ਸਕੂਲ ਸਮਾਗਮ ਵਿੱਚ ਵਿਦਿਆਰਥੀਆਂ ਤੋਂ ਵੇਟਰ ਦਾ ਕੰਮ ਲਿਆ
ਪੱਤਰ ਪ੍ਰੇਰਕ
ਸ੍ਰੀ ਗੋਇੰਦਵਾਲ ਸਾਹਿਬ, 2 ਮਈ
ਸਕੂਲ ਆਫ ਐਮੀਨੈਂਸ ਗੋਇੰਦਵਾਲ ਸਾਹਿਬ ’ਚ ਸਿੱਖਿਆ ਕ੍ਰਾਂਤੀ ਤਹਿਤ ਸਕੂਲ ’ਚ ਵਿਕਾਸ ਕਾਰਜਾਂ ਦੇ ਉਦਘਾਟਨ ਲਈ ਰੱਖੇ ਸਮਾਗਮ ਦੌਰਾਨ ਸਕੂਲ ਪ੍ਰਬੰਧਕਾਂ ਵੱਲੋਂ ਮਹਿਮਾਨਾਂ ਦੀ ਆਓ-ਭਗਤ ਕਰਨ ਲਈ ਕਥਿਤ ਤੌਰ ’ਤੇ ਸਕੂਲੀ ਬੱਚਿਆ ਕੋਲੋਂ ਵੇਟਰ ਦਾ ਕੰਮ ਕਰਵਾਇਆ ਗਿਆ। ਸਮਾਗਮ ’ਚ ਸ਼ਾਮਲ ਸੱਤਾਧਾਰੀ ਸਿਆਸੀ ਆਗੂਆਂ ਨੂੰ ਸਕੂਲ ’ਚ ਮੁੱਖ ਮਹਿਮਾਨ ਵਜੋਂ ਸੱਦਿਆ ਗਿਆ ਸੀ, ਉੱਥੇ ਹੀ ਇਨ੍ਹਾਂ ਮਹਿਮਾਨਾਂ ਦੀ ਮਹਿਮਾਨ ਨਿਵਾਜ਼ੀ ਲਈ ਤਿਆਰ ਕੀਤੇ ਪਕਵਾਨਾਂ ਨੂੰ ਪਰੋਸਣ ਲਈ ਸਕੂਲ ਵਿਦਿਆਰਥੀਆਂ ਕੋਲੋਂ ਵੇਟਰ ਦਾ ਕੰਮ ਲਿਆ ਗਿਆ। ਕਿਸਾਨ ਆਗੂ ਯਾਦਵਿੰਦਰ ਸਿੰਘ ਯਾਦੀ, ਸੁਲੱਖਣ ਸਿੰਘ ਤੁੜ ਆਦਿ ਨੇ ਆਖਿਆ ਕਿ ਸਕੂਲ ਪ੍ਰਬੰਧਕਾਂ ਵੱਲੋਂ ਸਮਾਗਮ ’ਚ ਸੱਦੇ ਸਿਆਸੀ ਆਗੂਆਂ ਦੀ ਬੱਚਿਆ ਕੋਲੋਂ ਆਓ ਭਗਤ ਕਰਵਾਉਣ ਅਤੇ ਬੱਚਿਆ ਕੋਲੋਂ ਵੇਟਰ ਦਾ ਕੰਮ ਲੈਣਾ ਅਤਿ ਮੰਦਭਾਗਾ ਹੈ ਤੇ ਸਕੂਲ ਪ੍ਰਿੰਸੀਪਲ ਵੱਲੋਂ ਸਮਾਗਮ ਵਿੱਚ ਜ਼ਿਆਦਾ ਇਕੱਠ ਦਿਖਾਉਣ ਲਈ ਬੱਚਿਆ ਦੀ ਪੜ੍ਹਾਈ ਦਾ ਨੁਕਸਾਨ ਕਰਕੇ ਸਮਾਗਮ ਵਿੱਚ ਬਿਠਾਉਣਾ ਸਰਾਸਰ ਗਲਤ ਹੈ। ਆਗੂਆਂ ਨੇ ਦੋਸ਼ ਲਾਇਆ ਕਿ ਕਿ ਸਿੱਖਿਆ ਕ੍ਰਾਂਤੀ ਦੇ ਨਾਂ ਹੇਠ ਸਕੂਲ ਪ੍ਰਬੰਧਕਾਂ ਵੱਲੋਂ ਬੱਚਿਆ ਦਾ ਕਥਿਤ ਸ਼ੋਸ਼ਣ ਕੀਤਾ ਗਿਆ ਹੈ। ਜ਼ਿਕਰਯੋਗ ਹੈ ਕਿ ਸਕੂਲ ’ਚ ਸਿੱਖਿਆ ਕ੍ਰਾਂਤੀ ਤਹਿਤ ਸਕੂਲ ਦੀ ਚਾਰਦੀਵਾਰੀ, ਬਾਸਕਟਬਾਲ ਗਰਾਊਂਡ ਅਤੇ ਹੋਰ ਵਿਕਾਸ ਕਾਰਜਾਂ ਦੇ ਉਦਘਾਟਨ ਕਰਨ ਲਈ ਵਿਧਾਇਕ ਮਨਜਿੰਦਰ ਸਿੰਘ ਲਾਲਪੁਰਾ ਨੇ ਆਉਣਾ ਸੀ। ਜਿਸ ਸਬੰਧੀ ਰੱਖੇ ਸਮਾਗਮ ਦੌਰਾਨ ਸਕੂਲ ਵਿਦਿਆਰਥੀਆਂ ਕੋਲੋਂ ਵੇਟਰ ਦਾ ਕੰਮ ਲਿਆ ਜਾ ਰਿਹਾ ਸੀ।
ਬਕਸਾ::ਬੱਚਿਆ ਕੋਲੋਂ ਵੇਟਰ ਦਾ ਕੰਮ ਨਹੀਂ ਲੈ ਸਕਦੇ ਸਕੂਲ ਪ੍ਰਬੰਧਕ : ਜ਼ਿਲ੍ਹਾ ਸਿੱਖਿਆ ਅਫਸਰ
ਜ਼ਿਲ੍ਹਾ ਸਿੱਖਿਆ ਅਫਸਰ ਸਤਨਾਮ ਸਿੰਘ ਬਾਠ ਨੇ ਆਖਿਆ ਕਿ ਕੋਈ ਵੀ ਸਕੂਲ ਪ੍ਰਬੰਧਕ ਬੱਚਿਆਂ ਕੋਲੋਂ ਵੇਟਰ ਦਾ ਕੰਮ ਨਹੀਂ ਲੈ ਸਕਦਾ, ਅਜਿਹਾ ਕੰਮ ਕਰਵਾਉਣਾ ਸਰਾਸਰ ਗਲਤ ਹੈ। ਉਨ੍ਹਾਂ ਕਿਹਾ ਕਿ ਉਹ ਸਕੂਲ ਆਫ ਐਮੀਨੈਂਸ ਗੋਇੰਦਵਾਲ ਸਾਹਿਬ ਵਿੱਚ ਸਕੂਲੀ ਬੱਚਿਆ ਕੋਲੋਂ ਵੇਟਰ ਦਾ ਕੰਮ ਲੈਣ ਸਬੰਧੀ ਵੀਡੀਓ ਦੇਖ ਚੁੱਕੇ ਹਨ। ਇਸ ਸਬੰਧੀ ਸਕੂਲ ਪ੍ਰਿੰਸੀਪਲ ਖਿਲਾਫ਼ ਸਖ਼ਤ ਵਿਭਾਗੀ ਕਾਰਵਾਈ ਹੋਵੇਗੀ।
ਬਾਕਸ: ਚਿਲਡਰਨ ਸੁਰੱਖਿਆ ਵੈੱਲਫੇਅਰ ਨੂੰ ਭੇਜਾਂਗਾ ਸ਼ਿਕਾਇਤ: ਸਾਬਕਾ ਵਿਧਾਇਕ
ਸਾਬਕਾ ਵਿਧਾਇਕ ਰਵਿੰਦਰ ਸਿੰਘ ਬ੍ਰਹਮਪੁਰਾ ਨੇ ਆਖਿਆ ਕਿ ਸਕੂਲ ਪ੍ਰਿੰਸੀਪਲ ਵੱਲੋਂ ਸਿਆਸੀ ਆਗੂਆਂ ਨੂੰ ਖੁਸ਼ ਕਰਨ ਲਈ ਬੱਚਿਆਂ ਕੋਲੋਂ ਵੇਟਰ ਦਾ ਕੰਮ ਲੈਣਾ ਸਰਾਸਰ ਗਲਤ ਹੈ। ਉਹ ਇਸ ਸਬੰਧੀ ਚਿਲਡਰਨ ਸੁਰੱਖਿਆ ਵੈੱਲਫੇਅਰ ਅਤੇ ਜ਼ਿਲ੍ਹਾ ਸਿੱਖਿਆ ਅਫ਼ਸਰ ਨੂੰ ਕਾਰਵਾਈ ਲਈ ਲਿਖਤੀ ਸ਼ਿਕਾਇਤ ਭੇਜ ਰਹੇ ਹਨ।
ਬਾਕਸ:::ਖਾਣ ਪੀਣ ਦਾ ਸਾਮਾਨ ਪਰੋਸਣਾ ਬਿਜ਼ਨਸ ਕਲਾਸ ਦਾ ਹਿੱਸਾ: ਪ੍ਰਿੰਸੀਪਲ
ਸਕੂਲ ਪ੍ਰਿੰਸੀਪਲ ਗੁਰਪ੍ਰਤਾਪ ਸਿੰਘ ਨੇ ਆਖਿਆ ਕਿ ਬੱਚਿਆਂ ਵੱਲੋਂ ਆਏ ਮਹਿਮਾਨਾਂ ਨੂੰ ਖਾਣਾ-ਪੀਣ ਦਾ ਸਾਮਾਨ ਪਰੋਸਣਾ ਸਕੂਲ ’ਚ ਸ਼ੁਰੂ ਕੀਤੀਆਂ ਬਿਜ਼ਨਸ ਕਲਾਸਾਂ ਦਾ ਹਿੱਸਾ ਹੈ ਸਾਡੇ ਵੱਲੋਂ ਕੁਝ ਵੀ ਗਲਤ ਨਹੀਂ ਕੀਤਾ ਗਿਆ।