ਬਲੈਕਆਊਟ ਦਰਮਿਆਨ ਪੰਜਾਬ ਕਿੰਗਜ਼ ਤੇ ਦਿੱਲੀ ਕੈਪੀਟਲਜ਼ ਵਿਚਾਲੇ ਮੈਚ ਰੱਦ
ਧਰਮਸ਼ਾਲਾ, 8 ਮਈ
ਗੁਆਂਢੀ ਸ਼ਹਿਰਾਂ ਜੰਮੂ ਤੇ ਪਠਾਨਕੋਟ ਵਿਚ ਪਾਕਿਸਤਾਨ ਵੱਲੋਂ ਸੰਭਾਵੀ ਹਮਲਿਆਂ ਕਰਕੇ ਵਜੇ ਸਾਇਰਨ ਤੇ ਬਲੈਕਆਊਟ ਤੋਂ ਬਾਅਦ ਧਰਮਸ਼ਾਲਾ ਵਿਚ ਪੰਜਾਬ ਕਿੰਗਜ਼ ਤੇ ਦਿੱਲੀ ਕੈਪੀਟਲਜ਼ ਵਿਚਾਲੇ ਖੇਡੇ ਜਾ ਰਹੇ ਆਈਪੀਐੱਲ ਮੈਚ ਨੂੰ ਵਿਚਾਲੇ ਰੋਕ ਕੇ ਰੱਦ ਕਰ ਦਿੱਤਾ ਗਿਆ ਹੈ। ਭਾਰਤ ਤੇ ਪਾਕਿਸਤਾਨ ਵਿਚਾਲੇ ਜਾਰੀ ਫੌਜੀ ਟਕਰਾਅ ਦੇ ਮੱਦੇਨਜ਼ਰ ਪੂਰੀ ਲੀਗ ਰੱਦ ਕੀਤੇ ਜਾਣ ਦਾ ਜੋਖ਼ਮ ਬਣ ਗਿਆ ਹੈ।
ਪੰਜਾਬ ਦੀ ਟੀਮ ਨੇ 10.1 ਓਵਰਾਂ ਵਿਚ ਇਕ ਵਿਕਟ ਦੇ ਨੁਕਸਾਨ ਨਾਲ 122 ਦੌੜਾਂ ਬਣਾ ਲਈਆਂ ਸਨ ਜਦੋਂ ਮੈਦਾਨ ਵਿਚਲੀਆਂ ਫਲੱਡ ਲਾਈਟਾਂ ਬੰਦ ਹੋ ਗਈਆਂ। ਇਸ ਮਗਰੋਂ ਖੇਡ ਮੁੜ ਸ਼ੁਰੂ ਹੋਈ ਪਰ ਮੀਂਹ ਕਰਕੇ ਮੈਚ ਨੂੰ ਰੋਕਣਾ ਪਿਆ। ਇਸ ਤੋਂ ਬਾਅਦ ਟੀਮਾਂ ਤੇ ਉਥੇ ਜੁੜੇ ਦਰਸ਼ਕਾਂ ਨੂੰ ਸੁਰੱਖਿਆ ਕਾਰਨਾਂ ਦੇ ਹਵਾਲੇ ਨਾਲ ਸਟੇਡੀਅਮ ਖਾਲੀ ਕਰਨ ਲਈ ਕਹਿ ਦਿੱਤਾ ਗਿਆ।
ਦੋਵਾਂ ਟੀਮਾਂ ਦੇ ਖਿਡਾਰੀਆਂ ਤੇ ਹੋਰ ਸਹਿਯੋਗੀ ਸਟਾਫ਼ ਨੂੰ ਪਠਾਨਕੋਟ ਤੋਂ ਵਿਸ਼ੇਸ਼ ਰੇਲਗੱਡੀ ਰਾਹੀਂ ਦਿੱਲੀ ਲਿਆਂਦਾ ਜਾਵੇਗਾ। ਟੀਮਾਂ ਸੜਕੀ ਰਸਤੇ ਪਠਾਨਕੋਟ ਪਹੁੰਚਣਗੀਆਂ। ਪਾਕਿਸਤਾਨੀ ਹਮਲਿਆਂ ਨੂੰ ਰੋਕਣ ਲਈ ਸਾਵਧਾਨੀ ਦੇ ਉਪਾਵਾਂ ਦੇ ਹਿੱਸੇ ਵਜੋਂ ਧਰਮਸ਼ਾਲਾ ਦਾ ਇਕਲੌਤਾ ਹਵਾਈ ਅੱਡਾ ਅਤੇ ਗੁਆਂਢੀ ਕਾਂਗੜਾ ਅਤੇ ਚੰਡੀਗੜ੍ਹ ਦੇ ਹਵਾਈ ਅੱਡੇ ਇਸ ਸਮੇਂ ਬੰਦ ਹਨ। ਅੱਜ ਰਾਤ ਦਾ ਮੈਚ ਰੱਦ ਹੋਣ ਮਗਰੋਂ ਅਜੇ ਇਹ ਸਪੱਸ਼ਟ ਨਹੀਂ ਹੈ ਕਿ ਲੀਗ ਅੱਗੇ ਵਧੇਗੀ ਜਾਂ ਨਹੀਂ। ਉਂਝ ਇਹ ਪਤਾ ਲੱਗਾ ਹੈ ਕਿ ਲੀਗ ਵਿਚ ਸ਼ਾਮਲ ਵਿਦੇਸ਼ੀ ਖਿਡਾਰੀਆਂ ਵੱਲੋਂ ਜਤਾਏ ਫ਼ਿਕਰਾਂ ਦਰਮਿਆਨ ਬੀਸੀਸੀਆਈ ਦੀ ਇੱਕ ਮੀਟਿੰਗ ਇਸ ਵੇਲੇ ਜਾਰੀ ਹੈ। ਸੂਤਰਾਂ ਦਾ ਕਹਿਣਾ ਹੈ ਕਿ ਵਿਦੇਸ਼ੀ ਖਿਡਾਰੀ ਜਲਦੀ ਤੋਂ ਜਲਦੀ ਆਪਣੇ ਘਰ ਵਾਪਸ ਜਾਣਾ ਚਾਹੁੰਦੇ ਹਨ। -ਪੀਟੀਆਈ