ਰਾਜਨਾਥ ਨੇ ਛੱਤੀਸਗੜ੍ਹ ਵਿੱਚ ਕਾਂਗਰਸ ’ਤੇ ਨਿਸ਼ਾਨਾ ਸੇਧਿਆ
ਸੀਤਾਪੁਰ, 11 ਨਵੰਬਰ
ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਅੱਜ ਚੋਣਾਂ ਵਾਲੇ ਸੂਬੇ ਛੱਤੀਸਗੜ੍ਹ ਵਿਚ ਕਾਂਗਰਸ ’ਤੇ ਨਿਸ਼ਾਨਾ ਸੇਧਦਿਆਂ ਕਿਹਾ ਕਿ ਇਹ (ਕਾਂਗਰਸ) ਖ਼ੁਦ ਨੂੰ ‘ਹੀਰੋ’ ਦੱਸਦੀ ਹੈ ਪਰ ਵਿਕਾਸ ਕਰਨ ਵਿਚ ਇਹ ‘ਜ਼ੀਰੋ’ ਹੈ।
ਭਾਜਪਾ ਆਗੂ ਨੇ ਇੱਥੇ ਕਾਂਗਰਸ ਨੂੰ ਭ੍ਰਿਸ਼ਟਾਚਾਰ ਦੇ ਮੁੱਦੇ ਉਤੇ ਘੇਰਨ ਦੀ ਕੋਸ਼ਿਸ਼ ਕੀਤੀ। ਸੀਤਾਪੁਰ ਹਲਕੇ ਵਿਚ ਚੋਣ ਰੈਲੀ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਕਿਹਾ ਕਿ ਅਗਲੇ 3-4 ਸਾਲਾਂ ਵਿਚ ਰਾਜ ’ਚੋਂ ਨਕਸਲਵਾਦ ਨੂੰ ਖ਼ਤਮ ਕਰ ਦਿੱਤਾ ਜਾਵੇਗਾ। ਜੇਕਰ ਭਾਜਪਾ ਸੱਤਾ ਵਿਚ ਆਉਂਦੀ ਹੈ ਤਾਂ ‘ਜਬਰੀ’ ਧਰਮ ਪਰਿਵਰਤਨ ਉਤੇ ਵੀ ਪਾਬੰਦੀ ਲਾਈ ਜਾਵੇਗੀ। ਭੁਪੇਸ਼ ਬਘੇਲ ਸਰਕਾਰ ਨੂੰ ਕਥਿਤ ਘੁਟਾਲਿਆਂ ਦੇ ਮਾਮਲੇ ਨਿਸ਼ਾਨਾ ਬਣਾਉਂਦਿਆਂ ਰਾਜਨਾਥ ਨੇ ਕਿਹਾ, ‘ਕਾਂਗਰਸ ਸਰਕਾਰ ਨੇ ਰਾਜ ਵਿਚ ਇਕ ਵੀ ਵਿਕਾਸ ਕਾਰਜ ਨਹੀਂ ਕਰਵਾਇਆ।’ ਉਨ੍ਹਾਂ ਕਿਹਾ ਕਿ ਜੇਕਰ ਲੋਕਾਂ ਤੋਂ ਇਸ ਸਰਕਾਰ ਦਾ ਰਿਪੋਰਟ ਕਾਰਡ ਮੰਗਿਆ ਜਾਵੇ ਤਾਂ ਇਹ ‘ਜ਼ੀਰੋ ਬੱਟੇ ਸੰਨਾਟਾ’ ਹੋਵੇਗਾ।
ਸੱਤਾਧਾਰੀ ਧਿਰ ’ਤੇ ਨਿਸ਼ਾਨਾ ਸੇਧਦਿਆਂ ਰਾਜਨਾਥ ਨੇ ਕਿਹਾ ਕਿ, ‘ਉਹ ਚੰਗੀ ਸਰਕਾਰ ਦੇਣ ਵਿਚ ਜ਼ੀਰੋ ਹਨ।’ ਉਨ੍ਹਾਂ ਲੋਕਾਂ ਨੂੰ ਕਾਂਗਰਸ ਨੂੰ ਸੂਬੇ ਦੀ ਸੱਤਾ ’ਚੋਂ ਬਾਹਰ ਕਰਨ ਦਾ ਸੱਦਾ ਦਿੱਤਾ। ਰਾਜਨਾਥ ਨੇ ਦੋਸ਼ ਲਾਇਆ ਕਿ ਕਾਂਗਰਸ ਦੇ 2018 ਵਿਚ ਸੂਬੇ ਦੀ ਸੱਤਾ ਉਤੇ ਕਾਬਜ਼ ਹੋਣ ਤੋਂ ਬਾਅਦ ਇੱਥੇ ਕਾਨੂੰਨ ਤੇ ਵਿਵਸਥਾ ਦੀ ਸਥਿਤੀ ਵਿਗੜ ਗਈ ਹੈ। ਉਨ੍ਹਾਂ ਕਿਹਾ ਕਿ ਰਾਜ ਵਿਚ ਹੱਤਿਆਵਾਂ ਆਮ ਹਨ, ਕਈ ਪਰਿਵਾਰਾਂ ਦੀਆਂ ਧੀਆਂ ਲਾਪਤਾ ਹਨ, ਮਨੁੱਖੀ ਤਸਕਰੀ ਤੇ ਨਸ਼ਿਆਂ ਦਾ ਵਪਾਰ ਵਧ ਰਿਹਾ ਹੈ। ਛੱਤੀਸਗੜ੍ਹ ਵਿਚ ਦੂਜੇ ਗੇੜ ਦੀਆਂ ਚੋਣਾਂ 17 ਨਵੰਬਰ ਨੂੰ ਹੋਣਗੀਆਂ। -ਪੀਟੀਆਈ
ਮੱਧ ਪ੍ਰਦੇਸ਼ ’ਚ ਸ਼ਾਹ ਨੇ ਭਾਜਪਾ ਲਈ ਵੋਟਾਂ ਮੰਗੀਆਂ
ਧਾਰ: ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਅੱਜ ਮੱਧ ਪ੍ਰਦੇਸ਼ ਵਿਚ ਇਕ ਚੋਣ ਰੈਲੀ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਸਰਕਾਰ ਦੇ ਹਿੰਮਤੀ ਯਤਨਾਂ ਨਾਲ ਦੇਸ਼ ਵਿਚ ਘੁਸਪੈਠ ਰੁਕੀ ਹੈ, ਤੇ ਕਾਂਗਰਸ ਅਤੇ ਵਿਰੋਧੀ ਪਾਰਟੀਆਂ ਦੇ ‘ਇੰਡੀਆ’ ਗੱਠਜੋੜ ਲਈ ਅਜਿਹਾ ਕਰਨਾ ਸੰਭਵ ਨਹੀਂ ਹੈ। ਸ਼ਾਹ ਨੇ ਸੂਬੇ ਵਿਚ ਕਾਂਗਰਸ ’ਤੇ ਕਈ ਭਲਾਈ ਯੋਜਨਾਵਾਂ ਰੋਕਣ ਦਾ ਦੋਸ਼ ਵੀ ਲਾਇਆ ਜਿਨ੍ਹਾਂ ਵਿਚ ‘ਤੀਰਥ ਦਰਸ਼ਨ ਯੋਜਨਾ’ ਵੀ ਸ਼ਾਮਲ ਹੈ। ਉਨ੍ਹਾਂ ਕਿਹਾ ਕਿ 2018 ਦੀਆਂ ਚੋਣਾਂ ਤੋਂ ਬਾਅਦ ਜਦ ਕਾਂਗਰਸ 15 ਮਹੀਨੇ ਸੱਤਾ ਵਿਚ ਰਹੀ ਤਾਂ ਕੋਈ ਯੋਜਨਾਵਾਂ ਰੋਕੀਆਂ ਗਈਆਂ। ਉਨ੍ਹਾਂ ਲੋਕਾਂ ਨੂੰ ਭਾਜਪਾ ਨੂੰ ਵੋਟ ਪਾਉਣ ਦਾ ਸੱਦਾ ਦਿੱਤਾ। ਜ਼ਿਕਰਯੋਗ ਹੈ ਕਿ ਮੱਧ ਪ੍ਰਦੇਸ਼ ਵਿਚ ਚੋਣਾਂ 17 ਨਵੰਬਰ ਨੂੰ ਹਨ। ਧਾਰ ਜ਼ਿਲ੍ਹੇ ਦੇ ਮਾਨਾਵਰ ਵਿਚ ਲੋਕਾਂ ਨੂੰ ਸੰਬੋਧਨ ਕਰਦਿਆਂ ਸ਼ਾਹ ਨੇ ਕਿਹਾ ਕਿ ਮੋਦੀ ਸਰਕਾਰ ਨੇ ਜੰਮੂ ਕਸ਼ਮੀਰ ਵਿਚੋਂ ਧਾਰਾ 370 ਖ਼ਤਮ ਕੀਤੀ। ਉਨ੍ਹਾਂ ਕਿਹਾ ਕਿ ਕਾਂਗਰਸ ਨੇਤਾ ਰਾਹੁਲ ਗਾਂਧੀ ਦਾਅਵਾ ਕਰਦੇ ਸਨ ਕਿ ਅਜਿਹਾ ਹੋਣ ਨਾਲ ਉੱਥੇ ਖ਼ੂਨ-ਖ਼ਰਾਬਾ ਹੋਵੇਗਾ ਪਰ ਕੁਝ ਨਹੀਂ ਹੋਇਆ। ਗ੍ਰਹਿ ਮੰਤਰੀ ਨੇ ਦੋਸ਼ ਲਾਇਆ ਕਿ ਕਾਂਗਰਸ ਦੇਸ਼ ਦਾ ਸਭਿਆਚਾਰ ਤਬਾਹ ਕਰ ਰਹੀ ਹੈ ਤੇ ਇਹ ਮੋਦੀ ਸਰਕਾਰ ਹੀ ਹੈ ਜਿਸ ਨੇ ਇਸ ਨੂੰ ਬਚਾਇਆ ਤੇ ਸੰਭਾਲਿਆ ਹੈ। -ਪੀਟੀਆਈ