Russian President Putin to visit India: ਪੂਤਿਨ ਦੁਵੱਲੀ ਗੱਲਬਾਤ ਲਈ ਭਾਰਤ ਆਉਣਗੇ
ਮਾਸਕੋ, 12 ਮਈ
ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੂਤਿਨ ਅਤੇ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਟੈਲੀਫੋਨ ’ਤੇ ਗੱਲਬਾਤ ਕੀਤੀ। ਇਹ ਜਾਣਕਾਰੀ ਰੂਸੀ ਰਾਸ਼ਟਰਪਤੀ ਦੀ ਅਧਿਕਾਰਤ ਵੈੱਬਸਾਈਟ ਨੇ ਨਸ਼ਰ ਕੀਤੀ ਹੈ। ਦੋਵਾਂ ਆਗੂਆਂ ਨੇ ਰੂਸ-ਭਾਰਤ ਸਬੰਧਾਂ ਦੀ ਰਣਨੀਤਕ ਮਜ਼ਬੂਤੀ ’ਤੇ ਗੱਲ ਕੀਤੀ।
ਰਾਸ਼ਟਰਪਤੀ ਪੂਤਿਨ ਨੇ ਪਹਿਲਗਾਮ ਵਿੱਚ ਹਾਲ ਹੀ ਵਿੱਚ ਹੋਏ ਅਤਿਵਾਦੀ ਹਮਲੇ ਉੱਤੇ ਆਪਣੀ ਸੰਵੇਦਨਾ ਨੂੰ ਦੁਹਰਾਇਆ ਅਤੇ ਦੋਵਾਂ ਧਿਰਾਂ ਨੇ ਅਤਿਵਾਦ ਦਾ ਮੁਕਾਬਲਾ ਕਰਨ ਵਿੱਚ ਨਿਰੰਤਰ ਸਹਿਯੋਗ ਦੀ ਤੁਰੰਤ ਲੋੜ ਉੱਤੇ ਜ਼ੋਰ ਦਿੱਤਾ।
ਇਸ ਮੌਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਰਾਸ਼ਟਰਪਤੀ ਪੂਤਿਨ ਅਤੇ ਰੂਸ ਦੇ ਲੋਕਾਂ ਨੂੰ ਦੂਜੇ ਵਿਸ਼ਵ ਯੁੱਧ ਵਿੱਚ ਜਿੱਤ ਦੀ 80ਵੀਂ ਵਰ੍ਹੇਗੰਢ ’ਤੇ ਵਧਾਈ ਦਿੱਤੀ। ਸ੍ਰੀ ਮੋਦੀ ਨੇ ਪੂਤਿਨ ਨੂੰ ਰਵਾਇਤੀ ਸਾਲਾਨਾ ਦੁਵੱਲੇ ਸੰਮੇਲਨ ਲਈ ਭਾਰਤ ਆਉਣ ਦਾ ਸੱਦਾ ਵੀ ਦਿੱਤਾ ਜਿਸ ਨੂੰ ਉਨ੍ਹਾਂ ਗਰਮਜੋਸ਼ੀ ਨਾਲ ਸਵੀਕਾਰ ਕੀਤਾ। ਜ਼ਿਕਰਯੋਗ ਹੈ ਕਿ ਦੂਜੇ ਵਿਸ਼ਵ ਯੁੱਧ (1941-45) ਵਿੱਚ ਸੋਵੀਅਤ ਲੋਕਾਂ ਦੀ ਜਿੱਤ ਦੀ 80ਵੀਂ ਵਰ੍ਹੇਗੰਢ ਮਨਾਉਣ ਲਈ ਮਾਸਕੋ ਵਿੱਚ 9 ਮਈ ਨੂੰ ਜਸ਼ਨ ਮਨਾਏ ਗਏ ਸਨ।