ਸਿੱਖਿਆ ਕ੍ਰਾਂਤੀ: ਜਲੰਧਰ ਦੇ ਸਕੂਲ ਵਿਚ ਲੜਕੇ ਲੜਕੀਆਂ ਲਈ ਇੱਕ ਪਖਾਨਾ, 80 ਵਿਦਿਆਰਥੀ ਕਰਦੇ ਵਰਤੋਂ
ਆਕਾਂਕਸ਼ਾ ਐੱਨ ਭਾਰਦਵਾਜ
ਜਲੰਧਰ, 11 ਅਪ੍ਰੈਲ
ਜਦੋਂ ਸੂਬੇ ਦੇ ਸਕੂਲਾਂ ਵਿਚ 'ਪੰਜਾਬ ਸਿੱਖਿਆ ਕ੍ਰਾਂਤੀ' ਮੁਹਿੰਮ ਚੱਲ ਰਹੀ ਹੈ, ਤਾਂ ਲੋਹੀਆਂ ਬਲਾਕ ਦੇ ਪਿੰਡ ਮੰਡਲਾ ਛੰਨਾ ਵਿਚ ਸਥਿਤ ਇਕ ਸਕੂਲ ਵੱਖਰੀ ਤਸਵੀਰ ਪੇਸ਼ ਕਰ ਰਿਹਾ ਹੈ। ਜਲੰਧਰ ਦੇ ਇਸ ਸਰਕਾਰੀ ਪ੍ਰਾਇਮਰੀ ਸਕੂਲ ਵਿਚ 80 ਵਿਦਿਆਰਥੀ ਹਨ ਅਤੇ ਸਾਰੇ ਇੱਕ ਹੀ ਪਖਾਨੇ ਦੀ ਵਰਤੋਂ ਕਰਦੇ ਹਨ। ਜ਼ਿਕਰਯੋਗ ਹੈ ਕਿ 2023 ਦੇ ਹੜ੍ਹਾਂ ਦੌਰਾਨ ਇਹ ਇਮਾਰਤ ਬੁਰੀ ਤਰ੍ਹਾਂ ਪ੍ਰਭਾਵਿਤ ਹੋਈ ਸੀ। ਸਕੂਲ ਸਟਾਫ ਦੇ ਅਨੁਸਾਰ ਕੰਧਾਂ ਵਿਚ ਤਰੇੜਾਂ ਅਤੇ ਫਰਸ਼ ਖਰਾਬ ਹੋਣ ਕਾਰਨ ਤਿੰਨ ਵਿਚੋਂ ਦੋ ਪਖਾਨੇ ਵਰਤੋਂ ਦੇ ਯੋਗ ਨਹੀਂ ਰਹੇ ਅਤੇ ਉਹ ਹੁਣ ਬੰਦ ਹਨ। ਇਨ੍ਹਾਂ ਵਿਚ ਕੁੜੀਆਂ ਲਈ ਦੋ ਪਖਾਨੇ ਅਤੇ ਮੁੰਡਿਆਂ ਲਈ ਇਕ ਪਖਾਨਾ ਸੀ।
ਉਦੋਂ ਤੋਂ ਪਖਾਨਾ ਜਾਣਾ ਇਸ ਸਕੂਲ ਦੇ ਵਿਦਿਆਰਥੀਆਂ ਲਈ ਇਕ ਸਜ਼ਾ ਦੀ ਤਰ੍ਹਾਂ ਬਣ ਗਿਆ ਹੈ ਅਤੇ ਇਹ ਪਿਛਲੇ ਦੋ ਸਾਲਾਂ ਤੋਂ ਚੱਲ ਰਿਹਾ ਹੈ। ਖਾਸ ਗੱਲ ਇਹ ਹੈ ਕਿ ਇਸ ਸਭ ਦੇ ਬਾਵਜੂਦ ਵੀ 'ਪੰਜਾਬ ਸਿੱਖਿਆ ਕ੍ਰਾਂਤੀ' ਮੁਹਿੰਮ ਸਕੂਲ ਦਾ ਹਿੱਸਾ ਬਣੀ ਹੋਈ ਹੈ। ਸਕੂਲ ਵਿਚ ਦੋ ਉਦਘਾਟਨੀ ਪੱਥਰ ਲੱਗਣ ਜਾ ਰਹੇ ਹਨ ਜਿੰਨ੍ਹਾਂ ਵਿਚ ਇਕ ਹੜ੍ਹਾਂ ਦੌਰਾਨ ਢਹੀ ਕੰਧ ਅਤੇ ਇਕ ਕਲਾਸਰੂਮ ਲਈ ਹੈ, ਪਰ ਪਖਾਨੇ ਦੀ ਮੁਰੰਮਤ ਬਾਰੇ ਕੋਈ ਜ਼ਿਕਰ ਨਹੀਂ ਹੈ।
ਸਕੂਲ ਦੇ ਅਧਿਕਾਰੀ ਪਖਾਨਿਆਂ ਦੀ ਮੁਰੰਮਤ ਲਈ ਗ੍ਰਾਂਟ ਦੀ ਮੰਗ ਕਰ ਰਹੇ ਹਨ ਤਾਂ ਜੋ ਉਨ੍ਹਾਂ ਨੂੰ ਦੁਬਾਰਾ ਕਾਰਜਸ਼ੀਲ ਬਣਾਇਆ ਜਾ ਸਕੇ, ਪਰ ਉਨ੍ਹਾਂ ਨੂੰ ਇਹ ਨਹੀਂ ਮਿਲੀ ਹੈ।
ਪੱਤਰਕਾਰ ਨੇ ਜਾਣੇ ਮੌਕੇ ਦੇ ਹਾਲਾਤ
ਜਦੋਂ ‘ਟ੍ਰਿਬਿਊਨ ਸਮੂਹ’ ਦੇ ਪੱਤਰਕਾਰ ਨੇ ਸਕੂਲ ਦਾ ਦੌਰਾ ਕੀਤਾ ਤਾਂ ਸਕੂਲ ਦੇ ਵਿਹੜੇ ਵਿਚ ਦਾਖਲ ਹੋਣ ’ਤੇ ਅਸਲ ਸਥਿਤੀ ਸਪੱਸ਼ਟ ਹੋ ਗਈ। ਵਿਦਿਆਰਥੀਆਂ ਦੇ ਮਿਡ-ਡੇਅ ਮੀਲ ਦਾ ਸਮਾ ਚੱਲ ਰਿਹਾ ਸੀ। ਉਧਰ 10 ਸਾਲਾ 5ਵੀਂ ਜਮਾਤ ਦੀ ਵਿਦਿਆਰਥਣ ਪਖਾਨਾ ਜਾਣਾ ਲਈ ਜਿਵੇਂ ਹੀ ਉਹ ਟਾਇਲਟ(ਪਖਾਨਾ) ਖੇਤਰ ਵੱਲ ਗਈ ਤਾਂ ਕੁਝ ਵਿਦਿਆਰਥੀ ਪਹਿਲਾਂ ਹੀ ਉੱਥੇ ਖੜ੍ਹੇ ਸਨ, ਜਿਨ੍ਹਾਂ ਵਿਚ ਮੁੰਡੇ ਵੀ ਸ਼ਾਮਲ ਸਨ। ਵਿਦਿਆਰਥਣ ਨੂੰ ਉਦੋਂ ਪਤਾ ਸੀ ਕਿ ਇਸ ਵਿਚ ਕੁਝ ਸਮਾਂ ਲੱਗੇਗਾ ਅਤੇ ਇਹ ਆਸਾਨ ਨਹੀਂ ਹੋਣ ਵਾਲਾ ਸੀ।
ਇਕ ਹੋਰ 10 ਸਾਲਾ ਬੱਚੀ ਨੇ ‘ਟ੍ਰਿਬਿਊਨ ਸਮੂਹ’ ਨੂੰ ਦੱਸਿਆ, ‘‘ਪਖਾਨੇ ਵਿਚੋਂ ਆਉਂਦੀ ਬਦਬੂ ਸਕੂਲ ਦੇ ਵਿਹੜੇ ਦੇ ਅੰਦਰ ਖੜ੍ਹੇ ਹੋਣਾ ਮੁਸ਼ਕਲ ਹੋ ਜਾਂਦਾ ਹੈ ਤਾਂ ਇਸਦੇ ਨੇੜੇ ਖੜ੍ਹੇ ਹੋਣਾ ਭੁੱਲ ਜਾਓ’’। ਇਕ ਹੋਰ 9 ਸਾਲਾ ਵਿਦਿਆਰਥਣ ਨੇ ਪੱਤਰਕਾਰ ਨਾਲ ਸਾਂਝਾ ਕੀਤਾ ਕਿ ਇਹ ਠੀਕ ਨਹੀਂ ਲੱਗਦਾ, ਕਿਉਂਕਿ ਲੜਕੇ ਵੀ ਇਸੇ ਪਖਾਨੇ ਦੀ ਵਰਤੋਂ ਕਰ ਰਹੇ ਸਨ। ਉਸਨੇ ਕਿਹਾ, "ਕਈ ਵਾਰ ਮੈਂ ਸਕੂਲ ਦੇ ਖ਼ਤਮ ਹੋਣ ਦੀ ਉਡੀਕ ਕਰਦੀ ਹਾਂ ਅਤੇ ਇਸ ਪਖਾਨੇ ਦੀ ਵਰਤੋਂ ਕਰਨ ਤੋਂ ਬਚਦੀ ਹਾਂ,"
ਸਕੂਲ ਦੇ ਮੁੱਖ ਅਧਿਆਪਕ ਦੀਪਕ ਕੁਮਾਰ ਨੇ ਕਿਹਾ ਕਿ ਕਿਸੇ ਵੀ ਤਰ੍ਹਾਂ ਦਾ ਹਾਦਸਾ ਵਾਪਰਨ ਦੇ ਡਰੋਂ ਹੜ੍ਹ ਪ੍ਰਭਾਵਿਤ ਦੋਵੇਂ ਪਖਾਨਿਆਂ ਨੂੰ ਤਾਲਾ ਲਗਾ ਦਿੱਤਾ ਗਿਆ ਸੀ। ਉਨ੍ਹਾਂ ਕਿਹਾ, "ਉਮੀਦ ਹੈ ਕਿ ਸਾਨੂੰ ਜਲਦੀ ਹੀ ਗ੍ਰਾਂਟ ਮਿਲੇਗੀ ਅਤੇ ਫਿਰ ਚੀਜ਼ਾਂ ਵਿਚ ਸੁਧਾਰ ਹੋਵੇਗਾ।’’ ਉਧਰ ਜ਼ਿਲ੍ਹਾ ਸਿੱਖਿਆ ਅਧਿਕਾਰੀ (ਪ੍ਰਾਇਮਰੀ) ਹਰਜਿੰਦਰ ਕੌਰ ਨੇ ਕਿਹਾ, ‘‘ਉਹ ਇਸ ਤੱਥ ਤੋਂ ਜਾਣੂ ਹਨ, ਅਸੀਂ ਪਹਿਲਾਂ ਹੀ ਪ੍ਰਸਤਾਵ ਭੇਜ ਦਿੱਤਾ ਹੈ ਅਤੇ ਗ੍ਰਾਂਟ ਜਲਦੀ ਹੀ ਆ ਜਾਵੇਗੀ ਅਤੇ ਪਖਾਨਿਆਂ ਦੀ ਮੁਰੰਮਤ ਕੀਤੀ ਜਾਵੇਗੀ।’’