Pahalgam terror attack: ਅਤਿਵਾਦ ਖ਼ਿਲਾਫ਼ ਲੜਾਈ ’ਚ ਸਰਕਾਰ ਨਾਲ ਖੜ੍ਹੇ ਹਾਂ: ਖੜਗੇ
ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ ਨੇ ਅੱਜ ਇੱਥੇ ਕਿਹਾ ਕਿ ਸਰਕਾਰ ਨੂੰ ਪਹਿਲਗਾਮ ਅਤਿਵਾਦੀ ਹਮਲੇ ਦੇ ਮੱਦੇਨਜ਼ਰ ਸਰਬਪਾਰਟੀ ਮੀਟਿੰਗ ਸੱਦ ਕੇ ਸਾਰੀਆਂ ਧਿਰਾਂ ਨਾਲ ਅਤਿਵਾਦੀ ਦੀ ਚੁਣੌਤੀ ਨਾਲ ਨਜਿੱਠਣ ਬਾਰੇ ਚਰਚਾ ਕਰਨੀ ਚਾਹੀਦੀ ਹੈ ਅਤੇ ਉਨ੍ਹਾਂ ਦੇ ਸੁਝਾਅ ਵੀ ਲੈਣੇ ਚਾਹੀਦੇ ਹਨ। ਉਨ੍ਹਾਂ ਕਿਹਾ ਕਿ ਅਤਿਵਾਦ ਖ਼ਿਲਾਫ਼ ਲੜਾਈ ’ਚ ਸਾਰੇ ਲੋਕ ਸਰਕਾਰ ਨਾਲ ਇਕਜੁੱਟ ਹੋ ਕੇ ਖੜ੍ਹੇ ਹਨ ਅਤੇ ਅਤਿਵਾਦੀਆਂ ਦੀ ਇਸ ਕਾਰਵਾਈ ਦਾ ਮੂੰਹ-ਤੋੜ ਜਵਾਬ ਦੇਣ ਦੀ ਲੋੜ ਹੈ।
ਖੜਗੇ ਨੇ ਕਿਹਾ, ‘‘ਪਹਿਲਗਾਮ ਹਮਲਾ ਸਾਡੇ ਦੇਸ਼ ਦੀ ਏਕਤਾ ਅਤੇ ਅਖੰਡਤਾ ’ਤੇ ਕਾਇਰਾਨਾ ਹਮਲਾ ਹੈ। ਸਾਲ 2000 ਵਿੱਚ ਹੋਏ ਚਿੱਟੀਸਿੰਘਪੁਰਾ ਨਰਸਿੰਹਾਰ ਮਗਰੋਂ ਇਹ ਹਮਲਾ ਅਤਿਵਾਦੀਆਂ ਅਤੇ ਵੱਖਵਾਦੀਆਂ ਵੱਲੋਂ ਕੀਤੇ ਗਏ ਸਭ ਤੋਂ ਘਿਨਾਉਣੇ ਹਮਲਿਆਂ ’ਚ ਇੱਕੇ ਹੈ। ਅਸੀਂ ਦ੍ਰਿੜਤਾ ਨਾਲ ਦੁਹਰਾਉਂਦੇ ਹਾਂ ਕਿ ਨਿਹੱਥੇ ਅਤੇ ਨਿਰਦੋਸ਼ ਨਾਗਰਿਕਾਂ ਦੀ ਹੱਤਿਆ ਕਰਨ ਵਾਲੇ ਇਨਸਾਨ ਨਹੀਂ ਹੋ ਸਕਦੇ।’’
ਕਾਂਗਰਸ ਪ੍ਰਧਾਨ ਨੇ ਦੱਸਿਆ ਕਿ ਉਨ੍ਹਾਂ ਬੁੱਧਵਾਰ ਦੇਰ ਸ਼ਾਮ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ, ਜੰਮੂ ਕਸ਼ਮੀਰ ਦੇ ਮੁੱਖ ਮੰਤਰੀ ਉਮਰ ਅਬਦੁੱਲਾ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ ਦੇ ਹੋਰ ਸਥਾਨਕ ਨੇਤਾਵਾਂ ਨਾਲ ਗੱਲਬਾਤ ਵੀ ਕੀਤੀ। ਖੜਗੇ ਨੇ ਕਿਹਾ ਕਿ ਇਸ ਘਟਨਾ ਸਬੰਧੀ ਕਾਂਗਰਸ ਕਾਰਜਕਾਰੀ ਕਮੇਟੀ ਵੀਰਵਾਰ ਸਵੇਰੇ 11 ਵਜੇ ਨਵੀਂ ਦਿੱਲੀ ਵਿੱਚ ਮੀਟਿੰਗ ਕਰੇਗੀ।
ਉਨ੍ਹਾਂ ਇਸ ਗੱਲ ’ਤੇ ਜ਼ੋਰ ਦਿੱਤਾ, ‘‘ਇਹ ਵੇਲਾ ਕੋਈ ਸਿਆਸਤ ਕਰਨ ਦਾ ਨਹੀਂ ਹੈ। ਸਾਡੇ ਸੈਲਾਨੀਆਂ ਨੂੰ ਇਨਸਾਫ਼ ਦਿਵਾਉਣ ਦਾ ਹੈ।’’
ਕਾਂਗਰਸ ਪ੍ਰਧਾਨ ਨੇ ਕਿਹਾ, ‘‘ਇਸ ਸਮੇਂ ਅਸੀਂ ਸਭ ਇਕਜੁੱਟ ਹਾਂ। ਅਸੀਂ ਅਤਿਵਾਦੀਆਂ ਖ਼ਿਲਾਫ਼ ਇੱਕ ਹੋਵਾਂਗੇ। ਇਹ ਭਾਰਤੀ ਰਾਜ ’ਤੇ ਸਿੱਧਾ ਹਮਲਾ ਹੈ। ਪਾਕਿਸਤਾਨੀ ਅਤਿਵਾਦੀ ਸੰਗਠਨ ਨੇ ਇਸ ਹਮਲੇ ਦੀ ਜ਼ਿੰਮੇਵਾਰੀ ਲਈ ਹੈ। ਸਾਨੂੰ ਇਸ ਦਾ ਮੂੰਹ-ਤੋੜ ਜਵਾਬ ਦੇਣਾ ਪਵੇਗਾ।’’
ਖੜਗੇ ਨੇ ਕਿਹਾ ਕਿ ਸਰਕਾਰ ਨੂੰ ਆਪਣੀ ਸਾਰੀ ਤਾਕਤ ਲਗਾ ਕੇ ਅਤਿਵਾਦੀਆਂ ਨੂੰ ਲੱਭਣਾ ਚਾਹੀਦਾ ਹੈ। ਉਨ੍ਹਾਂ ਇਸ ਗੱਲ ’ਤੇ ਜ਼ੋਰ ਦਿੱਤਾ ਕਿ ਸਰਕਾਰ ਨੂੰ ਸਰਬਪਾਰਟੀ ਮੀਟਿੰਗ ਸੱਦ ਕੇ ਸਲਾਹ ਲੈਣੀ ਚਾਹੀਦੀ ਹੈ। ਖੜਗੇ ਨੇ ਕਿਹਾ, ‘‘ਇਹ ਸਿਆਸਤ ਨਹੀਂ ਹੈ ਅਤੇ ਅਸੀਂ ਇਸ ਸਥਿਤੀ ’ਚ ਸਿਆਸਤ ਨਹੀਂ ਚਾਹੁੰਦੇ।’’ -ਪੀਟੀਆਈ