Pahalgam terror attack: ਦਹਿਸ਼ਤੀ ਹਮਲੇ ਦੇ ਸਾਜ਼ਿਸ਼ਘਾੜਿਆਂ ਨੂੰ ਮੂੰਹ ਤੋੜ ਜਵਾਬ ਦੇਵਾਂਗੇ: ਰਾਜਨਾਥ
ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਕਿਹਾ ਹੈ ਕਿ ਕਸ਼ਮੀਰ ਦੇ ਪਹਿਲਗਾਮ ਦਹਿਸ਼ਤੀ ਹਮਲੇ ਦੇ ਸਾਜ਼ਿਸ਼ਘਾੜਿਆਂ ਨੂੰ ਨੇੜਲੇ ਭਵਿੱਖ ’ਚ ਮੂੰਹ-ਤੋੜ ਜਵਾਬ ਦਿੱਤਾ ਜਾਵੇਗਾ। ਉਨ੍ਹਾਂ ਕਿਹਾ ਕਿ ਅਜਿਹੀਆਂ ਦਹਿਸ਼ਤੀ ਕਾਰਵਾਈਆਂ ਨਾਲ ਭਾਰਤ ਨੂੰ ਡਰਾਇਆ ਨਹੀਂ ਜਾ ਸਕਦਾ ਹੈ।
ਰੱਖਿਆ ਮੰਤਰੀ ਨੇ ਤਿੰਨੋਂ ਫ਼ੌਜਾਂ ਦੇ ਮੁਖੀਆਂ ਅਤੇ ਹੋਰ ਅਧਿਕਾਰੀਆਂ ਨਾਲ ਗੱਲਬਾਤ ਕਰਕੇ ਜੰਮੂ ਕਸ਼ਮੀਰ ਦੇ ਹਾਲਾਤ ਦਾ ਜਾਇਜ਼ਾ ਲੈਂਦਿਆਂ ਫੌਜ ਨੂੰ ਤਿਆਰ ਰਹਿਣ ਦੇ ਨਿਰਦੇਸ਼ ਦਿੱਤੇ। ਇੱਥੇ ਇੱਕ ਪ੍ਰੋਗਰਾਮ ਦੌਰਾਨ ਰਾਜਨਾਥ ਸਿੰਘ ਨੇ ਕਿਹਾ, ‘‘ਇਸ ਮੰਚ ਤੋਂ ਮੈਂ ਦੇਸ਼ਵਾਸੀਆਂ ਨੂੰ ਭਰੋਸਾ ਦੇਣਾ ਚਾਹੁੰਦਾ ਹਾਂ ਕਿ ਭਾਰਤ ਸਰਕਾਰ ਹਰੇਕ ਜ਼ਰੂਰੀ ਅਤੇ ਢੁੱਕਵਾਂ ਕਦਮ ਚੁੱਕੇਗੀ। ਅਸੀਂ ਦਹਿਸ਼ਤੀ ਹਮਲੇ ਦੇ ਨਾ ਸਿਰਫ਼ ਸਾਜ਼ਿਸ਼ਘਾੜਿਆਂ ਨੂੰ ਲੱਭਾਂਗੇ ਸਗੋਂ ਪਰਦੇ ਪਿੱਛੇ ਇਸ ਘਟਨਾ ਨੂੰ ਅੰਜਾਮ ਦੇਣ ਵਾਲਿਆਂ ਤੱਕ ਵੀ ਪਹੁੰਚ ਬਣਾਵਾਂਗੇ, ਜਿਨ੍ਹਾਂ ਭਾਰਤ ਦੀ ਧਰਤੀ ’ਤੇ ਹਮਲੇ ਦੀ ਨਾਪਾਕ ਸਾਜ਼ਿਸ਼ ਘੜੀ ਹੈ।’’
ਰੱਖਿਆ ਮੰਤਰੀ ਨੇ ਪਹਿਲਗਾਮ ਹਮਲੇ ਨੂੰ ਅਤਿ-ਅਣਮਨੁੱਖੀ ਕਾਰਾ ਕਰਾਰ ਦਿੰਦਿਆਂ ਕਿਹਾ ਕਿ ਅਤਿਵਾਦ ਖ਼ਿਲਾਫ਼ ਭਾਰਤ ਦੀ ਨਾ-ਸਹਿਣਯੋਗ ਨੀਤੀ ਹੈ। ਇਸ ਦੌਰਾਨ ਰੱਖਿਆ ਮੰਤਰੀ ਨੇ ਜੰਮੂ ਕਸ਼ਮੀਰ ਦੇ ਸੁਰੱਖਿਆ ਹਾਲਾਤ ਦੀ ਨਜ਼ਰਸਾਨੀ ਕੀਤੀ।
ਸੂਤਰਾਂ ਨੇ ਕਿਹਾ ਕਿ ਕਰੀਬ ਢਾਈ ਘੰਟੇ ਤੱਕ ਚਲੀ ਮੀਟਿੰਗ ’ਚ ਕੌਮੀ ਸੁਰੱਖਿਆ ਸਲਾਹਕਾਰ (ਐੱਨਐੱਸਏ) ਅਜੀਤ ਡੋਵਾਲ, ਚੀਫ ਆਫ ਡਿਫੈਂਸ ਸਟਾਫ਼ ਜਨਰਲ ਅਨਿਲ ਚੌਹਾਨ, ਥਲ ਸੈਨਾ ਮੁਖੀ ਜਨਰਲ ਉਪੇਂਦਰ ਦਿਵੇਦੀ, ਜਲ ਸੈਨਾ ਮੁਖੀ ਐਡਮਿਰਲ ਦਿਨੇਸ਼ ਕੇ ਤ੍ਰਿਪਾਠੀ, ਹਵਾਈ ਸੈਨਾ ਮੁਖੀ ਮਾਰਸ਼ਲ ਏ ਕੇ ਸਿੰਘ, ਰੱਖਿਆ ਸਕੱਤਰ ਰਾਜੇਸ਼ ਕੁਮਾਰ ਸਿੰਘ ਅਤੇ ਫੌਜੀ ਆਪਰੇਸ਼ਨਾਂ ਬਾਰੇ ਡਾਇਰੈਕਟਰ ਜਨਰਲ ਲੈਫ਼ਟੀਨੈਂਟ ਜਨਰਲ ਰਾਜੀਵ ਘਈ ਵੀ ਹਾਜ਼ਰ ਸਨ।
ਸੂਤਰਾਂ ਨੇ ਕਿਹਾ ਕਿ ਮੀਟਿੰਗ ਦੌਰਾਨ ਹਮਲੇ ਮਗਰੋਂ ਪੈਦਾ ਹੋਏ ਹਾਲਾਤ ਦੇ ਸਾਰੇ ਸੰਭਾਵੀ ਪੱਖਾਂ ਬਾਰੇ ਵਿਚਾਰ ਵਟਾਂਦਰਾ ਕੀਤਾ ਗਿਆ। ਜਾਣਕਾਰੀ ਮੁਤਾਬਕ ਰਾਜਨਾਥ ਸਿੰਘ ਨੇ ਫੌਜ ਨੂੰ ਤਿਆਰ ਰਹਿਣ ਦੇ ਨਿਰਦੇਸ਼ ਦਿੱਤੇ ਹਨ। ਮੀਟਿੰਗ ਦੌਰਾਨ ਥਲ ਸੈਨਾ ਮੁਖੀ ਜਨਰਲ ਦਿਵੇਦੀ ਨੇ ਫੌਜ ਦੀ ਤਾਇਨਾਤੀ ਸਮੇਤ ਜੰਮੂ ਕਸ਼ਮੀਰ ਦੇ ਸੁਰੱਖਿਆ ਹਾਲਾਤ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੱਤੀ। -ਪੀਟੀਆਈ
ਉਮਰ ਅਬਦੁੱਲਾ ਨੇ ਵੀ ਸੱਦੀ ਮੀਟਿੰਗ
Jammu and Kashmir Chief Minister Omar Abdullah has also called for an all-party meeting
ਜੰਮੂ ਕਸ਼ਮੀਰ ਦੇ ਪਹਿਲਗਾਮ ਵਿੱਚ ਹੋਏ ਅਤਿਵਾਦੀ ਹਮਲੇ ਤੋਂ ਬਾਅਦ ਕੇਂਦਰ ਸਰਕਾਰ 24 ਅਪਰੈਲ ਨੂੰ ਇੱਕ ਸਰਬ-ਪਾਰਟੀ ਮੀਟਿੰਗ ਬੁਲਾ ਸਕਦੀ ਹੈ। ਸੂਤਰਾਂ ਅਨੁਸਾਰ ਰੱਖਿਆ ਮੰਤਰੀ ਰਾਜਨਾਥ ਸਿੰਘ ਮੀਟਿੰਗ ਦੀ ਪ੍ਰਧਾਨਗੀ ਕਰਨਗੇ।
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਸੁਰੱਖਿਆ ਬਾਰੇ ਕੈਬਨਿਟ ਕਮੇਟੀ (ਸੀਸੀਐੱਸ) ਦੀ ਮੀਟਿੰਗ ਦੀ ਪ੍ਰਧਾਨਗੀ ਕੀਤੀ, ਜੋ ਦੋ ਘੰਟਿਆਂ ਤੋਂ ਵੱਧ ਚੱਲੀ।ਪ੍ਰਧਾਨ ਮੰਤਰੀ ਮੋਦੀ ਨੇ ਐਕਸ ’ਤੇ ਇੱਕ ਪੋਸਟ ਵਿੱਚ ਕਿਹਾ, ‘‘ਪਹਿਲਗਾਮ ਵਿੱਚ ਹੋਏ ਅਤਿਵਾਦੀ ਹਮਲੇ ਦੇ ਮੱਦੇਨਜ਼ਰ, 7 ਲੋਕ ਕਲਿਆਣ ਮਾਰਗ ਵਿਖੇ ਸੀਸੀਐੱਸ ਦੀ ਇੱਕ ਮੀਟਿੰਗ ਦੀ ਪ੍ਰਧਾਨਗੀ ਕੀਤੀ।’’
ਜੰਮੂ ਕਸ਼ਮੀਰ ਦੇ ਮੁੱਖ ਮੰਤਰੀ ਉਮਰ ਅਬਦੁੱਲਾ ਨੇ ਵੀ ਘਾਟੀ ਵਿੱਚ ਪਹਿਲਗਾਮ ਅਤਿਵਾਦੀ ਹਮਲੇ ਤੋਂ ਬਾਅਦ 24 ਅਪਰੈਲ ਨੂੰ ਇੱਕ ਸਰਬ-ਪਾਰਟੀ ਮੀਟਿੰਗ ਬੁਲਾਈ ਹੈ।
ਮੁੱਖ ਮੰਤਰੀ ਅਬਦੁੱਲਾ ਦੁਆਰਾ ਜਾਰੀ ਕੀਤੇ ਗਏ ਸੱਦਾ ਪੱਤਰ ਅਨੁਸਾਰ ਮੀਟਿੰਗ ਸ਼੍ਰੀਨਗਰ ਦੇ ਸ਼ੇਰ-ਏ-ਕਸ਼ਮੀਰ ਇੰਟਰਨੈਸ਼ਨਲ ਕਾਨਫਰੰਸ ਸੈਂਟਰ (SKICC) ਵਿਖੇ ਦੁਪਹਿਰ 3 ਵਜੇ ਹੋਵੇਗੀ।