ਮੇਵਾ ਸਿੰਘ ਤਹਿਸੀਲ ਕੰਪਲੈਕਸ ਵਰਕਰਜ਼ ਐਸੋਸੀਏਸ਼ਨ ਦੇ ਪ੍ਰਧਾਨ ਬਣੇ
ਸੁਨਾਮ ਊਧਮ ਸਿੰਘ ਵਾਲਾ, 5 ਅਪਰੈਲ
ਤਹਿਸੀਲ ਕੰਪਲੈਕਸ ਵਰਕਰਜ਼ ਐਸੋਸੀਏਸ਼ਨ ਸੁਨਾਮ ਊਧਮ ਸਿੰਘ ਵਾਲਾ ਦੀ ਮੀਟਿੰਗ ਸਥਾਨਕ ਤਹਿਸੀਲ ਕੰਪਲੈਕਸ ਵਿਖੇ ਹੋਈ, ਜਿਸ ਵਿੱਚ ਤਹਿਸੀਲ ਦੇ ਵਸੀਕਾ ਨਵੀਸਾਂ, ਅਰਜ਼ੀ ਨਵੀਸਾਂ, ਟਾਈਪਿਸਟਾਂ, ਅਸਟਾਮ ਫਰੋਸ਼ਾਂ, ਫੋਟੋ ਸਟੇਟ ਅਪਰੇਟਰਾਂ ਅਤੇ ਨਕਸ਼ਾ ਨਵੀਸਾਂ ਨੂੰ ਦਰਪੇਸ਼ ਮੁਸ਼ਕਲਾਂ ਅਤੇ ਉਨ੍ਹਾਂ ਦੇ ਹੱਲ ਲਈ ਵਿਚਾਰ ਚਰਚਾ ਕਰਨ ਉਪਰੰਤ ਐਸੋਸੀਏਸ਼ਨ ਦੇ ਅਹੁਦੇਦਾਰਾਂ ਦੀ ਚੋਣ ਕੀਤੀ ਗਈ। ਸਰਬਸੰਮਤੀ ਨਾਲ ਹੋਈ ਇਸ ਚੋਣ ਵਿਚ ਮੇਵਾ ਸਿੰਘ ਗਿੱਲ ਪ੍ਰਧਾਨ, ਅਮਰਜੀਤ ਸਿੰਘ ਜੋਸ਼ੀ ਸਰਪ੍ਰਸਤ, ਵਿਜੇ ਸ਼ਰਮਾ ਵਾਇਸ ਪ੍ਰਧਾਨ, ਦਿਨੇਸ਼ ਗੁਪਤਾ ਸਕੱਤਰ, ਸੰਜੀਵ ਕਾਂਸਲ ਸਹਾਇਕ ਸਕੱਤਰ, ਗਗਨਦੀਪ ਗਰਗ ਖਜਾਨਚੀ,ਬਦਰੀ ਰਾਮ ਗਰਗ ਮੁੱਖ ਸਲਾਹਕਾਰ, ਰੋਹਿਤ ਕੌਸ਼ਿਕ ਪ੍ਰਚਾਰ ਸਕੱਤਰ, ਬਲਕਾਰ ਸਿੰਘ ਸਹਾਇਕ ਪ੍ਰਚਾਰ ਸਕੱਤਰ, ਐਡਵੋਕਟ ਸੰਦੀਪ ਬਾਂਸਲ ਕਾਨੂੰਨੀ ਸਲਾਹਕਾਰ, ਭਗਵੰਤ ਸਿੰਘ ਚੰਦੜ ਅਤੇ ਭਾਰਤ ਭੂਸ਼ਨ ਚਾਵਲਾ ਨੂੰ ਪ੍ਰੈਸ ਸਕੱਤਰ ਚੁਣਿਆ ਗਿਆ। ਨਵ-ਨਿਯੁਕਤ ਪ੍ਰਧਾਨ ਮੇਵਾ ਸਿੰਘ ਗਿੱਲ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਰਜਿਸਟ੍ਰੇਸ਼ਨ ਦਾ ਕੰਮ ਨਵੀਂ ਪ੍ਰਕਿਰਿਆ ਅਨੁਸਾਰ ਕਰਨ ਤੋਂ ਲੱਗਦਾ ਹੈ ਕਿ ਸਰਕਾਰ ਆਪਣਾ ਕੰਮ ਧੰਦਾ ਕਰ ਰਹੇ ਰੋਕਾਂ ਨੂੰ ਬੇਰੁਜ਼ਗਾਰ ਕਰਨ ’ਤੇ ਤੁਲੀ ਹੋਈ ਹੈ। ਅਮਰਜੀਤ ਜੋਸ਼ੀ, ਭਗਵੰਤ ਸਿੰਘ ਚੰਦੜ, ਰੋਹਿਤ ਕੌਸ਼ਿਕ ਨੇ ਪੰਜਾਬ ਸਰਕਾਰ ਵੱਲੋਂ ਭ੍ਰਿਸ਼ਟਾਚਾਰ ਖਤਮ ਕਰਨ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਮਾਲ ਵਿਭਾਗ ਦੇ ਰਿਕਾਰਡ ਨਾਲ ਸਬੰਧਿਤ ਜ਼ਮੀਨੀ ਸੁਧਾਰ ਕੀਤੇ ਬਿਨਾਂ ਨਵੀਆਂ ਨੀਤੀਆਂ ਲੋਕਾਂ ਲਈ ਲਾਭਦਾਇਕ ਨਹੀਂ ਹੋਣਗੀਆਂ।