ਪਰਿਵਾਰ ਵਿਛੋੜਾ ਸਾਹਿਬ ਨੇੜੇ ਅੰਡਰਪਾਸ ਵਿੱਚ ਭਰ ਜਾਂਦਾ ਹੈ ਮੀਂਹ ਦਾ ਪਾਣੀ
ਜਗਮੋਹਨ ਸਿੰਘ
ਰੂਪਨਗਰ/ਘਨੌਲੀ, 4 ਜੂਨ
ਇਤਿਹਾਸਿਕ ਗੁਰਦੁਆਰਾ ਸ੍ਰੀ ਪਰਿਵਾਰ ਵਿਛੋੜਾ ਸਾਹਿਬ ਨੇੜੇ ਪਿੰਡ ਸਰਸਾ ਨੰਗਲ ਤੋਂ ਮਾਜਰੀ ਗੁੱਜਰਾਂ ਆਦਿ ਪਿੰਡਾਂ ਵੱਲ ਨੂੰ ਜਾਂਦੀ ਲਿੰਕ ਸੜਕ ਤੇ ਰੇਲਵੇ ਵਿਭਾਗ ਵੱਲੋਂ ਫਾਟਕ 52ਬੀ ਬੰਦ ਕਰਨ ਉਪਰੰਤ ਬਣਾਏ ਅੰਡਰਪਾਸ ਨੇ ਲੋਕਾਂ ਦੀਆਂ ਮੁਸ਼ਕਲਾਂ ਵਧਾ ਦਿੱਤੀਆਂ ਹਨ। ਇਸ ਅੰਡਰਪਾਸ ਦੇ ਪਾਣੀ ਦੀ ਕਰਾਸਿੰਗ ਲਈ ਬਣਾਏ ਨਾਲੇ ਵਿੱਚ ਥੋੜ੍ਹਾ ਜਿਹਾ ਮੀਂਹ ਪੈਣ ਨਾਲ ਹੀ ਪਾਣੀ ਭਰ ਜਾਂਦਾ ਹੈ, ਜਿਹੜਾ ਕਿ ਨਿਕਾਸੀ ਨਾ ਹੋਣ ਕਾਰਨ ਲੰਬੇ ਸਮੇਂ ਤੱਕ ਖੜ੍ਹਾ ਰਹਿੰਦਾ ਹੈ।
ਪਿੰਡ ਅਵਾਨਕੋਟ ਦੇ ਸਰਪੰਚ ਰਣਜੀਤ ਸਿੰਘ, ਸਮਾਜ ਸੇਵੀ ਗੁਰਵਿੰਦਰ ਸਿੰਘ ਗਰੈਤਾ, ਪਿੰਡ ਆਸਪੁਰ ਦੇ ਸਰਪੰਚ ਰਣਬੀਰ ਸਿੰਘ, ਨੰਗਲ ਸਰਸਾ ਦੇ ਸਰਪੰਚ ਤੇਜਾ ਸਿੰਘ, ਸਾਬਕਾ ਪੰਚ ਚਰਨਜੀਤ ਸਿੰਘ ਰਿੰਕੂ ਆਦਿ ਨੇ ਦੱਸਿਆ ਕਿ ਅੰਡਰਪਾਸ ਦੀ ਸੱਜੇ ਪਾਸੇ ਵਾਲੀ ਲਾਈਨ ਵਿੱਚ ਪਾਣੀ ਏਨਾ ਜ਼ਿਆਦਾ ਖੜ੍ਹ ਜਾਂਦਾ ਹੈ ਕਿ ਲੋਕਾਂ ਨੂੰ ਆਪਣੇ ਵਾਹਨ ਗ਼ਲਤ ਦਿਸ਼ਾ ਵਿੱਚ ਲਿਜਾ ਕੇ ਖੱਬੇ ਪਾਸੇ ਵਾਲੀ ਲਾਈਨ ਵਿੱਚੋਂ ਕੱਢਣੇ ਪੈਂਦੇ ਹਨ। ਉਨ੍ਹਾਂ ਕਿਹਾ ਕਿ ਅੰਡਰਪਾਸ ਦੇ ਪਾਣੀ ਦੇ ਨਿਕਾਸ ਲਈ ਜਿਹੜਾ ਨਾਲਾ ਬਣਾਇਆ ਗਿਆ ਹੈ, ਉਸ ਨਾਲੇ ਨੂੰ ਢਕਣ ਲਈ ਰੱਖੀਆਂ ਗਈਆਂ ਲੋਹੇ ਦੀਆਂ ਜਾਲੀਆਂ ਟੁੱਟ ਚੁੱਕੀਆਂ ਹਨ ਤੇ ਹਾਦਸਿਆਂ ਵਾਪਰ ਸਕਦਾ ਹੈ।
ਉਨ੍ਹਾਂ ਮੰਗ ਕੀਤੀ ਕਿ ਬਰਸਾਤ ਦੇ ਮੌਸਮ ਤੋਂ ਪਹਿਲਾਂ ਅੰਡਰਪਾਸ ਦੇ ਪਾਣੀ ਦੀ ਨਿਕਾਸੀ ਦਾ ਪੱਕਾ ਪ੍ਰਬੰਧ ਕੀਤਾ ਜਾਵੇ ਤੇ ਨਾਲੇ ਨੂੰ ਢਕਣ ਲਈ ਮਜ਼ਬੂਤ ਜਾਲੀਆਂ ਲਗਾਈਆਂ ਜਾਣ। ਜਦੋਂ ਇਸ ਸਬੰਧੀ ਰੇਲਵੇ ਵਿਭਾਗ ਦੇ ਆਈ.ਓ.ਡਬਿਲਊ ਸੰਜੀਵ ਸਿੰਘ ਚੌਹਾਨ ਨਾਲ ਸੰਪਰਕ ਕੀਤਾ ਤਾਂ ਉਨ੍ਹਾਂ ਕਿਹਾ ਕਿ ਉਨ੍ਹਾਂ ਦੀ ਹਾਲੇ ਇੱਕ ਦੋ ਦਿਨ ਪਹਿਲਾਂ ਹੀ ਇੱਥੇ ਨਿਯੁਕਤੀ ਹੋਈ ਹੈ ਤੇ ਉਹ ਕੱਲ੍ਹ ਨੂੰ ਹੀ ਅੰਡਰਪਾਸ ਦਾ ਦੌਰਾ ਕਰਨਗੇ। ਉਨ੍ਹਾਂ ਭਰੋਸਾ ਦਿੱਤਾ ਕਿ ਬਰਸਾਤ ਤੋਂ ਪਹਿਲਾਂ ਸਮੱਸਿਆ ਦਾ ਹੱਲ ਕਰ ਦਿੱਤਾ ਜਾਵੇਗਾ।