ਵਿਦਿਆਰਥੀਆਂ ਨੂੰ ਬੈਗ, ਕਾਪੀਆਂ ਤੇ ਪੈੱਨ ਦਿੱਤੇ
ਸ਼ਾਹਕੋਟ: ਸਕੂਲ ਵਿਕਾਸ ਕਮੇਟੀ ਟੁੱਟ ਸ਼ੇਰ ਸਿੰਘ ਨੇ ਪਰਵਾਸੀ ਭਾਰਤੀਆਂ, ਪੰਚਾਇਤ ਅਤੇ ਦਾਨੀਆਂ ਦੇ ਸਹਿਯੋਗ ਨਾਲ ਪਿੰਡ ਦੇ ਸਰਕਾਰੀ ਪ੍ਰਾਇਮਰੀ ਸਮਾਰਟ ਸਕੂਲ ਦੇ ਬੱਚਿਆਂ ਨੂੰ ਬੈਗ, ਕਾਪੀਆਂ, ਪੈੱਨ, ਪੈਨਸਿਲਾਂ ਅਤੇ ਪੜ੍ਹਾਈ ਨਾਲ ਸਬੰਧਿਤ ਹੋਰ ਲੋੜੀਂਦਾ ਸਾਮਾਨ ਦਿੱਤਾ। ਸਕੂਲ ਵਿੱਚ ਕਰਵਾਏ ਸਮਾਗਮ ’ਚ ਹੈੱਡ ਟੀਚਰ ਅੰਮ੍ਰਿਤ ਵਿਰਦੀ ਨੇ ਸਭ ਨੂੰ ਜੀ ਆਇਆਂ ਕਿਹਾ। ਪਰਮਜੀਤ ਸਿੰਘ ਨੇ ਸਕੂਲ ਪ੍ਰਾਪਤੀਆਂ ਅਤੇ ਸਿਮਰਨ ਕੌਰ ਨੇ ਸਕੂਲ ਸਮੱਸਿਆਵਾਂ ’ਤੇ ਚਾਨਣਾ ਪਾੲਆ। ਸਕੂਲ ਵਿਕਾਸ ਕਮੇਟੀ ਦੇ ਪ੍ਰਧਾਨ ਕੁਲਵਿੰਦਰ ਸਿੰਘ ਨੇ ਸਮਾਗਮ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਸਕੂਲ ਦੀਆਂ ਲੋੜਾਂ ਨੂੰ ਪੂਰਾ ਕਰਨ ਲਈ ਉਨ੍ਹਾਂ ਦੀ ਕਮੇਟੀ ਵਚਨਬੱਧ ਹੈ। ਅਧਿਆਪਕਾਂ ਦੀ ਘਾਟ ਨੂੰ ਦੇਖਦਿਆਂ ਦਾਨੀ ਜਗਦੀਸ਼ ਦੀਸਾ ਅਤੇ ਜਸਵੀਰ ਸਿੰਘ ਨੇ ਸਕੂਲ ਵਿੱਚ ਪ੍ਰਾਈਵੇਟ ਅਧਿਆਪਕ ਰੱਖਣ ਲਈ ਇਕ-ਇਕ ਲੱਖ ਰੁਪਏ ਦੀ ਸਹਾਇਤਾ ਕੀਤੀ। ਸਾਲਾਨਾ ਪ੍ਰੀਖਿਆਵਾਂ ’ਚੋਂ ਪਹਿਲੇ ਤਿੰਨ ਸਥਾਨ ਪ੍ਰਾਪਤ ਕਰਨ ਵਾਲੇ ਅਤੇ ਸਕੂਲ ਵਿੱਚ ਨਵੇਂ ਦਾਖਿਲ ਹੋਣ ਵਾਲੇ ਵਿਦਿਆਰਥੀਆਂ ਨੂੰ ਇਨਾਮ ਦਿੱਤੇ ਗਏ। -ਪੱਤਰ ਪ੍ਰੇਰਕ