅੱਗੇ ਮੈਂ ਸੋਚਣਾ ਨਹੀਂ ਸੀ ਚਾਹੁੰਦਾ ਪਰ ਕੰਨਾਂ ਵਿੱਚ ਢਾਬੇ ਦੀਆਂ ਆਮ ਜਿਹੀਆਂ ਵੇਟਰ ਔਰਤਾਂ ਦੇ ਬੋਲ ‘ਦੋ ਡੰਗ ਦਾ ਇੱਜ਼ਤ ਦਾ ਟੁੱਕ’ ਲਗਾਤਾਰ ਗੂੰਜ ਰਿਹਾ ਸੀ।
ਸੰਪਰਕ: 98147-34035