ਪੱਤਰਕਾਰ ਮਨਦੀਪ ਪੂਨੀਆ ਦੀ ਕਿਤਾਬ ‘ਕਿਸਾਨ ਅੰਦੋਲਨ ਗਰਾਊਂਡ ਜ਼ੀਰੋ’ ’ਤੇ ਬਰਨਾਲਾ ’ਚ ਸੈਮੀਨਾਰ
ਪਰਸ਼ੋਤਮ ਬੱਲੀ
ਬਰਨਾਲਾ, 28 ਅਗਸਤ
ਕਾਲੇ ਖੇਤੀ ਕਾਨੂੰਨਾਂ ਖ਼ਿਲਾਫ਼ ਚੱਲੇ ਕਿਸਾਨ ਅੰਦੋਲਨ ਸਬੰਧੀ ਪੱਤਰਕਾਰ ਮਨਦੀਪ ਪੂਨੀਆ ਵੱਲੋਂ ਲਿਖੀ ਕਿਤਾਬ ‘ਕਿਸਾਨ ਅੰਦੋਲਨ ਗਰਾਊਂਡ ਜ਼ੀਰੋ’ ਉੱਪਰ ਇਥੇ ਤਰਕਸ਼ੀਲ ਭਵਨ ਵਿਖੇ ਸੈਮੀਨਾਰ ਕਰਵਾਇਆ ਗਿਆ। ਇਸ ਸੈਮੀਨਾਰ ਦੌਰਾਨ ਹੋਈ ਵਿਚਾਰ ਚਰਚਾ ’ਚ ਕਿਸਾਨ, ਮਜ਼ਦੂਰ, ਮੁਲਾਜ਼ਮ ਆਗੂਆਂ ਤੇ ਲੇਖਕਾਂ ਤੇ ਬੁੱਧੀਜੀਵੀਆਂ ਨੇ ਸ਼ਮੂਲੀਅਤ ਕੀਤੀ। ਕਿਤਾਬ ਦੇ ਲੇਖਕ ਦੀ ਜਾਣ-ਪਹਿਚਾਣ ਕਰਵਾਉਂਦਿਆਂ ਡਾ. ਜਰਨੈਲ ਸਿੰਘ ਕਾਲੇਕੇ ਨੇ ਦੱਸਿਆ ਕਿ ਮਨਦੀਪ ਪੂਨੀਆ ਲੋਕਪੱਖੀ ਪੱਤਰਕਾਰ ਹੈ ਜੋ ਕਈ ਕੌਮੀ ਪੱਧਰ ਦੇ ਮੀਡੀਆ ਅਦਾਰਿਆ ਨਾਲ ਕੰਮ ਕਰ ਚੁੱਕਾ ਹੈ। ਉਨ੍ਹਾਂ ਦੱਸਿਆ ਕਿ ਪੂਨੀਆ ਵੱਲੋਂ ਕਿਸਾਨ ਅੰਦੋਲਨ ਸਮੇਂ ਇਕੱਤਰ ਕੀਤੇ ਤੱਥਾਂ ਨੂੰ ਇਸ ਕਿਤਾਬ ਵਿੱਚ ਕਲਮਬੱਧ ਕੀਤਾ ਗਿਆ ਹੈ। ਕਿਸਾਨ ਅੰਦੋਲਨ ਦੌਰਾਨ ਲੋਕ ਪੱਖੀ ਪੱਤਰਕਾਰੀ ਕਾਰਨ ਪੂਨੀਆ ਨੂੰ ਪੁਲੀਸ ਤਸ਼ੱਦਦ ਦਾ ਸਾਹਮਣਾ ਕਰਦਿਆਂ ਜੇਲ੍ਹ ਵੀ ਜਾਣਾ ਪਿਆ ਹੈ।
ਇਸ ਕਿਤਾਬ ਬਾਰੇ ਪੇਪਰ ਪੜ੍ਹਦਿਆਂ ਉੱਘੇ ਚਿੰਤਕ ਤੇ ਸਾਬਕਾ ਵਿਦਿਆਰਥੀ ਆਗੂ ਅਜਾਇਬ ਸਿੰਘ ਟਿਵਾਣਾ ਨੇ ਕਿਹਾ ਕਿ ਇਹ ਕਿਤਾਬ ਇਤਿਹਾਸਕ ਕਿਸਾਨ ਅੰਦੋਲਨ ਦਾ ਅਹਿਮ ਦਸਤਾਵੇਜ਼ ਹੈ। ਲੇਖਕ ਮਨਦੀਪ ਪੂਨੀਆ ਨੇ ਕਿਹਾ ਕਿ ਇਸ ਅੰਦੋਲਨ ਵਿੱਚ ਪੰਜਾਬ,ਹਰਿਆਣਾ,ਉੱਤਰ ਪ੍ਰਦੇਸ਼ ਸਮੇਤ ਵੱਖ-ਵੱਖ ਸੂਬਿਆਂ ਦੇ ਕਿਸਾਨਾਂ ਵੱਲੋਂ ਭਰਵੀਂ ਸ਼ਮੂਲੀਅਤ ਕੀਤੀ ਗਈ ਸੀ। ਉਨ੍ਹਾਂ ਕਿਹਾ ਕਿ ਰਲ ਕੇ ਲੜੇ ਗਏ ਕਿਸੇ ਵੀ ਅੰਦੋਲਨ ਦੇ ਵਿਹਾਰਕ ਪੱਖਾਂ ਨੂੰ ਜਦੋਂ ਸੰਜੀਦਗੀ ਨਾਲ ਸਮਝਿਆ ਜਾਏਗਾ ਤਾਂ ਭਵਿੱਖ ਵਿੱਚ ਹੋਣ ਵਾਲੇ ਅੰਦੋਲਨਾ ਲਈ ਹੋਰ ਵਧੀਆ ਸਾਂਝੇ ਮੁਹਾਜ ਉਸਾਰੇ ਜਾ ਸਕਦੇ ਹਨ। ਇਸ ਮੌਕੇ ਮਨਦੀਪ ਪੂਨੀਆ ਨੇ ਅੰਦੋਲਨ ਦੌਰਾਨ ਕੁੱਝ ਕਿਸਾਨ ਆਗੂਆਂ ਦੀ ਭੂਮਿਕਾਂ ’ਤੇ ਸਵਾਲੀਆ ਨਿਸ਼ਾਨ ਵੀ ਲਾਇਆ। ਸੁਖਦੇਵ ਸਿੰਘ ਪਾਂਧੀ, ਮਾਸਟਰ ਬਿੱਕਰ ਸਿੰਘ, ਸਾਹਿਬ ਸਿੰਘ ਬਡਬਰ ਨੇ ਕਿਤਾਬ ਸਬੰਧੀ ਵਿਚਾਰ ਚਰਚਾ ਵਿੱਚ ਹਿੱਸਾ ਲਿਆ। ਇਸ ਮੌਕੇ ਸਿਵਲ ਸਰਜਨ ਬਰਨਾਲਾ ਡਾ. ਜਸਵੀਰ ਸਿੰਘ ਔਲਖ, ਡਾ. ਅਜੀਤਪਾਲ ਸਿੰਘ ਐੱਮਡੀ, ਕਿਸਾਨ ਆਗੂ ਸੁਰਜੀਤ ਫੂਲ, ਬਿੱਕਰ ਸਿੰਘ ਚੂਹੜਚੱਕ, ਅਵਤਾਰ ਸਿੰਘ ਕੌਰਜੀਵਾਲਾ, ਰਣਜੀਤ ਸਿੰਘ ਸਵਾਜ਼ਪੁਰ, ਬਾਬੂ ਸਿੰਘ ਖੁੱਡੀ ਕਲਾਂ, ਬਲਦੇਵ ਸਿੰਘ ਜ਼ੀਰਾ, ਸੁਖਵਿੰਦਰ ਕੌਰ, ਜਸਦੇਵ ਲਲਤੋਂ, ਮਜਦੂਰ ਆਗੂ ਜੀਵਨ ਬਿਲਾਸਪੁਰ, ਗੁਰਮੇਲ ਮਾਛੀਕੇ, ਅਧਿਆਪਕ ਆਗੂ ਰਾਜੀਵ ਕੁਮਾਰ, ਬਿੱਕਰ ਸਿੰਘ ਔਲਖ, ਗੁਰਮੀਤ ਸੁਖਪੁਰ ਹਾਜ਼ਰ ਸਨ। ਪ੍ਰਬੰਧਕ ਕਮੇਟੀ ਤਰਫੋਂ ਸੋਹਣ ਸਿੰਘ ਮਾਝੀ ਵੱਲੋਂ ਬੁਲਾਰਿਆ ਤੇ ਸਰੋਤਿਆਂ ਦਾ ਧੰਨਵਾਦ ਕੀਤਾ ਗਿਆ ਜਦਕਿ ਸਟੇਜ ਸਕੱਤਰ ਦੀ ਭੂਮਿਕਾ ਮਾਸਟਰ ਗੁਰਮੇਲ ਭੁਟਾਲ ਨੇ ਨਿਭਾਈ। ਅਜਮੇਰ ਅਕਲੀਆ ਤੇ ਭਦੌੜ ਸਕੂਲ ਦੇ ਵਿਦਿਆਰਥੀਆਂ ਨੇ ਇਨਕਲਾਬੀ ਗੀਤ ਪੇਸ਼ ਕੀਤੇ।