ਇਸਤਾਂਬੁਲ ’ਚ ਭੂਚਾਲ ਦੇ ਝਟਕੇ
ਤੁਰਕੀ ਦੀ ਆਫ਼ਤ ਪ੍ਰਬੰਧਨ ਏਜੰਸੀ AFAD ਨੇ ਦੱਸਿਆ ਕਿ ਅੱਜ ਇਸਤਾਂਬੁਲ ’ਚ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ, ਜਿਸ ਦੀ ਤੀਬਰਤਾ ਰਿਕਟਰ ਪੈਮਾਨੇ ’ਤੇ 6.2 ਮਾਪੀ ਗਈ।
ਹਾਲਾਂਕਿ ਅਜੇ ਤੱਕ ਕਿਸੇ ਤਰ੍ਹਾਂ ਦੇ ਨੁਕਸਾਨ ਦੀ ਕੋਈ ਖ਼ਬਰ ਨਹੀਂ ਹੈ ਪਰ ਤੇਜ਼ ਝਟਕਿਆਂ ਕਾਰਨ ਬਾਸਫੋਰਸ ਸਟ੍ਰੇਟ ਦੇ ਯੂਰਪੀ ਅਤੇ ਏਸ਼ਿਆਈ ਕਿਨਾਰਿਆਂ ’ਤੇ ਸਥਿਤ ਸ਼ਹਿਰ ਵਿਚਲੀਆਂ ਰਿਹਾਇਸ਼ੀ ਇਮਾਰਤਾਂ ਖਾਲੀ ਕਰਵਾ ਲਈਆਂ ਗਈਆਂ।
ਇਸਤਾਂਬੁਲ ਵਿੱਚ ਭੂਚਾਲ ਦੇ ਝਟਕਿਆਂ ਮਗਰੋਂ ਵੱਡੀ ਗਿਣਤੀ ਲੋਕ ਪਾਰਕਾਂ ਅਤੇ ਆਪਣੇ ਘਰਾਂ ਤੋਂ ਬਾਹਰ ਆ ਗਏ। ਸ਼ਹਿਰ ਵਿੱਚ ਭੂਚਾਲ ਮਗਰੋਂ ਦੁਕਾਨਾਂ ਬੰਦ ਕਰ ਦਿੱਤੀਆਂ ਗਈਆਂ। AFAD ਅਨੁਸਾਰ ਭੂਚਾਲ ਦਾ ਕੇਂਦਰ ਇਸਤਾਂਬੁਲ ਤੋਂ ਲਗਭਗ 80 ਕਿਲੋਮੀਟਰ (50 ਮੀਲ) ਪੱਛਮ ਵਿੱਚ ਸਿਲੀਵਰੀ ਦੇ ਖੇਤਰ ਵਿੱਚ ਸੀ, ਜੋ ਕਿ 12:49 (0949 GMT) ’ਤੇ ਆਇਆ ਅਤੇ ਇਹ 6.92 ਕਿਲੋਮੀਟਰ (4.3 ਮੀਲ) ਦੀ ਡੂੰਘਾਈ ’ਤੇ ਸੀ।
ਟਰਾਂਸਪੋਰਟ ਮੰਤਰੀ ਅਬਦੁਲਕਾਦਿਰ ਓਰਾਲੋਗਲੂ Abdulkadir Uraloglu ਨੇ ਕਿਹਾ ਕਿ ਸ਼ੁਰੂਆਤੀ ਜਾਂਚ ਦੌਰਾਨ ਹਾਈਵੇਅ, ਹਵਾਈ ਅੱਡਿਆਂ, ਰੇਲਗੱਡੀਆਂ ਜਾਂ ਸਬਵੇਅ ’ਤੇ ਕੋਈ ਨੁਕਸਾਨ ਜਾਂ ਪ੍ਰਤੀਕੂਲ ਸਥਿਤੀਆਂ ਦਾ ਖੁਲਾਸਾ ਨਹੀਂ ਹੋਇਆ ਹੈ।
ਰਾਸ਼ਟਰਪਤੀ ਤਈਅਪ ਅਰਦੋਗਨ ਨੇ ਐਕਸ ’ਤੇ ਕਿਹਾ ਕਿ ਉਹ ਸਥਿਤੀ ’ਤੇ ਨਜ਼ਰ ਰੱਖ ਰਹੇ ਹਨ ਅਤੇ ਉਨ੍ਹਾਂ ਦੇ ਦਫ਼ਤਰ ਨੇ ਲੋਕਾਂ ਲਈ ਅਡਵਾਇਜ਼ਰੀ ਜਾਰੀ ਕੀਤੀ ਹੈ। -ਰਾਇਟਰਜ਼