ਬੁਟੇਰਲਾ ’ਚ ਕਈ ਘੰਟੇ ਬਿਜਲੀ ਸਪਲਾਈ ਠੱਪ
ਚੰਡੀਗੜ੍ਹ, 12 ਜੂਨ
ਪਿੰਡ ਬੁਟੇਰਲਾ ਵਿੱਚ ਬੀਤੀ ਰਾਤ ਕਈ ਘੰਟੇ ਬਿਜਲੀ ਬੰਦ ਰਹਿਣ ਕਰਕੇ ਲੋਕਾਂ ਨੂੰ ਪ੍ਰੇਸ਼ਾਨ ਕਰ ਕੇ ਰੱਖ ਦਿੱਤਾ ਅਤੇ ਪੂਰੀ ਰਾਤ ਬੱਚੇ, ਬਜ਼ੁਰਗ ਪ੍ਰੇਸ਼ਾਨ ਹੁੰਦੇ ਰਹੇ। ਵਾਰਡ ਨੰਬਰ 30 ਤੋਂ ਨਿਗਮ ਕੌਂਸਲਰ ਹਰਦੀਪ ਸਿੰਘ ਬੁਟੇਰਲਾ ਨੇ ਚੰਡੀਗੜ੍ਹ ਦੇ ਪ੍ਰਸ਼ਾਸਕ ਗੁਲਾਬ ਚੰਦ ਕਟਾਰੀਆ ਨੂੰ ਲਿਖਤੀ ਪੱਤਰ ਭੇਜ ਕੇ ਇਸ ਸਮੱਸਿਆ ਤੋਂ ਜਾਣੂ ਕਰਵਾਇਆ ਹੈ। ਕੌਂਸਲਰ ਬੁਟੇਰਲਾ ਨੇ ਦੱਸਿਆ ਕਿ ਅਤਿ ਦੀ ਗਰਮੀ ’ਚ 11 ਅਤੇ 12 ਜੂਨ ਦੀ ਅੱਧੀ ਰਾਤ ਨੂੰ ਅਚਾਨਕ ਠੱਪ ਹੋਈ ਬਿਜਲੀ ਸਪਲਾਈ ਚਾਲੂ ਕਰਵਾਉਣ ਲਈ ਉਨ੍ਹਾਂ ਨੇ ਸਬੰਧਿਤ ਜੂਨੀਅਰ ਇੰਜਨੀਅਰ, ਐੱਸਡੀਓ ਨੂੰ ਵੀ ਫੋਨ ਕਰਨ ਦੀ ਕੋਸ਼ਿਸ਼ ਕੀਤੀ ਪਰ ਕੋਈ ਵੀ ਉਪਲਬਧ ਨਾ ਹੋ ਸਕਿਆ।
ਉਨ੍ਹਾਂ ਕਿਹਾ ਕਿ ਇਹ ਸਮੱਸਿਆ ਬਿਜਲੀ ਵਿਭਾਗ ਦਾ ਨਿੱਜੀਕਰਨ ਹੋਣ ਉਪਰੰਤ ਹੀ ਆਈ ਹੈ ਕਿਉਂਕਿ ਪ੍ਰਾਈਵੇਟ ਕੰਪਨੀ ਦੇ ਅਧਿਕਾਰੀ ਅਤੇ ਕਰਮਚਾਰੀਆਂ ਨੂੰ ਲੋਕ ਸਮੱਸਿਆਵਾਂ ਨਾਲ ਕੋਈ ਲੈਣਾ-ਦੇਣਾ ਨਹੀਂ। ਇਸ ਤੋਂ ਪਹਿਲਾਂ ਸਰਕਾਰੀ ਅਧਿਕਾਰੀ ਅਤੇ ਕਰਮਚਾਰੀ ਆਪਣੀ ਡਿਊਟੀ ’ਤੇ ਪੱਕੇ ਤਾਇਨਾਤ ਰਹਿੰਦੇ ਸਨ ਅਤੇ ਉਨ੍ਹਾਂ ਤੱਕ ਆਮ ਲੋਕਾਂ ਦੀ ਪਹੁੰਚ ਅਸਾਨ ਸੀ। ਚੰਡੀਗੜ੍ਹ ਬਿਜਲੀ ਵਿਭਾਗ ਵਸਨੀਕਾਂ ਦੀ ਪੂਰੀ ਸੰਤੁਸ਼ਟੀ ਅਨੁਸਾਰ ਆਪਣੇ ਫਰਜ਼ ਨਿਭਾ ਰਿਹਾ ਸੀ ਅਤੇ ਵੱਡਾ ਮੁਨਾਫਾ ਕਮਾ ਰਿਹਾ ਸੀ। ਹੁਣ ਪ੍ਰਾਈਵੇਟ ਕੰਪਨੀ ਨੇ ਗਰਮੀ ਦੇ ਪਹਿਲੇ ਹੀ ਸੀਜਨ ਵਿੱਚ ਆਪਣਾ ਕਰੂਪ ਚਿਹਰਾ ਦਿਖਾ ਦਿੱਤਾ ਹੈ। ਇਹ ਪਹਿਲੀ ਵਾਰ ਸੀ ਜਦੋਂ ਵਿਭਾਗ ਦੇ ਕਿਸੇ ਵੀ ਮੈਂਬਰ ਨੇ ਪਿੰਡ ਬੁਟੇਰਲਾ ਵਿੱਚ ਬਿਜਲੀ ਸਪਲਾਈ ਠੱਪ ਹੋਣ ਦੇ ਬਾਵਜੂਦ ਲੋਕਾਸ਼ ਦੀਆਂ ਬੇਨਤੀਆਂ ਵੱਲ ਧਿਆਨ ਨਹੀਂ ਦਿੱਤਾ। ਕੌਂਸਲਰ ਬੁਟੇਰਲਾ ਨੇ ਕਿਹਾ ਕਿ ਚੰਡੀਗੜ੍ਹ ਦੇ ਬਿਜਲੀ ਵਿਭਾਗ ਦਾ ਨਿੱਜੀਕਰਨ ਕਰਕੇ ਭਾਜਪਾ ਸਰਕਾਰ ਨੇ ਆਪਣੇ ਚਹੇਤਿਆਂ ਨੂੰ ਤਾਂ ਖੁਸ਼ ਕਰ ਲਿਆ ਹੈ ਪਰ ਇਸਦੇ ਉਲਟ ਚੰਡੀਗੜ੍ਹ ਵਾਸੀਆਂ ਨਾਲ ਧੋਖਾ ਕੀਤਾ ਹੈ। ਬੁਟੇਰਲਾ ਨੇ ਕਿਹਾ ਕਿ ਅਜਿਹੀਆਂ ਲੋਕ ਵਿਰੋਧੀ ਨੀਤੀਆਂ ਕਰਕੇ ਹੀ ਚੰਡੀਗੜ੍ਹ ਦੇ ਲੋਕ ਆਉਣ ਵਾਲੀਆਂ ਚੋਣਾਂ ਵਿੱਚ ਭਾਜਪਾ ਨੂੰ ਸਬਕ ਸਿਖਾਉਣਗੇ।