ਸਫ਼ਾਈ ਸੇਵਕਾਂ ਵੱਲੋਂ ਮੰਗਾਂ ਮੰਨਵਾਉਣ ਲਈ ਹੜਤਾਲ
ਰਮੇਸ਼ ਭਾਰਦਵਾਜ
ਲਹਿਰਾਗਾਗਾ, 10 ਜੂਨ
ਇੱਥੇ ਨਗਰ ਕੌਂਸਲ ਵਿੱਚ ਲੰਬੇ ਅਰਸੇ ਤੋਂ ਠੇਕੇਦਾਰੀ ਸਿਸਟਮ ਅਧੀਨ ਕੰਮ ਕਰਦੇ ਸਫ਼ਾਈ-ਸੇਵਕਾਂ ਨੇ ਆਪਣੀਆਂ ਮੰਗਾਂ ਸਬੰਧੀ ਪਿਛਲੇ ਇੱਕ ਹਫ਼ਤੇ ਤੋਂ ਲਗਾਤਾਰ ਹੜਤਾਲ ਕਾਰਨ ਕਰਕੇ ਸ਼ਹਿਰ ਅੰਦਰ ਸਫ਼ਾਈ ਦਾ ਬੁਰਾ ਹਾਲ ਹੋ ਗਿਆ ਹੈ। ਸਫ਼ਾਈ ਸੇਵਕਾਂ ਨੇ ਨਗਰ ਕੌਂਸਲ ਦਫ਼ਤਰ ਅੱਗੇ ਧਰਨਾ ਲਗਾ ਕੇ ਕੁਝ ਸਮੇਂ ਲਈ ਆਵਾਜਾਈ ਠੱਪ ਕੀਤੀ। ਹੜਤਾਲ ਕਾਰਨ ਮਾਰਕਿਟ ਕਮੇਟੀ ਦਫ਼ਤਰ ਨੇੜੇ ਨਾਲੀਆਂ ਦਾ ਦੂਸ਼ਿਤ ਪਾਣੀ ਸੜਕਾਂ ‘ਤੇ ਆ ਜਾਣ ਕਾਰਨ ਲੋਕਾਂ ਨੂੰ ਲੰਘਣ ਸਮੇਂ ਪ੍ਰੇਸ਼ਾਨੀ ਆ ਰਹੀ ਹੈ। ਧਰਨੇ ‘ਤੇ ਬੈਠੇ ਮੁਲਾਜ਼ਮਾਂ ਦੇ ਹੱਕ ਵਿੱਚ ਪਹੁੰਚੇ ਪੰਜਾਬ ਪ੍ਰਦੇਸ਼ ਕਾਂਗਰਸ ਦੇ ਮੈਂਬਰ ਸਨਮੀਕ ਸਿੰਘ ਹੈਨਰੀ ਅਤੇ ਟਰੇਡ ਯੂਨੀਅਨ ਦੇ ਆਗੂ ਮਹਿੰਦਰ ਸਿੰਘ ਬਾਗੀ ਨੇ ਕਿਹਾ ਕਿ ਪ੍ਰਸ਼ਾਸਨ ਨੂੰ ਸਫਾਈ ਕਰਮਚਾਰੀਆਂ ਦੀਆਂ ਮੰਗਾਂ ਮੰਨ ਕੇ ਹੜਤਾਲ ਖਤਮ ਕਰਵਾਉਣੀ ਚਾਹੀਦੀ ਹੈ। ਸਫਾਈ ਕਰਮਚਾਰੀ ਸੋਮਨਾਥ, ਬਲਵਿੰਦਰ ਸਿੰਘ, ਕ੍ਰਿਸ਼ਨ ਸਿੰਘ, ਸੁੰਦਰ ਸਿੰਘ, ਬਾਵਾ ਸਿੰਘ ਅਤੇ ਕਰਮ ਸਿੰਘ ਨੇ ਦੱਸਿਆ ਕਿ ਉਹ ਆਪਣੀਆਂ ਮੰਗਾਂ ਮੰਨਵਾਉਣ ਲਈ ਪਿਛਲੇ ਦੋ ਮਹੀਨਿਆਂ ਵਿਚ ਚਾਰ ਵਾਰ ਧਰਨੇ ‘ਤੇ ਬੈਠੇ ਹਨ ਪਰ ਅਧਿਕਾਰੀ ਹਰ ਵਾਰ ਭਰੋਸਾ ਦੇ ਕੇ ਧਰਨਾ ਚੁਕਵਾ ਦਿੰਦੇ ਹਨ ਅਤੇ ਬਾਅਦ ਵਿਚ ਮੰਗਾਂ ਪੂਰੀਆਂ ਕਰਨ ਤੋਂ ਮੁੱਕਰ ਜਾਂਦੇ ਹਨ। ਉਨ੍ਹਾਂ ਮੰਗ ਕੀਤੀ ਕਿ 52 ਦਿਨਾਂ ਦੀ ਬਕਾਇਆ ਤਨਖਾਹ ਜਾਰੀ ਕੀਤੀ ਜਾਵੇ। ਸਫ਼ਾਈ ਸੇਵਕਾਂ ਨੇ ਦੋਸ਼ ਲਗਾਇਆ ਕਿ ਅਧਿਕਾਰੀ ਉਨ੍ਹਾਂ ਨੂੰ ਨੌਕਰੀ ਤੋਂ ਹਟਾਉਣ ਅਤੇ ਬਾਹਰੋਂ ਹੋਰ ਸਫ਼ਾਈ ਸੇਵਕ ਲਿਆਉਣ ਦੀ ਧਮਕੀ ਦੇ ਰਹੇ ਹਨ। ਇਸ ਸਬੰਧੀ ਨਗਰ ਕੌਂਸਲ ਦੇ ਨਵ-ਨਿਯੁਕਤ ਪ੍ਰਧਾਨ ਕਾਂਤਾ ਗੋਇਲ ਨੇ ਕਿਹਾ ਕਿ ਉਨ੍ਹਾਂ ਨੇ ਕੁਝ ਦਿਨ ਪਹਿਲਾ ਹੀ ਚਾਰਜ ਸੰਭਾਲਿਆ ਹੈ ਅਤੇ ਇਹ ਮਸਲਾ ਜਲਦੀ ਹੱਲ ਕਰ ਲਿਆ ਜਾਵੇਗਾ।