ਸੰਗਰੂਰ ਕਾਲਜ ਦੀ ਪ੍ਰਧਾਨਗੀ ਤੋਂ ਕੀਤੀ ਸੀ ਢੀਂਡਸਾ ਨੇ ਰਾਜਨੀਤੀ ਦੀ ਸ਼ੁਰੂਆਤ
ਗੁਰਦੀਪ ਸਿੰਘ ਲਾਲੀ
ਸੰਗਰੂਰ, 28 ਮਈ
ਸ਼੍ਰੋਮਣੀ ਅਕਾਲੀ ਦਲ ਦੇ ਦਿਮਾਗ ਅਤੇ ਨੀਤੀ ਘਾੜੇ ਵਜੋਂ ਜਾਣੇ ਜਾਂਦੇ ਸੁਖਦੇਵ ਸਿੰਘ ਢੀਂਡਸਾ ਨੇ ਸਰਕਾਰੀ ਰਣਬੀਰ ਕਾਲਜ ਸੰਗਰੂਰ ਦੀ ਪ੍ਰਧਾਨਗੀ ਤੋਂ ਰਾਜਨੀਤੀ ਦੀ ਸ਼ੁਰੂਆਤ ਕੀਤੀ ਸੀ ਜਿਸ ਤੋਂ ਬਾਅਦ ਉਹ ਆਪਣੇ ਜੱਦੀ ਪਿੰਡ ਉਭਾਵਾਲ ਦੇ ਸਰਪੰਚ ਬਣੇ। ਇਸ ਮਗਰੋਂ ਉਹ ਮਾਰਕੀਟ ਕਮੇਟੀ ਦੇ ਚੇਅਰਮੈਨ ਅਤੇ ਸੈਂਟਰਲ ਕੋ-ਆਪ੍ਰੇਟਿਵ ਬੈਂਕ ਦੇ ਐੱਮ.ਡੀ. ਬਣੇ। ਪਿੰਡ ਉਭਾਵਾਲ ਵਿੱਚ ਪਿਤਾ ਰਤਨ ਸਿੰਘ ਅਤੇ ਮਾਤਾ ਲਾਭ ਕੌਰ ਦੇ ਘਰ 9 ਅਪਰੈਲ 1936 ਨੂੰ ਜਨਮੇ ਸੁਖਦੇਵ ਸਿੰਘ ਢੀਂਡਸਾ ਪਿੰਡ ਦੀ ਸਰਪੰਚੀ ਤੋਂ ਲੈ ਕੇ ਕੇਂਦਰੀ ਕੈਬਨਿਟ ਮੰਤਰੀ ਦੇ ਅਹੁਦੇ ਤੱਕ ਪੁੱਜੇ। ਸ੍ਰੀ ਢੀਂਡਸਾ ਨੇ ਸੰਨ 1972 ’ਚ ਧਨੌਲਾ ਵਿਧਾਨ ਸਭਾ ਹਲਕੇ ਤੋਂ ਪਹਿਲੀ ਵਾਰ ਆਜ਼ਾਦ ਉਮੀਦਵਾਰ ਵਜੋਂ ਚੋਣ ਜਿੱਤੀ। ਆਜ਼ਾਦ ਚੋਣ ਜਿੱਤਣ ਉਪਰੰਤ ਕਾਂਗਰਸ ਪਾਰਟੀ ਦੀ ਸਰਕਾਰ ਹੋਣ ਦੇ ਬਾਵਜੂਦ ਸ਼੍ਰੋਮਣੀ ਅਕਾਲੀ ਦਲ ਵਿਚ ਸ਼ਾਮਲ ਹੋਏ। ਐਮਰਜੈਂਸੀ ਦੌਰਾਨ ਜੇਲ੍ਹਾਂ ’ਚ ਬੰਦ ਰਹੇ। ਸੰਨ 1977 ਵਿੱਚ ਸੁਨਾਮ ਹਲਕੇ ਤੋਂ ਵਿਧਾਨ ਸਭਾ ਚੋਣ ਜਿੱਤੀ। ਇਸ ਤੋਂ ਬਾਅਦ ਸੰਨ 1980 ਵਿਚ ਤੀਜੀ ਵਾਰ ਸੰਗਰੂਰ ਹਲਕੇ ਤੋਂ ਵਿਧਾਇਕ ਬਣੇ। ਫਿਰ ਸ਼੍ਰੋਮਣੀ ਅਕਾਲੀ ਦਲ ਦੇ ਧਰਮਯੁੱਧ ਮੋਰਚੇ ਵਿੱਚ ਮੋਹਰੀ ਭੂਮਿਕਾ ਨਿਭਾਈ ਅਤੇ ਲੰਮਾ ਸਮਾਂ ਜੇਲ੍ਹ ’ਚ ਬੰਦ ਰਹੇ। ਇਸ ਮਗਰੋਂ ਸੰਨ 1986 ਵਿੱਚ ਮੁੜ ਸੁਨਾਮ ਹਲਕੇ ਤੋਂ ਵਿਧਾਇਕ ਚੁਣੇ ਗਏ। ਸ੍ਰੀ ਢੀਂਡਸਾ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੇ ਅਤਿ ਕਰੀਬੀ ਮੰਨੇ ਜਾਂਦੇ ਸਨ। ਸੰਨ 1998 ਵਿੱਚ ਉਹ ਰਾਜ ਸਭਾ ਮੈਂਬਰ ਚੁਣੇ ਗਏ ਅਤੇ ਵਾਜਪਾਈ ਸਰਕਾਰ ਵਿੱਚ ਕੇਂਦਰੀ ਕੈਬਨਿਟ ਮੰਤਰੀ ਬਣੇ। ਸੰਨ 2004 ਵਿੱਚ ਸੰਗਰੂਰ ਲੋਕ ਸਭਾ ਸੀਟ ਜਿੱਤ ਕੇ ਸੰਸਦ ਮੈਂਬਰ ਬਣੇ। ਸ੍ਰੀ ਢੀਂਡਸਾ ਨੇ ਪੰਥਕ ਰਵਾਇਤਾਂ ਤੇ ਸਿਧਾਂਤਾਂ ਦੇ ਉਲਟ ਚੱਲਣ ਕਰਕੇ ਪਾਰਟੀ ਪ੍ਰਧਾਨ ਦੀਆਂ ਕਾਰਵਾਈਆਂ ਦਾ ਡਟ ਕੇ ਵਿਰੋਧ ਵੀ ਕੀਤਾ ਅਤੇ ਅਕਾਲੀ ਦਲ ਤੋਂ ਵੱਖ ਹੋ ਕੇ ਸ਼੍ਰੋਮਣੀ ਅਕਾਲੀ ਦਲ ਸੰਯੁਕਤ ਕਾਇਮ ਕੀਤਾ। ਉਨ੍ਹਾਂ ਅਕਾਲੀ ਲੀਡਰਸ਼ਿਪ ਸਮੇਤ ਅਕਾਲ ਤਖਤ ਸਾਹਿਬ ਸ੍ਰੀ ਅੰਮ੍ਰਿਤਸਰ ਵਿਖੇ ਪੇਸ਼ ਹੋ ਕੇ ਮੁਆਫ਼ੀਨਾਮਾ ਦਿੱਤਾ ਜਿਸ ਉਪਰੰਤ ਅਕਾਲੀ ਆਗੂਆਂ ਨੂੰ ਤਨਖਾਹ ਲਾਈ ਗਈ। ਸ੍ਰੀ ਢੀਂਡਸਾ ਨੇ ਅਕਾਲ ਤਖ਼ਤ ਸਾਹਿਬ ਵੱਲੋਂ ਲਾਈ ਗਈ ਤਨਖਾਹ ਨੂੰ ਖਿੜ੍ਹੇ ਮੱਥੇ ਪ੍ਰਵਾਨ ਕਰਦਿਆਂ ਇਸ ਨੂੰ ਸੰਪੂਰਨ ਕੀਤਾ। ਸ੍ਰੀ ਢੀਂਡਸਾ ਪਿਛਲੇ ਕਰੀਬ 40 ਸਾਲਾਂ ਤੋਂ ਸੰਤ ਅਤਰ ਸਿੰਘ ਮਸਤੂਆਣਾ ਸਾਹਿਬ ਟਰੱਸਟ ਦੇ ਪ੍ਰਧਾਨ ਚਲੇ ਆ ਰਹੇ ਸਨ। ਸ੍ਰੀ ਢੀਂਡਸਾ ਦੀ ਸਿਹਤ ਪਿਛਲੇ ਕੁੱਝ ਸਮੇਂ ਤੋਂ ਠੀਕ ਨਹੀਂ ਸੀ। ਇਨਫੈਕਸ਼ਨ ਵਧਣ ਕਾਰਨ ਸ੍ਰੀ ਢੀਂਡਸਾ ਨੂੰ ਮੁਹਾਲੀ ਦੇ ਫੋਰਟਿਸ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਸੀ ਪਰੰਤੂ ਉਹ ਇਸ ਬਿਮਾਰੀ ਤੋਂ ਉਭਰ ਨਹੀਂ ਸਕੇ ਅਤੇ 89 ਸਾਲ ਦੀ ਉਮਰ ਵਿੱਚ ਸਦੀਵੀ ਵਿਛੋੜਾ ਦੇ ਗਏ। ਅਕਾਲੀ ਸਿਆਸਤ ’ਚ ਨਿਭਾਈਆਂ ਸੇਵਾਵਾਂ ਬਦਲੇ ਸ੍ਰੀ ਢੀਂਡਸਾ ਹਮੇਸ਼ਾ ਲੋਕ ਮਨਾਂ ਵਿੱਚ ਵਸੇ ਰਹਿਣਗੇ। ਉਹ ਆਪਣੇ ਪਿੱਛੇ ਪਤਨੀ, ਦੋ ਧੀਆਂ ਅਤੇ ਇੱਕ ਪੁੱਤਰ ਪਰਮਿੰਦਰ ਸਿੰਘ ਢੀਂਡਸਾ ਛੱਡ ਗਏ ਹਨ।