ਸੁੱਖ ਰਹੀ ਤਾਂ ਗੋਰੇ ਲਾਜ਼ਮੀ ਪੰਜਾਬ ਨੌਕਰੀਆਂ ਕਰਨ ਆਉਣਗੇ: ਸੰਧਵਾਂ
ਸ਼ੇਰਪੁਰ, 5 ਅਪਰੈਲ
ਵਿਧਾਨ ਸਭਾ ਪੰਜਾਬ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਨੇ ਕਿਹਾ ਕਿ ਸੱਤ ਦਹਾਕਿਆਂ ਤੋਂ ਦੂਜੀਆਂ ਪਾਰਟੀਆਂ ਰਵਾਇਤੀ ਪਾਰਟੀਆਂ ਦੀ ਉਲਝਾਈ ਤਾਣੀ ਨੂੰ ‘ਆਪ’ ਸਰਕਾਰ ਸੁਲਝਾਉਣ ਲੱਗੀ ਹੋਈ ਹੈ। ਮੌਸਮ ਤੇ ਫਸਲਾਂ ਦੇ ਮਾਮਲੇ ਵਿੱਚ ਅਮਰੀਕਾ, ਕੈਨੇਡਾ ਤੇ ਹੋਰ ਦੇਸ਼ਾਂ ਦੇ ਮੁਕਾਬਲਤਨ ਪੰਜਾਬ ਦੀ ਧਰਤੀ ਸਭ ਤੋਂ ਉਪਜਾਉ ਤੇ ਸੋਹਣੀ ਹੈ ਅਤੇ ਜੇ ਸਭ ਠੀਕ ਰਿਹਾ ਤਾਂ ਮੁੱਖ ਮੰਤਰੀ ਦੇ ਲਏ ਸੁਪਨੇ ਤਹਿਤ ਗੋਰੇ ਯਕੀਨਨ ਪੰਜਾਬ ਨੌਕਰੀਆਂ ਕਰਨ ਆਉਣਗੇ। ਸਪੀਕਰ ਕੁਲਤਾਰ ਸਿੰਘ ਸੰਧਵਾਂ ਅੱਜ ਬਾਅਦ ਦੁਪਹਿਰ ਮਾਰਕੀਟ ਕਮੇਟੀ ਸ਼ੇਰਪੁਰ ਵਿੱਚ ਰਾਜਵਿੰਦਰ ਸਿੰਘ ਰਾਜ ਦੇ ਤਾਜਪੋਸ਼ੀ ਸਮਾਗ਼ਮ ਵਿੱਚ ਸ਼ਿਰਕਤ ਕਰਨ ਲਈ ਆਏ ਹੋਏ ਸਨ। ਇਸ ਮੌਕੇ ਉਨ੍ਹਾਂ ਨਾਲ ਖਾਸ ਤੌਰ ’ਤੇ ਲੋਕ ਸਭਾ ਹਲਕਾ ਸੰਗਰੂਰ ਤੋਂ ਸੰਸਦ ਮੈਂਬਰ ਗੁਰਮੀਤ ਸਿੰਘ ਮੀਤ ਹੇਅਰ, ਵਿਧਾਇਕ ਕੁਲਵੰਤ ਸਿੰਘ ਪੰਡੋਰੀ, ਵਿਧਾਇਕ ਲਾਭ ਸਿੰਘ ਉੱਗੋਕੇ, ਵਿਧਾਇਕ ਮਨਜੀਤ ਸਿੰਘ ਬਿਲਾਸਪੁਰ, ਮੁੱਖ ਮੰਤਰੀ ਕੈਂਪ ਦਫ਼ਤਰ ਧੂਰੀ ਦੇ ਇੰਚਾਰਜ ਦਲਵੀਰ ਸਿੰਘ ਢਿੱਲੋਂ, ‘ਆਪ’ ਆਗੂ ਸੋਨੀਆ ਮਾਨ, ਚੇਅਰਮੈਨ ਅਵਤਾਰ ਸਿੰਘ ਈਲਵਾਲ ਨੇ ਵੀ ਨਵ-ਨਿਯੁਕਤ ਚੇਅਰਮੈਨ ਰਾਜ ਨੂੰ ਮੁਬਾਰਕਵਾਦ ਦਿੱਤੀ।
ਸੰਧਵਾਂ ਨੇ ਕਿਹਾ ਕਿ ਪਹਿਲੀਆਂ ਸਰਕਾਰਾਂ ਮੌਕੇ ਸਰਪੰਚੀਆਂ, ਚੇਅਰਮੈਨੀਆ ਤੇ ਹੋਰ ਆਹੁਦਿਆਂ ਦੀ ਬੋਲੀ ਲਗਦੀ ਸੀ ਪਰ ਹੁਣ ਆਮ ਘਰਾਂ ਦੇ ਮਿਹਨਤੀ ਆਗੂ ਵਰਕਰਾਂ ਨੂੰ ਅਜਿਹੇ ਵੱਕਾਰੀ ਅਹੁਦੇ ਉਨ੍ਹਾਂ ਦੀ ਮਿਹਨਤ ਨੂੰ ਦੇਖ ਕੇ ਦੇਣਾ ਕ੍ਰਾਂਤੀਕਾਰੀ ਬਦਲਾਅ ਹੀ ਹੈ। ਉਨ੍ਹਾਂ ਕਿਹਾ ਕਿ ਹੁਣ ਸਰਕਾਰ ਦੀ ਸਖ਼ਤੀ ਦੇ ਮੱਦੇਨਜ਼ਰ ਨਸ਼ਾ ਤਸਕਰਾਂ ਨੂੰ ਜਾਂ ਆਪਣਾ ਕਾਰੋਬਾਰ ਜਾਂ ਫਿਰ ਪੰਜਾਬ ਛੱਡਣਾ ਪਵੇਗਾ। ਸੰਸਦ ਮੈਂਬਰ ਮੀਤ ਹੇਅਰ ਨੇ ਸਰਕਾਰ ਦੇ ਕੰਮਾਂ ਦਾ ਗੁਣਗਾਣ ਕੀਤਾ, ਜਦੋਂ ਕਿ ਹਲਕਾ ਵਿਧਾਇਕ ਕੁਲਵੰਤ ਸਿੰਘ ਪੰਡੋਰੀ ਨੇ ਆਏ ਮਹਿਮਾਨਾਂ ਨੂੰ ਜੀ ਆਇਆ ਆਖਿਆ। ਚੇਅਰਮੈਨ ਰਾਜਵਿੰਦਰ ਸਿੰਘ ਨੇ ਆਪਣੀ ਜ਼ਿੰਮੇਵਾਰੀ ਤਨਦੇਹੀ ਨਾਲ ਨਿਭਾਉਣ ਦਾ ਵਾਅਦਾ ਕੀਤਾ।
ਸ਼ੇਰਪੁਰ ਵਿੱਚ ਸਬਜ਼ੀ ਮੰਡੀ ਮਨਜ਼ੂਰ: ਢਿੱਲੋ
ਮੁੱਖ ਮੰਤਰੀ ਕੈਂਪ ਦਫ਼ਤਰ ਧੂਰੀ ਦੇ ਇੰਚਾਰਜ ਦਲਵੀਰ ਸਿੰਘ ਢਿੱਲੋਂ ਨੇ ਕਿਹਾ ਕਿ ਸ਼ੇਰਪੁਰ ਦੇ ਲੋਕਾਂ ਦੀ ਚਿਰੋਕਣੀ ਮੰਗ ਪੂਰੀ ਕਰਦਿਆਂ ਇੱਥੋਂ ਲਈ ਸਬਜ਼ੀ ਮੰਡੀ ਨੂੰ ਮਨਜ਼ੂਰੀ ਮਿਲ ਗਈ ਹੈ।