ਸੰਵਿਧਾਨ ਬਚਾਓ ਰੈਲੀ: ਪੰਜਾਬ ਤੇ ਕੇਂਦਰ ਸਰਕਾਰ ਖ਼ਿਲਾਫ਼ ਗਰਜੇ ਕਾਂਗਰਸੀ
ਹਰਮੇਸ਼ਪਾਲ ਨੀਲੇਵਾਲਾ
ਜ਼ੀਰਾ, 6 ਮਈ
ਕਾਂਗਰਸ ਹਾਈ ਕਮਾਨ ਦੇ ਸੱਦੇ ’ਤੇ ਹਲਕਾ ਜ਼ੀਰਾ ਦੇ ਸਾਬਕਾ ਵਿਧਾਇਕ ਅਤੇ ਕਾਂਗਰਸ ਕਮੇਟੀ ਦੇ ਜ਼ਿਲ੍ਹਾ ਪ੍ਰਧਾਨ ਕੁਲਬੀਰ ਸਿੰਘ ਜ਼ੀਰਾ ਵੱਲੋਂ ਪਿੰਡ ਖੋਸਾ ਦਲ ਸਿੰਘ ਵਾਲਾ ਵਿੱਚ ‘ਸੰਵਿਧਾਨ ਬਚਾਓ’ ਰੈਲੀ ਕੀਤੀ ਗਈ।
ਇਸ ਰੈਲੀ ’ਚ ਸਾਬਕਾ ਸੰਸਦ ਮੈਂਬਰ ਜਸਬੀਰ ਸਿੰਘ ਡਿੰਪਾ ਨੇ ਸ਼ਿਰਕਤ ਕੀਤੀ। ਕਾਂਗਰਸੀ ਆਗੂਆਂ ਨੇ ਕਿਹਾ ਕਿ ਕੇਂਦਰ ਤੇ ਪੰਜਾਬ ਸਰਕਾਰ ਵੱਲੋਂ ਸੰਵਿਧਾਨ ਨਾਲ ਛੇੜ-ਛਾੜ ਕਰਨ ਦੇ ਵਿਰੁੱਧ ਲੋਕਾਂ ਨੂੰ ਜਾਗਰੂਕ ਕਰਨ ਲਈ ‘ਸੰਵਿਧਾਨ ਬਚਾਓ’ ਰੈਲੀਆਂ ਕੀਤੀਆਂ ਜਾ ਰਹੀਆਂ ਹਨ। ਉਨ੍ਹਾਂ ਕਿਹਾ ਕਿ ਅੱਜ ਜਿੱਥੇ ਪੰਜਾਬ ਸਰਕਾਰ ਵੱਲੋਂ ਕਿਸਾਨਾਂ ਨੂੰ ਆਪਣੇ ਸੰਵਿਧਾਨਕ ਹੱਕ ਰੋਸ ਪ੍ਰਦਰਸ਼ਨ ਕਰਨ ਤੋਂ ਰੋਕਿਆ ਜਾ ਰਿਹਾ ਹੈ, ਉੱਥੇ ਕੇਂਦਰ ਦੀ ਭਾਜਪਾ ਸਰਕਾਰ ਵੱਲੋਂ ਇੱਕ ਆਮ ਵਿਅਕਤੀ ਨੂੰ ਵੋਟ ਪਾਉਣ ਦੇ ਅਧਿਕਾਰ ਤੋਂ ਵਾਂਝੇ ਕਰਨ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ। ਉਨ੍ਹਾਂ ਕਿਹਾ ਕਿ ਪੰਜਾਬ ਦੇ 70 ਫੀਸਦੀ ਕਿਸਾਨ ਖੇਤੀਬਾੜੀ ਦਾ ਧੰਦਾ ਕਰਦੇ ਹਨ ਅਤੇ ਜਦੋਂ ਵੀ ਕਣਕ ਦੀ ਬਿਜਾਈ ਦਾ ਸੀਜ਼ਨ ਆਉਂਦਾ ਹੈ ਤਾਂ ਜਾਣ-ਬੁੱਝ ਕੇ ਖਾਦ ਦੀ ਘਾਟ ਪੈਦਾ ਕੀਤੀ ਜਾਂਦੀ ਹੈ ਅਤੇ ਬਾਅਦ ਵਿੱਚ ਹਰ 6 ਮਹੀਨੇ ਬਾਅਦ 200-300 ਰੁਪਏ ਪ੍ਰਤੀ ਥੈਲਾ ਖਾਦ ਦੀ ਕੀਮਤ ਵਧਾ ਦਿੱਤੀ ਜਾਂਦੀ ਹੈ, ਜਿਸ ਕਰਕੇ ਕਿਸਾਨਾਂ ਨੂੰ ਹਰ ਸਾਲ ਖਾਦ ’ਤੇ 30 ਹਜ਼ਾਰ ਕਰੋੜ ਰੁਪਏ ਵੱਧ ਖਰਚਣੇ ਪੈ ਰਹੇ ਹਨ। ਉਨ੍ਹਾਂ ਕਿਹਾ ਕਿ ਰਾਜਸਥਾਨ, ਹਰਿਆਣਾ, ਯੂਪੀ ਅਤੇ ਹੋਰ ਰਾਜਾਂ ਵਿੱਚ ਸਰਕਾਰਾਂ ਵੱਲੋਂ ਹਾਈਬ੍ਰਿਡ ਝੋਨੇ ਦੀ ਬਿਜਾਈ ਕਰਵਾਈ ਜਾ ਰਹੀ ਹੈ ਕਿਉਂਕਿ ਇਸ ਦਾ ਝਾੜ ਵੱਧ ਨਿਕਲਦਾ ਹੈ ਪਰ ਕੇਂਦਰ ਦੀ ਸਰਕਾਰ ਨਾਲ ਮਿਲ ਕੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਸਾਨਾਂ ਨੂੰ ਹਾਈਬ੍ਰਿਡ ਝੋਨੇ ਦੀ ਬਿਜਾਈ ਕਰਨ ਦੀ ਇਜਾਜ਼ਤ ਨਹੀਂ ਦਿੱਤੀ ਜਿਸ ਕਾਰਨ ਕਿਸਾਨਾਂ ਦਾ ਵੱਡਾ ਨੁਕਸਾਨ ਹੋਵੇਗਾ। ਉਨ੍ਹਾਂ ਕਿਹਾ ਕਿ ਅੱਜ ਪੰਜਾਬ ਦੇ ਲੋਕਾਂ ਵਿੱਚ ਸਹਿਮ ਦਾ ਮਾਹੌਲ ਪਾਇਆ ਜਾ ਰਿਹਾ ਹੈ ਅਤੇ ਗੈਂਗਸਟਰਾਂ ਦਾ ਰਾਜ ਹੋਣ ਕਰਕੇ ਹਰ ਰੋਜ਼ ਸ਼ਹਿਰੀਆਂ ਨੂੰ ਫਿਰੌਤੀਆਂ ਦੇਣ ਦੇ ਫੋਨ ਆ ਰਹੇ ਹਨ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਚਲਾਈ ਗਈ ‘ਯੁੱਧ ਨਸ਼ਿਆਂ ਵਿਰੁੱਧ’ ਮੁਹਿੰਮ ਫਲਾਪ ਸਾਬਤ ਹੋ ਰਹੀ ਹੈ, ਕਿਉਂਕਿ ਪਿੰਡ-ਪਿੰਡ ਸ਼ਰੇਆਮ ਨਸ਼ਾ ਵਿਕ ਰਿਹਾ ਹੈ ਅਤੇ ਗਰੀਬ ਲੋਕਾਂ ’ਤੇ ਪਰਚੇ ਦਰਜ ਕੀਤੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਜਿਹੜੀ
ਮਹਿਲਾ ਪੁਲੀਸ ਮੁਲਾਜ਼ਮ ਚਿੱਟੇ ਸਮੇਤ ਫੜੀ ਗਈ ਸੀ, ਉਹ ਜ਼ਮਾਨਤ ਮਿਲਣ ਤੋਂ ਬਾਅਦ ਅੱਜ ਸ਼ਰੇਆਮ ਘੁੰਮ ਰਹੀ ਹੈ ਜਦਕਿ ਉਸ ਦੀਆਂ ਨਸ਼ਾ ਤਸਕਰਾਂ ਨਾਲ ਤਾਰਾਂ ਜੁੜੀਆਂ ਹੋਈਆਂ ਹਨ। ਉਨ੍ਹਾਂ ਕਿਹਾ ਕਿ ਪੁਲੀਸ ਨੂੰ ਸਖ਼ਤ ਕਾਰਵਾਈ ਕਰਨੀ ਚਾਹੀਦੀ ਸੀ। ਇਸ ਮੌਕੇ ਕਾਂਗਰਸ ਪਾਰਟੀ ਦੇ ਸੀਨੀਅਰ ਆਗੂ ਮਹਿੰਦਰਜੀਤ ਸਿੰਘ ਜ਼ੀਰਾ, ਵਿੱਕੀ ਭਿੰਡਰ, ਬਲਜੀਤ ਸਿੰਘ ਬੱਬਾ, ਹਰਭਜਨ ਸਿੰਘ ਸਭਰਾ, ਰਘਬੀਰ ਸਿੰਘ ਵਰਨਾਲਾ, ਅਜੀਤ ਸਿੰਘ ਪੀਹੇ ਵਾਲਾ, ਜਨਕ ਰਾਜ ਸ਼ਰਮਾ ਵਾੜਾ ਪਹੁਵਿੰਡ, ਗੁਰਭਗਤ ਸਿੰਘ ਗੋਰਾ, ਨਿਸ਼ਾਨ ਸਿੰਘ ਵਕੀਲਾਂ ਵਾਲਾ, ਸਰਦੂਲ ਸਿੰਘ ਮਰਖਾਈ, ਜਗਤਾਰ ਸਿੰਘ ਲੌਂਗੋਦੇਵਾ ਆਦਿ ਹਾਜ਼ਰ ਸਨ।