ਭਾਰਤ-ਚੀਨ ਵਿੱਚ ਸਿੱਧੀਆਂ ਹਵਾਈ ਸੇਵਾਵਾਂ ਛੇਤੀ ਬਹਾਲ ਹੋਣ ਦੀ ਸੰਭਾਵਨਾ
ਨਵੀਂ ਦਿੱਲੀ: ਭਾਰਤ ਅਤੇ ਚੀਨ ਸਿੱਧੀਆਂ ਹਵਾਈ ਸੇਵਾਵਾਂ ਬਹਾਲ ਕਰਨ ਲਈ ਚੁੱਕੇ ਜਾਣ ਵਾਲੇ ਕਦਮਾਂ ’ਚ ਤੇਜ਼ੀ ਲਿਆਉਣ ਲਈ ਸਹਿਮਤ ਹੋ ਗਏ ਹਨ। ਵਿਦੇਸ਼ ਸਕੱਤਰ ਵਿਕਰਮ ਮਿਸਰੀ ਅਤੇ ਚੀਨ ਦੇ ਉਪ ਵਿਦੇਸ਼ ਮੰਤਰੀ ਸੁਨ ਵੀਡੋਂਗ ਵਿਚਕਾਰ ਇਥੇ ਹੋਈ ਮੀਟਿੰਗ ਦੌਰਾਨ ਇਹ ਫ਼ੈਸਲਾ ਲਿਆ ਗਿਆ। ਦੋਹਾਂ ਨੇ ਭਾਰਤ ਅਤੇ ਚੀਨ ਦੇ ਦੁਵੱਲੇ ਸਬੰਧਾਂ ਦੀ ਨਜ਼ਰਸਾਨੀ ਵੀ ਕੀਤੀ। ਵਿਦੇਸ਼ ਮੰਤਰਾਲੇ ਨੇ ਕਿਹਾ ਕਿ ਭਾਰਤ ਅਤੇ ਚੀਨ ਨੇ ਲੋਕ ਪੱਖੀ ਕਦਮਾਂ ਨੂੰ ਤਰਜੀਹ ਦਿੰਦਿਆਂ ਸਬੰਧਾਂ ਨੂੰ ਸਥਿਰ ਅਤੇ ਹੋਰ ਮਜ਼ਬੂਤ ਬਣਾਉਣ ’ਤੇ ਸਹਿਮਤੀ ਜਤਾਈ। ਇਸ ਤੋਂ ਪਹਿਲਾਂ ਮਿਸਰੀ ਨੇ ਸੁਨ ਨਾਲ 27 ਜਨਵਰੀ ਨੂੰ ਪੇਈਚਿੰਗ ’ਚ ਗੱਲਬਾਤ ਕੀਤੀ ਸੀ। ਵਿਦੇਸ਼ ਮੰਤਰਾਲੇ ਨੇ ਇਕ ਬਿਆਨ ’ਚ ਕਿਹਾ ਕਿ ਸੁਨ 12 ਤੋਂ 13 ਜੂਨ ਤੱਕ ਭਾਰਤ ਦੇ ਦੌਰੇ ’ਤੇ ਸਨ। ਵਿਦੇਸ਼ ਮੰਤਰਾਲੇ ਨੇ ਕਿਹਾ, ‘‘ਵੀਰਵਾਰ ਨੂੰ ਹੋਈ ਮੀਟਿੰਗ ਦੌਰਾਨ ਦੋਵੇਂ ਮੁਲਕਾਂ ਨੇ 27 ਜਨਵਰੀ ਨੂੰ ਪੇਈਚਿੰਗ ’ਚ ਹੋਈ ਪਿਛਲੀ ਮੀਟਿੰਗ ਮਗਰੋਂ ਭਾਰਤ-ਚੀਨ ਦੁਵੱਲੇ ਸਬੰਧਾਂ ਬਾਰੇ ਨਜ਼ਰਸਾਨੀ ਕੀਤੀ।’’ ਵਿਦੇਸ਼ ਸਕੱਤਰ ਨੇ ਜਲ ਵਿਗਿਆਨ ਸਬੰਧੀ ਅੰਕੜਿਆਂ ਦੇ ਪ੍ਰਬੰਧ ਅਤੇ ਹੋਰ ਸਹਿਯੋਗ ਬਹਾਲ ਕਰਨ ਲਈ ਸਰਹੱਦ ਪਾਰ ਦਰਿਆਵਾਂ ਦੇ ਪਾਣੀਆਂ ’ਚ ਤਾਲਮੇਲ ਲਈ ਮਾਹਿਰ ਪੱਧਰ ਦੇ ਢਾਂਚੇ ਦੀ ਅਪਰੈਲ ’ਚ ਹੋਈ ਮੀਟਿੰਗ ਦੌਰਾਨ ਕੀਤੀ ਗਈ ਚਰਚਾ ਦਾ ਵੀ ਜ਼ਿਕਰ ਕੀਤਾ। ਵਿਦੇਸ਼ ਸਕੱਤਰ ਨੇ ਅਪਡੇਟਿਡ ਹਵਾਈ ਸੇਵਾ ਸਮਝੌਤੇ ਨੂੰ ਫੌਰੀ ਸਿਰੇ ਚਾੜ੍ਹਨ ਦੀ ਆਸ ਜਤਾਈ। ਭਾਰਤ ਅਤੇ ਚੀਨ ਨੇ ਵੀਜ਼ਾ ਸਹੂਲਤ ਅਤੇ ਮੀਡੀਆ ਤੇ ਥਿੰਕ ਟੈਂਕਾਂ ਵਿਚਾਲੇ ਗੱਲਬਾਤ ਲਈ ਵਿਹਾਰਕ ਕਦਮ ਚੁੱਕਣ ’ਤੇ ਸਹਿਮਤੀ ਪ੍ਰਗਟ ਕੀਤੀ। ਬਿਆਨ ’ਚ ਕਿਹਾ ਗਿਆ ਕਿ ਦੋਵੇਂ ਧਿਰਾਂ ਨੇ ਭਾਰਤ ਅਤੇ ਚੀਨ ਵਿਚਕਾਰ ਕੂਟਨੀਤਕ ਸਬੰਧਾਂ ਦੀ ਸਥਾਪਨਾ ਦੀ 75ਵੀਂ ਵਰ੍ਹੇਗੰਢ ਤਹਿਤ ਤੈਅਸ਼ੁਦਾ ਸਰਗਰਮੀਆਂ ਦਾ ਹਾਂ-ਪੱਖੀ ਮੁਲਾਂਕਣ ਵੀ ਕੀਤਾ। -ਪੀਟੀਆਈ