ਜੇਠ ਮਹੀਨੇ ਪਏ ਮੀਂਹ ਨਾਲ ਗਰਮੀ ਤੋਂ ਰਾਹਤ
ਨਿੱਜੀ ਪੱਤਰ ਪ੍ਰੇਰਕ
ਸੰਗਰੂਰ, 10 ਜੂਨ
ਪਿਛਲੇ ਕਈ ਦਿਨਾਂ ਤੋਂ ਤੇਜ਼ ਧੁੱਪ ਅਤੇ ਕਹਿਰ ਦੀ ਗਰਮੀ ਨੇ ਲੋਕਾਂ ਨੂੰ ਹਾਲੋਂ ਬੇਹਾਲ ਕਰ ਰੱਖਿਆ ਸੀ ਪਰ ਅੱਜ ਬਾਅਦ ਦੁਪਹਿਰ ਪਏ ਮੀਂਹ ਦੇ ਛਰਾਟਿਆਂ ਨਾਲ ਵਗੀਆਂ ਠੰਢੀਆਂ ਹਵਾਵਾਂ ਨੇ ਲੋਕਾਂ ਨੂੰ ਗਰਮੀ ਤੋਂ ਰਾਹਤ ਦਿੱਤੀ ਹੈ। ਸੁਹਾਵਣੇ ਹੋਏ ਮੌਸਮ ਕਾਰਨ ਲੋਕਾਂ ਨੇ ਸੁੱਖ ਦਾ ਸਾਹ ਲਿਆ ਹੈ। ਪਿਛਲੇ ਕਈ ਦਿਨਾਂ ਤੋਂ ਗਰਮੀ ਪੈ ਰਹੀ ਸੀ ਅਤੇ ਤੇਜ਼ ਧੁੱਪ ਸਿਖ਼ਰ ‘ਤੇ ਸੀ, ਜਿਸ ਕਾਰਨ ਦਿਨ ਦਾ ਤਾਪਮਾਨ ਲਗਾਤਾਰ ਵਧਦਾ ਜਾ ਰਿਹਾ ਸੀ। ਅੱਜ ਸਵੇਰ ਤੋਂ ਹੀ ਬੇਹੱਦ ਗਰਮੀ ਸੀ ਪਰ ਬਾਅਦ ਦੁਪਹਿਰ ਕਰੀਬ ਸਾਢੇ ਤਿੰਨ ਵਜੇ ਆਸਮਾਨ ਵਿਚ ਛਾਏ ਕਾਲੇ ਬੱਦਲ ਵਰ੍ਹੇ ਅਤੇ ਮੀਂਹ ਦੇ ਛਰਾਟਿਆਂ ਨੇ ਖੁਸ਼ਕ ਮੌਸਮ ਨੂੰ ਸੁਹਾਵਣਾ ਬਣਾ ਦਿੱਤਾ। ਮੀਂਹ ਦੇ ਛਰਾਟਿਆਂ ਨਾਲ ਕਿਤੇ-ਕਿਤੇ ਗੜ੍ਹੇ ਵੀ ਪਏ ਹਨ। ਮੌਸਮ ਦੀ ਕਰਵਟ ਨਾਲ ਤਾਪਮਾਨ ‘ਚ ਕਾਫ਼ੀ ਗਿਰਾਵਟ ਆਈ ਹੈ। ਜੇਠ ਮਹੀਨੇ ਦੇ ਅਖ਼ੀਰਲੇ ਦਿਨਾਂ ‘ਚ ਪਏ ਮੀਂਹ ਨਾਲ ਕਿਸਾਨਾਂ ਨੇ ਵੀ ਰਾਹਤ ਮਹਿਸੂਸ ਕੀਤੀ ਹੈ। ਭਾਵੇਂ ਕਿ ਝੋਨੇ ਦੀ ਲਵਾਈ ਅਜੇ ਲਗਭਗ 20 ਜੂਨ ਤੋਂ ਸ਼ੁਰੂ ਹੋਣੀ ਹੈ ਪਰ ਇਸ ਮੀਂਹ ਨੇ ਗਰਮੀ ਕਾਰਨ ਤਪਦੀਆਂ ਜ਼ਮੀਨਾਂ ਦਾ ਸੀਨਾ ਠਾਰ ਦਿੱਤਾ ਹੈ।
ਲਹਿਰਾਗਾਗਾ (ਪੱਤਰ ਪ੍ਰੇਰਕ): ਸਰਕਲ ਲਹਿਰਾਗਾਗਾ ਅਤੇ ਆਸ-ਪਾਸ ਦੇ ਪਿੰਡਾਂ ਵਿੱਚ ਜਿਥੇ ਅੱਜ ਦੀ ਬਾਰਸ਼ ਨੇ ਲੋਕਾਂ ਨੂੰ ਜੇਠ ਦੀ ਤਪਸ਼ ਤੋਂ ਵੱਡੀ ਰਾਹਤ ਦਿਵਾਈ ਹੈ, ਉੱਥੇ ਇਸ ਮੀਂਹ ਨੂੰ ਹਰੇ ਚਾਰੇ, ਨਰਮਾ, ਕਪਾਹ ਦੀ ਫਸਲਾਂ ਲਈ ਵੀ ਵਰਦਾਨ ਮੰਨਿਆ ਜਾ ਰਿਹਾ ਹੈ। ਪੀਣ ਦੀ ਤੋਟ ਝੱਲ ਰਹੀਆਂ ਸਬਜ਼ੀਆਂ ਟਹਿਕਣ ਲੱਗੀਆਂ ਹੈ। ਹਾਲਾਂਕਿ ਕਿਤੇ-ਕਿਤੇ ਪਏ ਗੜਿਆਂ ਨੇ ਵੀ ਵੇਲਾਂ ਨੂੰ ਆਪਣੇ ਪ੍ਰਭਾਵ ਹੇਠ ਲਿਆ ਹੈ ਪਰ ਕੁੱਲ ਮਿਲਾ ਕੇ ਇਹ ਮੀਂਹ ਸਭ ਲਈ ਵਰਦਾਨ ਸਾਬਿਤ ਹੋਇਆ ਹੈ। ਮੀਂਹ ਕਾਰਨ ਪਾਰਾ ਥੱਲੇ ਆ ਗਿਆ ਹੈ, ਜਿਸ ਕਾਰਨ ਲੋਕਾਂ ਨੂੰ ਗਰਮੀ ਤੋਂ ਰਾਹਤ ਮਿਲੀ।