ਖੇਤੀ ਆਰਡੀਨੈਂਸ ਖ਼ਿਲਾਫ਼ ਪਿੰਡਾਂ ’ਚ ਰੈਲੀਆਂ
ਬੀਰਬਲ ਰਿਸ਼ੀ
ਸ਼ੇਰਪੁਰ, 20 ਅਗਸਤ
ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਨੇ ਖੇਤੀ ਆਰਡੀਨੈਂਸ ਦਾ ਵਿਰੋਧ ਕਰਦਿਆਂ ਇਸ ਆਰਡੀਨੈਂਸ ਦੇ ਹਮਾਇਤੀ ਅਕਾਲੀ-ਭਾਜਪਾ ਆਗੂਆਂ ਨੂੰ 25 ਤੋਂ 29 ਅਗਸਤ ਤੱਕ ਪਿੰਡਾਂ ’ਚ ਲਾਏ ਜਾ ਰਹੇ ਰੋਸ ਧਰਨਿਆਂ ਦੌਰਾਨ ਪਿੰਡਾਂ ਵਿੱਚ ਨਹੀਂ ਵੜਨ ਦਿੱਤਾ ਜਾਵੇਗਾ। ਇਹ ਐਲਾਨ ਸੰਘਰਸ਼ ਦੀ ਤਿਆਰੀ ਵਜੋਂ ਬਲਾਕ ਸ਼ੇਰਪੁਰ ਦੇ ਪਿੰਡ ਚਾਂਗਲੀ, ਕਾਤਰੋਂ, ਰੂੜਗੜ੍ਹ ਅਤੇ ਫਰਵਾਹੀ ਵਿੱਚ ਕੀਤੀਆਂ ‘ਪਿੰਡ ਜਗਾਓ ਰੈਲੀਆਂ’ ਦੌਰਾਨ ਬੀਕੇਯੂ ਏਕਤਾ ਉਗਰਾਹਾਂ ਬਲਾਕ ਮਾਲੇਰਕੋਟਲਾ ਦੇ ਆਗੂ ਕੁਲਵਿੰਦਰ ਭੂਦਨ, ਨਾਹਰ ਹਥਨ, ਮਾਨ ਸਿੰਘ, ਨਿਰਮਲ ਹਥਨ, ਗੁਰਮੀਤ ਸਿੰਘ ਮੁਬਾਰਕਪੁਰ ਨੇ ਕੀਤਾ।
ਇਸ ਦੌਰਾਨ ਵੱਖਰੀ ਟੀਮ ’ਚ ਸ਼ੁਮਾਰ ਬੀਕੇਯੂ ਏਕਤਾ ਉਗਰਾਹਾਂ ਦੇ ਬਲਾਕ ਪ੍ਰਧਾਨ ਮਲਕੀਤ ਸਿੰਘ ਹੇੜੀਕੇ ਅਤੇ ਬਲਵਿੰਦਰ ਸਿੰਘ ਕਾਲਾਬੂਲਾ ਦੀ ਅਗਵਾਈ ਹੇਠ ਪਿੰਡ ਖੇੜੀ ਖੁਰਦ, ਸ਼ੇਰਪੁਰ ਸਮੇਤ ਅੱਧੀ ਦਰਜਨ ਪਿੰਡਾਂ ਵਿੱਚ ਕੀਤੀ ‘ਪਿੰਡ ਜਗਾਓ ਰੈਲੀਆਂ ਕਰ ਕੇ ਕਿਸਾਨਾਂ ਦੀ ਲਾਮਬੰਦੀ ਕੀਤੀ ਗਈ ਅਤੇ ਸਮੇਂ ਦੀਆਂ ਸਰਕਾਰਾਂ ਖ਼ਿਲਾਫ਼ ਸੰਘਰਸ਼ਾਂ ਦੇ ਅਖਾੜਿਆਂ ’ਚ ਨਿੱਤਰਨ ਦਾ ਸੱਦਾ ਦਿੱਤਾ ਗਿਆ।