ਪੰਜਾਬ ’ਚ ਪਾਣੀਆਂ ਦੇ ਮਸਲੇ ’ਤੇ ਕੌਮੀ ਪਾਰਟੀਆਂ ਗੰਭੀਰ ਨਹੀਂ: ਗੋਲਡੀ
ਨਿੱਜੀ ਪੱਤਰ ਪ੍ਰੇਰਕ
ਸੰਗਰੂਰ, 3 ਮਈ
ਪੰਜਾਬ ਦੇ ਪਾਣੀਆਂ ਦੇ ਮਸਲੇ ’ਤੇ ਚੱਲ ਰਹੇ ਸਿਆਸੀ ਘਟਨਾਕ੍ਰਮ ਬਾਰੇ ਸ਼੍ਰੋਮਣੀ ਅਕਾਲੀ ਦਲ ਦੇ ਮੁੱਖ ਬੁਲਾਰੇ ਅਤੇ ਹਲਕਾ ਸੰਗਰੂਰ ਦੇ ਇੰਚਾਰਜ ਵਿਨਰਜੀਤ ਸਿੰਘ ਗੋਲਡੀ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਤੋਂ ਸਿਵਾਏ ਕੋਈ ਵੀ ਰਾਜਨੀਤਿਕ ਪਾਰਟੀ ਇਸ ਮਸਲੇ ਪ੍ਰਤੀ ਗੰਭੀਰ ਨਹੀਂ ਹੈ। ਉਨ੍ਹਾਂ ਕਿਹਾ ਕਿ ਅੱਜ ਪਾਣੀਆਂ ਦੀ ਗੱਲ ਤਾਂ ਹਰ ਕੋਈ ਕਰ ਰਿਹਾ, ਪਰ ਪਾਣੀਆਂ ਦੇ ਹੱਲ ਦੀ ਗੱਲ ਕੋਈ ਨਹੀਂ ਕਰਦਾ। ਕੱਲ੍ਹ ਵੀ ਸਰਬ ਪਾਰਟੀ ਮੀਟਿੰਗ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਬੁਲਾਈ ਗਈ ਪਰ ਸਾਰੀਆਂ ਨੈਸ਼ਨਲ ਪਾਰਟੀਆਂ ਦਾ ਏਜੰਡਾ ਪਾਣੀਆਂ ਦੇ ਮੁੱਦੇ ਨੂੰ ਹੱਲ ਕਰਨ ਦਾ ਨਹੀਂ ਰਿਹਾ ਪਰ ਸ਼੍ਰੋਮਣੀ ਅਕਾਲੀ ਦਲ ਇੱਕੋ ਇੱਕ ਖੇਤਰੀ ਪਾਰਟੀ ਹੈ ਜਿਸ ਨੇ ਹਮੇਸ਼ਾ ਪਾਣੀਆਂ ਦੇ ਮੁੱਦੇ ’ਤੇ ਗੱਲ ਕੀਤੀ ਹੈ। ਇਥੇ ਮੀਟਿੰਗ ਤੋਂ ਬਾਅਦ ਸ੍ਰੀ ਗੋਲਡੀ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਪੰਜਾਬ ਦੀ ਲੜਾਈ ਲੜਦਾ ਰਿਹਾ ਹੈ ਤੇ ਹਮੇਸ਼ਾ ਲੜਦਾ ਰਹੇਗਾ। ਉਨ੍ਹਾਂ ਮੁੱਖ ਮੰਤਰੀ ਭਗਵੰਤ ਮਾਨ ਨੂੰ ਸਵਾਲ ਕਰਦਿਆਂ ਕਿਹਾ ਕਿ 1700 ਕਿਊਸਿਕ ਦੀ ਬਜਾਏ 4000 ਕਿਊਸਿਕ ਪਾਣੀ ਪਿਛਲੇ ਇੱਕ ਮਹੀਨੇ ਤੋਂ ਕਿਉਂ ਦੇ ਰਹੇ ਸੀ। ਉਨ੍ਹਾਂ ਕਿਹਾ ਕਿ ਅੱਜ ਵੀ ਸੁਖਬੀਰ ਸਿੰਘ ਬਾਦਲ ਪਾਰਟੀ ਪ੍ਰਧਾਨ ਦੀ ਅਗਵਾਈ ਵਿੱਚ ਪੰਜਾਬ ਦੀ ਹਰ ਲੜਾਈ ਲੜਾਂਗੇ। ਸ਼੍ਰੋਮਣੀ ਅਕਾਲੀ ਦਲ ਨੇ ਹਮੇਸ਼ਾ ਪੰਜਾਬ ਦੇ ਮੁੱਦਿਆਂ ਦੀ ਲੜਾਈ ਲੜੀ ਹੈ ਅਤੇ ਪਾਣੀ ਬਚਾਉਣ ਲਈ ਹਰ ਲੜਾਈ ਲੜਾਂਗੇ ਪਰ ਦੂਜੀਆਂ ਕੌਮੀ ਪਾਰਟੀਆਂ ਨੇ ਸਿਰਫ ਸਿਆਸਤ ਹੀ ਕੀਤੀ ਹੈ। ਇਸ ਮੌਕੇ ਜ਼ਿਲ੍ਹਾ ਪ੍ਰਧਾਨ ਤੇਜਿੰਦਰ ਸਿੰਘ ਸੰਘਰੇੜੀ, ਇਕਬਾਲਜੀਤ ਸਿੰਘ ਪੂਨੀਆ, ਪਰਮਜੀਤ ਕੌਰ ਵਿਰਕ, ਰੁਪਿੰਦਰ ਸਿੰਘ ਰੰਧਾਵਾ, ਬਿੰਦਰ ਸਿੰਘ ਬੱਟੜਿਆਣਾ, ਐਡਵੋਕੇਟ ਸੁਖਬੀਰ ਸਿੰਘ ਪੂਨੀਆ, ਭਪਿੰਦਰ ਸਿੰਘ ਤੇ ਹਰਪਾਲ ਸਿੰਘ ਖਡਿਆਲ ਆਦਿ ਹਾਜ਼ਰ ਸਨ।