ਮਜ਼ਦੂਰ ਤਪਦੀ ਦੁਪਹਿਰੇ ਝੋਨਾ ਲਾਉਣ ਲਈ ਮਜਬੂਰ
ਚਮਕੌਰ ਸਾਹਿਬ, 12 ਜੂਨ
ਪਿਛਲੇ ਦਿਨਾਂ ਤੋਂ ਪੈ ਰਹੀ ਕੜਕਦੀ ਧੁੱਪ ਦੇ ਬਾਵਜੂਦ ਇਲਾਕੇ ਵਿੱਚ ਝੋਨਾ ਲਾਉਣ ਦਾ ਕੰਮ ਸ਼ੁਰੂ ਹੋ ਗਿਆ ਹੈ , ਉੱਥੇ ਹੀ ਮਜ਼ਦੂਰ ਅੰਤਾਂ ਦੀ ਪੈ ਰਹੀ ਗਰਮੀ ਵਿੱਚ ਝੋਨਾ ਲਾਉਣ ਲਈ ਮਜਬੂਰ ਹੋ ਰਹੇ ਹਨ। ਜ਼ਿਕਰਯੋਗ ਹੈ ਕਿ ਪਿਛਲੇ ਕੁੱਝ ਦਿਨਾਂ ਤੋਂ ਪੰਜਾਬ ਵਿੱਚ ਦਿਨ ਦਾ ਤਾਪਮਾਨ 45 ਡਿਗਰੀ ਨੂੰ ਪਾਰ ਕਰ ਗਿਆ ਹੈ,ਜਿਸ ਕਾਰਨ ਗਰਮੀ ਦਾ ਕਹਿਰ ਵਰਤ ਰਿਹਾ ਹੈ। ਅਤਿ ਦੀ ਗਰਮੀ ਤੋਂ ਬਚਣ ਲਈ ਡਾਕਟਰ ਆਮ ਲੋਕਾਂ ਨੂੰ ਦੁਪਹਿਰ ਸਮੇਂ ਬਾਹਰ ਨਿਕਲਣ ਦੀ ਥਾਂ ਘਰਾਂ ਵਿੱਚ ਰਹਿਣ ਲਈ ਸਲਾਹ ਦੇ ਰਹੇ ਹਨ। ਕਿਸਾਨ ਆਗੂ ਭਾਈ ਪਰਮਿੰਦਰ ਸਿੰਘ ਸੇਖੋਂ ਅਤੇ ਬਲਦੇਵ ਸਿੰਘ ਹਾਫਿਜ਼ਾਬਾਦ ਆਦਿ ਕਿਸਾਨਾਂ ਦੀ ਦਲੀਲ ਹੈ ਕਿ ਜੇਕਰ ਇਨ੍ਹਾਂ ਦਿਨਾਂ ਵਿੱਚ ਝੋਨਾ ਨਾ ਲਗਾਇਆ ਤਾਂ ਫ਼ਸਲ ਸਮੇਂ ਸਿਰ ਨਾ ਪੱਕਣ ਕਾਰਨ ਮੰਡੀਆਂ ਵਿੱਚ ਵੇਚਣ ਸਮੇਂ ਸਮੱਸਿਆ ਆ ਜਾਂਦੀ ਹੈ ਅਤੇ ਝੋਨੇ ਦਾ ਝਾੜ ਵੀ ਘੱਟ ਜਾਂਦਾ ਹੈ। ਇਸੇ ਮਜਬੂਰੀ ਵੱਸ ਕਿਸਾਨਾਂ ਨੂੰ ਕਹਿਰ ਦੀ ਗਰਮੀ ਦੇ ਬਾਵਜੂਦ ਝੋਨਾ ਲਾਉਣਾ ਪੈ ਰਿਹਾ ਹੈ। ਉਪਰੋਂ ਮੀਂਹ ਨਾ ਪੈਣ ਕਾਰਨ ਕਿਸਾਨਾਂ ਨੂੰ ਮੋਟਰਾਂ ਦੇ ਪਾਣੀ ਅਤੇ ਮਹਿੰਗੇ ਭਾਅ ਦਾ ਡੀਜ਼ਲ ਫੂਕ ਕੇ ਇੰਜਣਾਂ ਰਾਹੀ ਖੇਤਾਂ ਵਿੱਚ ਪਾਣੀ ਲਾਉਣਾ ਪੈ ਰਿਹਾ ਹੈ।
ਪਿੰਡ ਫਿਰੋਜ਼ਪੁਰ, ਮੁਜਾਫਤ, ਭਲਿਆਣ, ਸੰਧੂਆਂ ਅਤੇ ਸੈਦਪੁਰ ਦੇ ਖੇਤਾਂ ਵਿੱਚ ਝੋਨਾ ਲਗਾ ਰਹੇ ਮਜ਼ਦੂਰਾਂ ਦੀ ਵਿਥਿਆ ਵੀ ਇਹੋ ਬਿਆਨ ਕਰ ਰਹੀ ਸੀ ਕਿ ਅਤਿ ਦੀ ਗਰਮੀ ਵਿੱਚ ਭਾਵੇਂ ਉਨ੍ਹਾਂ ਦਾ ਸਰੀਰ ਵੀ ਅਰਾਮ ਕਰਨ ਨੂੰ ਕਹਿੰਦਾ ਹੈ ਪਰ ਘਰ ਦੀਆਂ ਮਜਬੂਰੀਆਂ ਵੱਸ ਉਨ੍ਹਾਂ ਨੂੰ ਸੂਰਜ ਦੀ ਤਪਸ਼ ਅਤੇ ਖੇਤਾਂ ਦੇ ਗਰਮ ਪਾਣੀ ਵਿੱਚ ਝੋਨਾ ਲਾਉਣ ਲਈ ਮਜਬੂਰ ਹੋਣਾ ਪੈ ਰਿਹਾ ਹੈ । ਦੂਜੇ ਪਾਸੇ ਗਰਮੀ ਦੇ ਕਹਿਰ ਕਾਰਨ ਇੱਥੋਂ ਦੇ ਬਾਜ਼ਾਰਾਂ ਵਿੱਚ ਵੀ ਦੁਕਾਨਦਾਰ ਦੁਪਹਿਰ ਸਮੇਂ ਵਿਹਲੇ ਬੈਠੇ ਰਹਿੰਦੇ ਹਨ। ਉਨ੍ਹਾਂ ਦੱਸਿਆ ਕਿ ਖਰੀਦੋ-ਫਰੋਖਤ ਕਰਨ ਵਾਲੇ ਗਾਹਕ ਤਾਂ ਹੁਣ ਸ਼ਾਮ ਨੂੰ ਹੀ ਨਿਕਲਦੇ ਹਨ , ਕਿਉਂਕਿ ਸਵੇਰ ਤੋਂ ਹੀ ਗਰਮੀ ਪੂਰੇ ਜ਼ੋਰਾਂ ’ਤੇ ਸ਼ੁਰੂ ਹੋ ਜਾਂਦੀ ਹੈ, ਜਿਸ ਕਾਰਨ ਗਾਹਕ ਘਰਾਂ ਵਿੱਚੋਂ ਨਿਕਲਦੇ ਹੀ ਨਹੀਂ।