ਸੀਚੇਵਾਲ ਨੇ ‘ਵਾਟਰ ਐਕਟ’ ਮਜ਼ਬੂਤ ਕਰਨ ਦਾ ਮੁੱਦਾ ਸੰਸਦ ’ਚ ਉਠਾਇਆ
ਪੱਤਰ ਪ੍ਰੇਰਕ
ਜਲੰਧਰ, 2 ਅਪਰੈਲ
ਨਦੀਆਂ ਤੇ ਦਰਿਆਵਾਂ ’ਚ ਵੱਧ ਰਿਹਾ ਪ੍ਰਦੂਸ਼ਣ ਦਾ ਮਸਲਾ ਪਾਰਲੀਮੈਂਟ ’ਚ ਉਠਾਉਦਿਆ ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਨੇ ਵਾਟਰ ਐਕਟ 1974 ਨੂੰ ਸਖਤ ਕਰਨ ਅਤੇ ਮੁੜ ਸਜ਼ਾ ਦਾ ਪ੍ਰਬੰਧ ਕਰਨ ਦੀ ਮੰਗ ਕੀਤੀ। ਉਨ੍ਹਾਂ ਨੇ ਕੇਂਦਰੀ ਤੇ ਸੂਬਿਆਂ ਦੇ ਪ੍ਰਦੂਸ਼ਣ ਕੰਟਰੋਲ ਬੋਰਡਾਂ ਨੂੰ ਚਿੱਟੇ ਹਾਥੀ ਦੱਸਿਆ, ਜਿਨ੍ਹਾਂ ਦੀ ਅਣਗਹਿਲੀ ਕਾਰਨ ਅੱਜ ਦੇਸ਼ ਦੀਆਂ ਨਦੀਆਂ ਤੇ ਦਰਿਆ ਪਲੀਤ ਹਨ। ਉਨ੍ਹਾਂ ਸਿਫ਼ਰ ਕਾਲ ਦੌਰਾਨ ਦਰਿਆਵਾਂ ’ਚ ਪ੍ਰਦੂਸ਼ਣ ਨੂੰ ਵੱਡੀ ਚਿੰਤਾ ਦਾ ਮਾਮਲਾ ਦੱਸਦਿਆਂ ਕਿਹਾ ਕਿ ਦਰਿਆਵਾਂ ਵਿੱਚ ਫੈਕਟਰੀਆਂ ਦਾ ਕੈਮੀਕਲ ਯੁਕਤ ਪਾਣੀ ਪੈਣ ਨਾਲ ਲੋਕ ਕੈਂਸਰ ਸਣੇ ਹੋਰ ਭਿਆਨਕ ਬੀਮਾਰੀਆਂ ਦਾ ਸ਼ਿਕਾਰ ਹੋ ਰਹੇ ਹਨ। ਇਸ ਸਬੰਧੀ ਕਾਨੂੰਨ ਦੇ ਕਮਜ਼ੋਰ ਹੋਣ ਨਾਲ ਫੈਕਟਰੀ ਮਾਲਕਾਂ ਨੂੰ ਜਿਹੜਾ ਮਾੜਾ ਮੋਟਾ ਡਰ ਸੀ ਉਹ ਵੀ ਮੁੱਕ ਗਿਆ ਹੈ। ਉਨ੍ਹਾਂ ਕਿਹਾ ਕਿ ਪ੍ਰਦੂਸ਼ਣ ਕਰਨ ਵਾਲੀਆਂ ਤਿੰਨ ਧਿਰਾਂ ਹਨ, ਸ਼ਹਿਰ, ਪਿੰਡ ਤੇ ਫੈਕਟਰੀਆਂ ਤੇ ਇਸੇ ਤਰ੍ਹਾਂ ਇਹਨਾਂ ਨੂੰ ਰੋਕਣ ਵਾਲੀਆਂ ਵੀ ਤਿੰਨ ਧਿਰਾਂ ਹਨ, ਡਰੇਨਜ਼ ਵਿਭਾਗ, ਪ੍ਰਦੂਸ਼ਣ ਕੰਟਰੋਲ ਬੋਰਡ ਤੇ ਨਗਰ ਨਿਗਮਾਂ ਜਿਹੜੀਆਂ ਬੁਰੀ ਤਰ੍ਹਾਂ ਨਾਲ ਨਕਾਮ ਰਹੀਆਂ ਹਨ। ਉਨ੍ਹਾਂ ਨੇ ਪਾਣੀਆਂ ਦੇ ਪ੍ਰਦੂਸ਼ਣ ਨੂੰ ਸੀਚੇਵਾਲ ਮਾਡਲ ਰਾਹੀਂ ਹੱਲ ਕਰਨ ਦਾ ਸੁਝਾਅ ਵੀ ਦਿੱਤਾ।