ਪੀਐੱਸਯੂ ਦੇ ਸੱਦੇ ’ਤੇ ਸਰਕਾਰੀ ਕਾਲਜ ਮਾਲੇਰਕੋਟਲਾ ’ਚ ਮੁਕੰਮਲ ਹੜਤਾਲ
ਮਾਲੇਰਕੋਟਲਾ, 5 ਅਪਰੈਲ
ਪੰਜਾਬ ਸਟੂਡੈਂਟਸ ਯੂਨੀਅਨ (ਪੀਐੱਸਯੂ) ਵੱਲੋਂ ਸਰਕਾਰੀ ਕਾਲਜ ਮਾਲੇਰਕੋਟਲਾ ਵਿੱਚ ਪੱਕੇ ਪ੍ਰਿੰਸੀਪਲ ਦੀ ਨਿਯੁਕਤੀ ਲਈ ਅਤੇ ਵਾਇਸ ਪ੍ਰਿੰਸੀਪਲ ਦੇ ਕਥਿਤ ਤਾਨਾਸ਼ਾਹੀ ਰਵੱਈਏ ਖ਼ਿਲਾਫ਼ ਅੱਜ ਕਾਲਜ ਬੰਦ ਦੇ ਸੱਦੇ ਤਹਿਤ ਵਿਦਿਆਰਥੀਆਂ ਨੇ ਮੁਕੰਮਲ ਹੜਤਾਲ ਕੀਤੀ। ਹੜਤਾਲ ਉਪਰੰਤ ਅਧਿਆਪਕਾਂ ਦੀ ਮੌਜੂਦਗੀ ਵਿੱਚ ਕਾਲਜ ਕੌਂਸਲ ਅਤੇ ਵਾਇਸ ਪ੍ਰਿੰਸੀਪਲ ਨਾਲ ਪੀਐੱਸਯੂ ਆਗੂਆਂ ਦੀ ਹੋਈ ਲੰਬੀ ਮੀਟਿੰਗ ਬਾਅਦ ਵੀ ਮਸਲੇ ਦਾ ਕੋਈ ਹੱਲ ਨਹੀਂ ਨਿਕਲ ਸਕਿਆ।
ਵਿਦਿਆਰਥੀ ਆਗੂ ਕਮਲਦੀਪ ਕੌਰ ਅਨੁਸਾਰ ਸਰਕਾਰੀ ਕਲਾਜ ਮਾਲੇਰਕੋਟਲਾ ਵਿੱਚ ਪ੍ਰਿੰਸੀਪਲ ਦੀ ਪੱਕੀ ਨਿਯੁਕਤੀ ਹੋ ਚੁੱਕੀ ਹੈ ਅਤੇ ਨਵੇਂ ਪ੍ਰਿੰਸੀਪਲ ਵੱਲੋਂ ਸੋਮਵਾਰ ਨੂੰ ਚਾਰਜ ਸੰਭਾਲ ਲੈਣ ਤੋਂ ਬਾਅਦ ਵਿਦਿਆਰਥੀਆਂ ਨਾਲ ਮੀਟਿੰਗ ਕੀਤੀ ਜਾਵੇਗੀ।
ਵਿਦਿਆਰਥੀ ਆਗੂ ਨੇ ਦੱਸਿਆ ਕਿ ਪਿਛਲੇ ਦਿਨੀਂ ਪੀਐੱਸਯੂ ਵੱਲੋਂ ਸ਼ਹੀਦ ਭਗਤ ਸਿੰਘ ਦੇ ਸ਼ਹੀਦੀ ਦਿਹਾੜੇ ਮੌਕੇ ਕਾਲਜ ਵਿੱਚ ਨਵੀਂ ਕੇਂਦਰੀ ਸਿੱਖਿਆ ਨੀਤੀ ਬਾਰੇ ਵਿਚਾਰ ਚਰਚਾ ਰੱਖੀ ਗਈ ਸੀ ਪਰ ਵਾਇਸ ਪ੍ਰਿੰਸੀਪਲ ਵੱਲੋਂ ਸਰਕਾਰ ਵਿਰੋਧੀ ਕਿਸੇ ਵੀ ਗਤੀਵਿਧੀ ਜਾਂ ਸਿੱਖਿਆ ਨੀਤੀ ਵਿਰੁੱਧ ਚਰਚਾ ਲਈ ਕਾਲਜ ਵਿੱਚ ਜਗ੍ਹਾ ਦੇਣ ਤੋਂ ਇਨਕਾਰ ਕਰ ਦਿੱਤਾ ਗਿਆ। ਵਾਇਸ ਪ੍ਰਿੰਸੀਪਲ ਦੇ ਫੁਰਮਾਨ ਨੂੰ ਵਿਦਿਆਰਥੀਆਂ ਦੇ ਬੋਲਣ, ਲਿਖਣ, ਇਕੱਠੇ ਹੋਣ ਤੇ ਜਥੇਬੰਦ ਹੋ ਕੇ ਵਿਰੋਧ ਕਰਨ ਦੇ ਜਮਹੂਰੀ ਤੇ ਸੰਵਿਧਾਨਿਕ ਹੱਕ ’ਤੇ ਹਮਲਾ ਦੱਸਦਿਆਂ ਵਿਦਿਆਰਥੀ ਆਗੂ ਨੇ ਕਿਹਾ ਕਿ ਜਦੋਂ ਤੱਕ ਵਿਦਿਆਰਥੀਆਂ ਦੇ ਜਮਹੂਰੀ ਹੱਕਾਂ ਅਤੇ ਬੋਲਣ ਲਿਖਣ ਦੀ ਆਜ਼ਾਦੀ ਨੂੰ ਬਹਾਲ ਨਹੀਂ ਕੀਤਾ ਜਾਂਦਾ ਉਦੋਂ ਤੱਕ ਵਿਦਿਆਰਥੀਆਂ ਦਾ ਸੰਘਰਸ਼ ਜਾਰੀ ਰਹੇਗਾ।